12 ਅਤੇ 14 ਦਸੰਬਰ ਦੇ ਸੰਘਰਸ਼ ‘ਚ ਹਿੱਸਾ ਲਵੇਗੀ ਲੋਕ ਇਨਸਾਫ਼ ਪਾਰਟੀ- ਬੈਂਸ

0
327

ਲੁਧਿਆਣਾ, 11 ਦਸੰਬਰ (TLT)- ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੋਕ ਇਨਸਾਫ਼ ਪਾਰਟੀ ਕਿਸਾਨ ਸੰਘਰਸ਼ ਕਮੇਟੀ ਦੇ ਹਰ ਪ੍ਰੋਗਰਾਮ ‘ਚ ਹਿੱਸਾ ਲਵੇਗੀ। ਬੈਂਸ ਨੇ ਕਿਹਾ ਕਿ ਕਿਸਾਨਾਂ ਦੇ ਸੰਘਰਸ਼ ਨੇ ਦੇਸ਼ ਦੀ ਸਰਕਾਰ ਨੂੰ ਝੁਕਾ ਦਿੱਤਾ ਹੈ। ਉਨ੍ਹਾਂ ਕਿਹਾ ਕਿ 12 ਦਸੰਬਰ ਨੂੰ ਟੋਲ ਪਲਾਜ਼ੇ ਬੰਦ ਕਰਨ ਦੀ ਮੁਹਿੰਮ ‘ਚ ਹਿੱਸਾ ਲਵਾਂਗੇ ਅਤੇ ਪਾਰਟੀ ਆਗੂ ਤੇ ਵਰਕਰ ਦਿੱਲੀ-ਜੈਪੁਰ ਹਾਈਵੇਅ ਨੂੰ ਬੰਦ ਕਰਨ ਲਈ ਜਾਣਗੇ। ਉਨ੍ਹਾਂ ਕਿਹਾ ਕਿ ਹਰ ਪਰਿਵਾਰ ‘ਚੋਂ ਇਕ ਵਿਅਕਤੀ ਨੂੰ ਜ਼ਰੂਰ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ 14 ਦਸੰਬਰ ਨੂੰ ਪੰਜਾਬ ਦੇ ਹਰ ਜ਼ਿਲ੍ਹੇ ‘ਚ ਧਰਨੇ ‘ਚ ਵੀ ਪਾਰਟੀ ਹਿੱਸਾ ਲਵੇਗੀ। ਬੈਂਸ ਨੇ ਸਿੰਘੂ ਸਰਹੱਦ ਦਾ ਨਾਮ ਸਿੰਘ ਸਰਹੱਦ ਰੱਖਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਲੋਕ ਇਨਸਾਫ਼ ਪਾਰਟੀ ਕਿਸਾਨ ਸੰਘਰਸ਼ ਕਮੇਟੀ ਦੇ ਹਰ ਹੁਕਮ ਨੂੰ ਮੰਨ ਕੇ ਹੀ ਸੰਘਰਸ਼ ਕਰੇਗੀ। ਬੈਂਸ ਨੇ ਕਿਹਾ ਕਿ ਕਿਸਾਨਾਂ ਵਲੋਂ ਦਿੱਲੀ ਸਰਹੱਦਾਂ ‘ਤੇ ਦਿੱਤੇ ਜਾ ਰਹੇ ਅੰਦੋਲਨ ‘ਚ ਜੋ ਜੋਸ਼ ਅਤੇ ਜਜ਼ਬਾ ਹੈ, ਉਸ ਨੂੰ ਬਿਆਨ ਕਰਨਾ ਮੁਸ਼ਕਲ ਹੈ। ਇਸ ਮੌਕੇ ਬਲਦੇਵ ਸਿੰਘ ਜਥੇਬੰਦਕ ਸਕੱਤਰ, ਗਗਨਦੀਪ ਸਿੰਘ ਸੰਨੀ ਕੈਂਥ ਮੁੱਖ ਬੁਲਾਰਾ, ਗੁਰਜੋਧ ਸਿੰਘ ਗਿੱਲ ਹਲਕਾ ਇੰਚਾਰਜ ਲੁਧਿਆਣਾ ਪੂਰਬੀ, ਪ੍ਰਦੀਪ ਸ਼ਰਮਾ ਗੋਗੀ, ਮਨਿੰਦਰ ਮਨੀ ਆਦਿ ਹਾਜ਼ਰ ਸਨ।