ਮਲੌਦ, 2 ਦਸੰਬਰ (TLT News)- ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਦਿੱਲੀ ਵਿਖੇ ਚੱਲ ਰਹੇ ਕਿਸਾਨਾਂ ਦੇ ਧਰਨੇ ਤੋਂ ਵਾਪਸ ਆਉਂਦੇ ਸਮੇਂ ਜ਼ਿਲ੍ਹਾ ਲੁਧਿਆਣਾ ਦੇ ਥਾਣਾ ਮਲੌਦ ਅਧੀਨ ਪੈਂਦੇ ਪਿੰਡ ਝੱਮਟ ਦੇ 35 ਸਾਲਾ ਕਿਸਾਨ ਬਲਜਿੰਦਰ ਸਿੰਘ ਉਰਫ਼ ਗੋਲੂ ਪੁੱਤਰ ਸਵ. ਜਗਤਾਰ ਸਿੰਘ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਬਲਜਿੰਦਰ ਸਿੰਘ ਨੂੰ ਬੀਤੀ ਰਾਤ ਹਰਿਆਣਾ ਦੇ ਪਿੱਪਲੀ ਸ਼ਹਿਰ ਲਾਗੇ ਕਿਸੇ ਅਣਪਛਾਤੇ ਵਾਹਨ ਵਲੋਂ ਫੇਟ ਮਾਰ ਦਿੱਤੀ ਗਈ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੱਸਣਯੋਗ ਹੈ ਕਿ ਉਸ ਦਾ ਸਾਥੀ ਗੁਰਜੀਤ ਸਿੰਘ ਜ਼ਖ਼ਮੀ ਹਾਲਤ ‘ਚ ਹੈ। ਕਿਸਾਨ ਆਗੂ ਸੁਦਾਗਰ ਸਿੰਘ ਘੁਡਾਣੀ ਨੇ ਕਿਹਾ ਕਿ ਸਰਕਾਰ ਇਸ ਨੌਜਵਾਨ ਨੂੰ ਸ਼ਹੀਦ ਦਾ ਦਰਜਾ ਦੇ ਕੇ 10 ਲੱਖ ਰੁਪਏ ਦੀ ਸਹਾਇਤਾ ਅਤੇ ਇਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਵੇ।