ਬੋਰਡ ਦੀਆਂ ਪ੍ਰੀਖਿਆਵਾਂ ਬਾਰੇ ਵੱਡਾ ਫੈਸਲਾ

0
90

ਨਵੀਂ ਦਿੱਲੀ (TLT News): ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਭਾਵ CBSE ਨੇ ਸਾਲ 2021 ਦੀਆਂ ਬੋਰਡ ਪ੍ਰੀਖਿਆਵਾਂ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ ਕਿ ਮੌਜੂਦਾ ਮਾਹੌਲ ਕਾਰਨ ਆਨਲਾਈਨ ਪ੍ਰੀਖਿਆਵਾਂ (Online Exmas) ਲੈਣ ਦਾ ਉਨ੍ਹਾਂ ਦਾ ਕੋਈ ਇਰਾਦਾ ਨਹੀਂ ਹੈ ਤੇ ਵਿਦਿਆਰਥੀਆਂ ਦੇ ਇਮਤਿਹਾਨ ਪਹਿਲਾਂ ਵਾਂਗ ਲਿਖਤੀ ਹੀ ਹੋਣਗੇ।

ਅਗਲੇ ਸਾਲ 2021 ਦੌਰਾਨ ਬੋਰਡ ਦੀ ਪ੍ਰੀਖਿਆ ਬਾਰੇ CBSE ਨੇ ਟਵਿਟਰ ਰਾਹੀਂ ਜਾਣਕਾਰੀ ਦਿੱਤੀ। ਇੰਝ ਵਿਦਿਆਰਥੀਆਂ ਦੇ ਮਨਾਂ ਵਿੱਚ ਐਤਕੀਂ ਹੋਣ ਵਾਲੀਆਂ ਸਾਲਾਨਾ ਪ੍ਰੀਖਿਆਵਾਂ ਬਾਰੇ ਜਿਹੜੇ ਸ਼ੰਕੇ ਸਨ, ਉਹ ਹੁਣ ਸਭ ਦੂਰ ਹੋ ਗਏ ਹਨ। ਦਰਅਸਲ, ਇਸ ਵਰ੍ਹੇ ਕੋਰੋਨਾ ਕਾਰਨ ਸਿੱਖਿਆ ਪ੍ਰਣਾਲੀ ਵਿੱਚ ਵੱਡਾ ਉਲਟ-ਫੇਰ ਹੋਇਆ ਹੈ।

ਖ਼ਾਸ ਕਰਕੇ 10ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀ ਇਸ ਵਰ੍ਹੇ ਦੇ ਮਾਹੌਲ ਨੂੰ ਵੇਖਦਿਆਂ ਕੁਝ ਫ਼ਿਕਰਮੰਦ ਸਨ ਕਿ ਇਸ ਵਾਰ ਸਾਲਾਨਾ ਇਮਤਿਹਾਨ ਕਿਤੇ ਆਨਲਾਈਨ ਮੋਡ ’ਚ ਨਾ ਹੋਣੀਆਂ ਹੋਣ। ਹੁਣ ਜਦੋਂ ਸਾਰੇ ਸ਼ੰਕੇ ਦੂਰ ਹੋ ਗਏ ਹਨ, ਵਿਦਿਆਰਥੀ ਉਸੇ ਮੁਤਾਬਕ ਆਪਣੀ ਤਿਆਰੀ ਕਰ ਸਕਦੇ ਹਨ।

CBSE ਦੀਆਂ ਬੋਰਡ ਪ੍ਰੀਖਿਆਵਾਂ ਭਾਵੇਂ ਲਿਖਤੀ ਮੋਡ ’ਚ ਹੋਣਗੀਆਂ ਪਰ ਇਸ ਦੌਰਾਨ ਕੋਵਿਡ ਦੇ ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਠੀਕ ਤਰੀਕੇ ਪਾਲਣਾ ਹੋਵੇਗੀ ਤੇ ਵਿਦਿਆਰਥੀਆਂ ਦੀ ਸੁਰੱਖਿਆ ਵਿੱਚ ਕਿਸੇ ਤਰ੍ਹਾਂ ਦੀ ਕੋਈ ਢਿੱਲ ਨਹੀਂ ਵਰਤੀ ਜਾਵੇਗੀ। ਆਨਲਾਈਨ ਪ੍ਰੀਖਿਆਵਾਂ ਦੀ ਇੱਕ ਸਮੱਸਿਆ ਇਹ ਵੀ ਹੈ ਕਿ ਹਰੇਕ ਵਿਦਿਆਰਥੀ ਕੋਲ ਆਨਲਾਈਨ ਇਮਤਿਹਾਨ ਦੇਣ ਦਾ ਹਰੇਕ ਸਾਧਨ ਉਪਲਬਧ ਨਹੀਂ ਹੁੰਦਾ। ਇਸ ਕਰਕੇ ਵੀ ਬੋਰਡ ਇਸ ਬਾਰੇ ਵਿਚਾਰ ਨਹੀਂ ਕਰ ਰਿਹਾ।

ਹਾਲੇ ਤੱਕ ਬੋਰਡ ਦੀਆਂ ਪ੍ਰੀਖਿਆਵਾਂ ਦੀਆਂ ਤਰੀਕਾਂ ਨੂੰ ਲੈ ਕੇ ਕੁਝ ਸਪੱਸ਼ਟ ਨਹੀਂ ਹੈ। ਵਿਦਿਆਰਥੀ ਇਸ ਕਰਕੇ ਵੀ ਪਰੇਸ਼ਾਨ ਹਨ ਕਿ ਡੇਟਸ਼ੀਟ ਵੀ ਜਾਰੀ ਨਹੀਂ ਕੀਤੀ ਗਈ ਹੈ। ਉਂਝ ਸਿੱਖਿਆ ਮੰਤਰੀ ਆਉਂਦੀ 10 ਦਸੰਬਰ ਨੂੰ ਜਦੋਂ ਲਾਈਵ ਸੈਮੀਨਾਰ ਵਿੱਚ ਭਾਗ ਲੈਣਗੇ, ਤਦ ਸ਼ਾਇਦ ਵਿਦਿਆਰਥੀਆਂ ਨੂੰ ਅਜਿਹੇ ਕੁਝ ਸੁਆਲਾਂ ਦੇ ਜੁਆਬ ਮਿਲ ਸਕਣ।