ਕੈਨੇਡਾ: ਓਂਟਾਰੀਓ ਨੇ ਭਾਰਤ ਨਾਲ ਵਰਚੁਅਲ ਬਿਜ਼ਨਸ ਮਿਸ਼ਨ ਦੀ ਕੀਤੀ ਸ਼ੁਰੂਆਤ

0
80

TLT/ ਕੌਮਾਂਤਰੀ ਨਿਵੇਸ਼ ਨੂੰ ਹੱਲਾਸ਼ੇਰੀ ਦੇਣ ਤੇ ਓਨਟਾਰੀਓ ਦੇ ਕਾਰੋਬਾਰਾਂ ਲਈ ਨਵੇਂ ਮੌਕੇ ਤਿਆਰ ਕਰਨ ਲਈ ਓਨਟਾਰੀਓ ਸਰਕਾਰ ਵੱਲੋਂ ਦਸੰਬਰ ਵਿੱਚ ਭਾਰਤ ਨਾਲ ਵਰਚੂਅਲ ਮਿਸ਼ਨ ਲਾਂਚ ਕੀਤਾ ਜਾ ਰਿਹਾ ਹੈ।

ਇਸ ਮਿਸ਼ਨ ਦੀ ਅਗਵਾਈ ਇਕਨੌਮਿਕ ਡਿਵੈਲਪਮੈਂਟ, ਜੌਬ ਕ੍ਰਿਏਸ਼ਨ ਐਂਡ ਟਰੇਡ ਮੰਤਰੀ ਵਿੱਕ ਫੈਡੇਲੀ ਵੱਲੋਂ ਕੀਤੀ ਜਾਵੇਗੀ। ਇੱਕ ਸਾਲ ਪਹਿਲਾਂ ਭਾਰਤ ਲਈ ਪ੍ਰੋਵਿੰਸ ਦੇ ਮਿਸ਼ਨ ਦੀ ਸਫਲਤਾ ਤੋਂ ਬਾਅਦ ਹੀ ਇਹ ਫੈਸਲਾ ਲਿਆ ਗਿਆ ਹੈ। ਪਹਿਲਾਂ ਵਾਲੇ ਮਿਸ਼ਨ ਵਿੱਚ ਓਨਟਾਰੀਓ ਦੀਆਂ ਕੰਪਨੀਆਂ ਦੀਆਂ ਭਾਰਤ ਦੀਆਂ ਕੰਪਨੀਆਂ ਨਾਲ ਲੱਗਭਗ 150 ਬਿਜ਼ਨਸ ਮੀਟਿੰਗਾਂ ਕੀਤੀਆਂ ਗਈਆਂ ਜਿਸ ਦੇ ਸਕਾਰਾਤਮਕ ਨਤੀਜੇ ਵੇਖਣ ਨੂੰ ਮਿਲੇ।

ਫੈਡੇਲੀ ਨੇ ਆਖਿਆ ਕਿ ਇਸ ਔਖੀ ਘੜੀ ਵਿੱਚ ਵੀ ਅਸੀਂ ਦੁਨੀਆਂ ਨੂੰ ਇਹ ਦਿਖਾ ਦੇਣਾ ਚਾਹੁੰਦੇ ਹਾਂ ਕਿ ਓਨਟਾਰੀਓ ਅਜੇ ਵੀ ਕਾਰੋਬਾਰ ਤੇ ਰੋਜ਼ਗਾਰ ਲਈ ਆਪਣੇ ਸਾਰੇ ਬਦਲ ਖੁਲ੍ਹੇ ਰੱਖ ਕੇ ਚੱਲ ਰਿਹਾ ਹੈ। ਓਨਟਾਰੀਓ ਵਿੱਚ ਤਿਆਰ ਵਸਤਾਂ ਦਾ ਦੁਨੀਆ ਵਿੱਚ ਕੋਈ ਸਾਨੀ ਨਹੀਂ ਤੇ ਦੁਨੀਆ ਭਰ ਵਿੱਚ ਸਾਨੂੰ ਚੰਗੀ ਮਾਨਤਾ ਹਾਸਲ ਹੈ। ਇਸ ਲਈ ਸਾਡਾ ਪ੍ਰੋਵਿੰਸ ਨਿਵੇਸ਼ ਤੇ ਕਾਰੋਬਾਰ ਦੇ ਪਸਾਰ ਲਈ ਬਿਹਤਰੀਨ ਥਾਂ ਹੈ। ਇਸ ਵਰਚੂਅਲ ਦੌਰੇ ਨਾਲ ਸਾਡੀ ਸਰਕਾਰ ਭਾਰਤ ਦੀਆਂ ਮਾਰਕਿਟਸ ਵਿੱਚ ਭਾਈਵਾਲੀ ਵਿਕਸਤ ਕਰਨੀ ਜਾਰੀ ਰੱਖ ਸਕੇਗੀ। ਇਸ ਨਾਲ ਸਾਨੂੰ ਜਲਦ ਤੋਂ ਜਲਦ ਰਿਕਵਰੀ ਹੋਵੇਗੀ ਤੇ ਸਾਡਾ ਪ੍ਰੋਵਿੰਸ ਜਲਦ ਮੁੜ ਖੁਸ਼ਹਾਲ ਹੋਵੇਗਾ।

ਫੈਡੇਲੀ ਨਾਲ ਓਨਟਾਰੀਓ ਦੀਆਂ 13 ਟੈਕ ਕੰਪਨੀਆਂ ਦਾ ਵਫਦ ਭਾਰਤ ਤੇ ਸਾਊਥ ਏਸ਼ੀਆ ਦੀ ਸੱਭ ਤੋਂ ਵੱਡੀ ਡਿਜੀਟਲ ਤੇ ਟੈਕਨੌਲੋਜੀ ਫੋਰਮ ਨਾਲ ਰਾਬਤਾ ਕਾਇਮ ਕਰੇਗਾ। ਇਸ ਨਾਲ ਦੋਵਾਂ ਦੇਸ਼ਾਂ ਵਿਚਾਲੇ ਨਿਵੇਸ਼ ਤੇ ਕਾਰੋਬਾਰ ਦੇ ਨਵੇਂ ਮੌਕੇ ਪੈਦਾ ਹੋਣਗੇ ਤੇ ਭਾਈਵਾਲੀ ਤੇ ਸਾਂਝ ਵਧੇਗੀ। ਇਸ ਵਾਰੀ ਬਹੁਤਾ ਧਿਆਨ ਇਨਫਰਮੇਸ਼ਨ ਐਂਡ ਕਮਿਊਨਿਕੇਸ਼ਨ ਟੈਕਨੌਲੋਜੀਜ਼ ਅਤੇ ਐਡਵਾਂਸਡ ਮੈਨੂਫੈਕਚਰਿੰਗ ਉੱਤੇ ਦਿੱਤਾ ਜਾਵੇਗਾ।