8 ਦਸੰਬਰ ਨੂੰ ਭਾਰਤ ਬੰਦ ਲਈ ਪੰਜਾਬ ਪੱਧਰੀ ਮੁਹਿੰਮ ਨੂੰ ਲੋਕਾਂ ਵਲੋਂ ਮਿਲਿਆ ਭਰਵਾਂ ਹੁੰਗਾਰਾ

0
165

ਜੰਡਿਆਲਾ ਗੁਰੂ, 7 ਦਸੰਬਰ (TLT News)- ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਅਤੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ 11 ਜ਼ਿਲ੍ਹਿਆਂ ‘ਚ ਆਗੂਆਂ ਵਲੋਂ ਮੋਟਰ ਸਾਈਕਲ ਮਾਰਚ ਕਰਕੇ ਅਤੇ ਅਨਾਊਂਸਮੈਂਟਾਂ ਰਾਹੀਂ ਮਜ਼ਦੂਰਾਂ, ਵਪਾਰੀਆਂ, ਦੁਕਾਨਦਾਰਾਂ, ਟਰਾਂਸਪੋਰਟਰਾਂ, ਵਿਦਿਆਰਥੀਆਂ, ਨੌਜਵਾਨਾਂ ਅਤੇ ਹੋਰਨਾਂ ਜਥੇਬੰਦੀਆਂ ਨੂੰ ਭਲਕੇ 8 ਦਸੰਬਰ ਨੂੰ ਭਾਰਤ ਬੰਦ ਕਰਨ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਜੰਡਿਆਲਾ ਗੁਰੂ, ਰੱਈਆ, ਬਿਆਸ, ਟਾਂਗਰਾ, ਮਹਿਤਾ, ਮਜੀਠਾ, ਚੁਗਾਵਾਂ, ਲੋਪੋਕੇ, ਰਾਮ ਤੀਰਥ, ਖਾਸਾ ‘ਚ ਵੀ ਇਹ ਮੁਹਿੰਮ ਚਲਾਈ ਗਈ। ਕਿਸਾਨ ਆਗੂਆਂ ਨੇ ਕਿਹਾ ਦਿੱਲੀ ਕੂਚ ਕਰਨ ਦੀ ਮੁਹਿੰਮ ਪੂਰੇ ਸਿਖਰਾਂ ‘ਤੇ ਹੈ ਅਤੇ ਹੁਣ ਤੱਕ ਦੀਆਂ ਰਿਪੋਰਟਾਂ ਅਨੁਸਾਰ 11 ਦਸੰਬਰ ਨੂੰ 25 ਹਜ਼ਾਰ ਤੋਂ ਵਧੇਰੇ ਲੋਕਾਂ ਦਾ ਜਥਾ ਰਵਾਨਾ ਹੋਵੇਗਾ ਤੇ ਕੁੰਡਲੀ ਬਾਰਡਰ ਦਿੱਲੀ ਪਹੁੰਚੇਗਾ। ਉਨ੍ਹਾਂ ਦੱਸਿਆ ਕਿ ਦਿੱਲੀ ‘ਚ ਸੁਖਵਿੰਦਰ ਸਿੰਘ ਸਭਰਾ, ਜਸਬੀਰ ਸਿੰਘ ਪਿੱਦੀ ਦੀ ਅਗਵਾਈ ‘ਚ ਮੋਰਚਾ ਲਗਾਤਾਰ ਜਾਰੀ ਹੈ ਅਤੇ ਇਹ ਖੇਤੀ ਕਾਨੂੰਨ ਰੱਦ ਕਰਵਾਉਣ ਤੱਕ ਜਾਰੀ ਰਹੇਗਾ। ਆਗੂਆਂ ਨੇ ਕਿਹਾ ਕਿ ਕੌਮਾਂਤਰੀ ਪੱਧਰ ‘ਤੇ ਵੀ ਮੋਦੀ ਸਰਕਾਰ ਦੀ ਆਲੋਚਨਾ ਹੋ ਰਹੀ ਹੈ। ਇਸ ਮੌਕੇ ਰੇਸ਼ਮ ਸਿੰਘ ਘੁਰਕਵਿੰਡ, ਮੇਹਰ ਸਿੰਘ ਤਲਵੰਡੀ, ਲਖਵਿੰਦਰ ਸਿੰਘ ਵਰਿਆਮ ਨੰਗਲ, ਸੁਰਿੰਦਰ ਸਿੰਘ ਰੂਪੋਵਾਲੀ, ਝਿਰਮਲ ਸਿੰਘ ਬੱਜੂਮਾਨ ਆਦਿ ਆਗੂ ਹਾਜ਼ਰ ਸਨ।