ਡੀਸੀ ਵੱਲੋਂ ਮਹਾਂਮਾਰੀ ਖਿਲਾਫ਼ ਜੰਗ ਵਿੱਚ ਦਿਖਾਈ ਹਿੰਮਤ ਅਤੇ ਹੌਸਲੇ ਲਈ 46 ਫਰੰਟ ਲਾਈਨ ਯੋਧੇ ਸਨਮਾਨਿਤ

0
95

ਮਿਸਾਲੀ ਦਿਲੇਰੀ ਅਤੇ ਦ੍ਰਿੜਤਾ ਲਈ ਯੋਧਿਆਂ ਦੀ ਕੀਤੀ ਸ਼ਲਾਘਾ
ਉਪਰਾਲੇ ਲਈ ਸੀਟੀ ਗਰੁੱਪ ਆਫ਼ ਇੰਸਟੀਚਿਊਟਸ ਨੂੰ ਸਲਾਹਿਆ
ਜਲੰਧਰ, 11 ਦਸੰਬਰ(ਰਮੇਸ਼ ਗਾਬਾ)
ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਅੱਜ 46 ਫਰੰਟ ਲਾਈਨ ਯੋਧਿਆਂ ਅਤੇ ਉਨ੍ਹਾਂ ਦੀਆਂ ਟੀਮਾਂ ਨੂੰ ਕੋਵਿਡ ਮਹਾਂਮਾਰੀ ਖਿਲਾਫ਼ ਜੰਗ ਵਿੱਚ ਦਿਖਾਈ ਹਿੰਮਤ ਅਤੇ ਹੌਸਲੇ ਲਈ ਸਨਮਾਨਿਤ ਕੀਤਾ।
ਸੀਟੀ ਗਰੁੱਪ ਵੱਲੋਂ ਆਯੋਜਿਤ ਇਕ ਪ੍ਰੋਗਰਾਮ ‘ਆਭਾਰ’ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਕੋਵਿਡ-19 ਮਹਾਂਮਾਰੀ ਦੌਰਾਨ ਸਮਾਜ ਦੀ ਮਿਸਾਲੀ ਸੇਵਾ ਲਈ ਯੋਧਿਆਂ ਦੀ ਪਿੱਠ ਥਾਪੜੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਨ੍ਹਾਂ ਯੋਧਿਆਂ ਵੱਲੋਂ ਦਿਖਾਇਆ ਸਿਰੜ ਹੋਰਨਾਂ ਲਈ ਇੱਕ ਮਿਸਾਲ ਹੈ।
ਥੋਰੀ ਨੇ ਕਿਹਾ ਕਿ ਕੋਰੋਨਾ ਵਿਰੁੱਧ ਲੜਾਈ ਵਿਸ਼ੇਸ਼ ਕਰਕੇ ਬਹੁਤ ਮਹੱਤਵਪੂਰਨ ਹੈ ਕਿਉਂਕਿ ਦੁਸ਼ਮਣ ਬਿਲਕੁਲ ਅਦ੍ਰਿਸ਼ ਹੈ ਅਤੇ ਖ਼ਤਰਾ ਵੱਡਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹਾਲਾਂਕਿ ਸਮੂਹ ਅਧਿਕਾਰੀਆਂ ਨੇ ਇਸ ਲੜਾਈ ਦੌਰਾਨ ਮਿਸਾਲੀ ਹਿੰਮਤ ਅਤੇ ਦ੍ਰਿੜਤਾ ਦਾ ਪ੍ਰਦਰਸ਼ਨ ਕੀਤਾ, ਜਿਸ ਸਦਕਾ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕੀਆਂ । ਉਨ੍ਹਾਂ ਕਿਹਾ ਕਿ ਇਹ ਫਰੰਟ ਲਾਈਨ ਯੋਧੇ ਅਸਲ ਨਾਇਕ ਹਨ, ਜਿਨ੍ਹਾਂ ਮਹਾਂਮਾਰੀ ਦੀ ਰੋਕਥਾਮ ਵਿੱਚ ਅਹਿਮ ਭੁਮਿਕਾ ਨਿਭਾਈ।
ਉਨ੍ਹਾਂ ਆਸ ਪ੍ਰਗਟ ਕੀਤੀ ਕਿ ਜਦੋਂ ਤੱਕ ਕੋਰੋਨਾ ਖਿਲਾਫ਼ ਜੰਗ ਵਿੱਚ ਫ਼ਤਹਿ ਪ੍ਰਾਪਤ ਨਹੀਂ ਹੁੰਦੀ, ਉਦੋਂ ਤੱਕ ਅਧਿਕਾਰੀ ਅਤੇ ਉਨ੍ਹਾਂ ਦੀਆਂ ਟੀਮਾਂ ਆਪਣਾ ਮਿਸਾਲੀ ਪ੍ਰਦਰਸ਼ਨ ਜਾਰੀ ਰੱਖਣਗੇ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਇਸ ਅਭਿਆਸ ਵਿੱਚ ਸਰਕਾਰ ਅਤੇ ਲੋਕਾਂ ਵਿਚਾਲੇ ਇਕ ਕੜੀ ਵਜੋਂ ਮਹੱਤਵਪੂਰਨ ਭੁਮਿਕਾ ਨਿਭਾਉਣ ਲਈ ਵਚਨਬੱਧ ਹੈ ਅਤੇ ਇਹ ਲੋਕਾਂ ਨੂੰ ਜਾਗਰੂਕ ਅਤੇ ਸੁਰੱਖਿਅਤ ਰਹਿਣ ਲਈ ਪ੍ਰੇਰਿਤ ਕਰੇਗਾ।
ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਸੀਟੀ ਗਰੁੱਪ ਆਫ਼ ਇੰਸਟੀਚਿਊਟਸ ਦੀ ਇਸ ਉਪਰਾਲੇ ਲਈ ਸ਼ਲਾਘਾ ਕੀਤੀ।
ਇਸ ਮੌਕੇ ਡੀਸੀਪੀ ਅਰੁਣ ਸੈਣੀ, ਐਸਡੀਐਮ ਡਾ. ਜੈ ਇੰਦਰ ਸਿੰਘ, ਸਿਵਲ ਸਰਜਨ ਡਾ. ਗੁਰਿੰਦਰ ਕੌਰ ਚਾਵਲਾ, ਸਹਾਇਕ ਸਿਵਲ ਸਰਜਨ ਡਾ. ਗੁਰਮੀਤ ਕੌਰ ਦੁੱਗਲ, ਸੀਟੀ ਐਜੂਕੇਸ਼ਨਲ ਸੁਸਾਇਟੀ ਦੇ ਚੇਅਰਮੈਨ ਸ੍ਰੀ ਚਰਨਜੀਤ ਸਿੰਘ ਚੰਨੀ, ਵਾਈਸ ਚੇਅਰਮੈਨ ਸ਼੍ਰੀ ਹਰਪ੍ਰੀਤ ਸਿੰਘ ਅਤੇ ਮੈਨੇਜਿੰਗ ਡਾਇਰੈਕਟਰ ਮਨਬੀਰ ਸਿੰਘ ਅਤੇ ਹੋਰ ਮੌਜੂਦ ਸਨ।