ਠੰਢ ਵਧਦਿਆਂ ਹੀ ਸਰਹੱਦ ਨੇੜੇ ਸੁਰੱਖਿਆ ਪ੍ਰਬੰਧ ਕੀਤੇ ਮਜ਼ਬੂਤ, ਘੁਸਪੈਠ ਦੇ ਮੱਦੇਨਜ਼ਰ ਪਠਾਨਕੋਟ ‘ਚ ਕਮਾਂਡੋ ਤਾਇਨਾਤ

0
58

ਪਠਾਨਕੋਟ TLT/ਸਰਦੀ ਦਾ ਮੌਸਮ ਸ਼ੁਰੂ ਹੁੰਦੇ ਸਾਰ ਭਾਰਤ-ਪਾਕਿਸਤਾਨ ਸਰਹੱਦ ਦੇ ਬਮਿਆਲ ਸੈਕਟਰ ਤੇ ਜੰਮੂ-ਕਸ਼ਮੀਰ ਦੀ ਹੱਦ ਲਾਗੇ ਘੁਸਪੈਠ ਦੇ ਖ਼ਦਸ਼ੇ ਦੇ ਮੱਦੇਨਜ਼ਰ ਜ਼ਿਲ੍ਹਾ ਪੁਲਿਸ ਨੇ ਸੁਰੱਖਿਆ ਸਿਸਟਮ ਚੌਕਸ ਕਰ ਦਿੱਤਾ ਹੈ। ਪੁਲਿਸ ਨੇ ਦਸ ਅਜਿਹੀਆਂ ਥਾਵਾਂ ਦੀ ਪਛਾਣ ਕਰ ਲਈ ਹੈ, ਜਿੱਥੇ ਘੁਸਪੈਠ ਹੋ ਸਕਦੀ ਹੈ।

ਉਥੇ ਨਾਕਾਬੰਦੀ ਕਰ ਕੇ ਪੰਜਾਬ ਪੁਲਿਸ ਦੇ ਸਪੈਸ਼ਲ ਕਮਾਂਡੋ ਨੂੰ ਤਿੰਨ ਮਹੀਨਿਆਂ ਤਕ ਲਈ ਤਾਇਨਾਤ ਕਰ ਦਿੱਤਾ ਗਿਆ ਹੈ। ਇਹ ਕਮਾਂਡੋ 12 ਤੋਂ 15 ਦੀ ਗਿਣਤੀ ਵਿਚ ਵੱਖ-ਵੱਖ ਥਾਵਾਂ ‘ਤੇ ਅੱਠ-ਅੱਠ ਘੰਟੇ ਡਿਊਟੀ ਦੇਣਗੇ। ਇਹ ਦਸ ਪੁਆਇੰਟ ਅਜਿਹੇ ਹਨ, ਜੋ ਕਿ ਭਾਰਤ-ਪਾਕਿ ਸਰਹੱਦ ਤੇ ਜੰਮੂ-ਕਸ਼ਮੀਰ ਦੇ ਕਠੂਆ ਏਰੀਆ ਦੇ ਨਾਲ ਲੱਗਦੇ ਹਨ।

ਸਰਹੱਦੀ ਇਲਾਕੇ ਵਿਚ ਤਾਇਨਾਤ ਇਨ੍ਹਾਂ ਸਪੈਸ਼ਲ ਕਮਾਂਡੋਜ਼ ਦੀ ਡਿਊਟੀ ਪਹਿਲੀ ਦਸੰਬਰ ਤੋਂ ਲੈ ਕੇ ਅਗਲੇ ਵਰ੍ਹੇ ਫਰਵਰੀ ਦੇ ਅਖ਼ੀਰ ਤਕ ਹੋਵੇਗੀ।

ਕੁਝ ਵਰ੍ਹੇ ਪਹਿਲਾਂ ਸਰਦੀ ਦੇ ਮੌਸਮ ਵਿਚ ਧੁੰਦ ਦੌਰਾਨ ਦਹਿਸ਼ਤਗਰਦਾਂ ਨੇ ਏਅਰਬੇਸ ‘ਤੇ ਹਮਲਾ ਕੀਤਾ ਸੀ। ਅਜਿਹੀਆਂ ਘਟਨਾਵਾਂ ਰੋਕਣ ਲਈ ਪੁਲਿਸ ਕਮਾਂਡੋਜ਼ ਦੀ ਤਾਇਨਾਤੀ ਦੇ ਨਾਲ ਪੀਸੀਆਰ ਮੁਲਾਜ਼ਮਾਂ ਦੀ ਮਦਦ ਲਈ ਜਾਵੇਗੀ। ਪੀਸੀਆਰ ਮੁਲਾਜ਼ਮਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ। ਪੁਲਿਸ ਮੁਲਾਜ਼ਮ ਰਾਤ ਦੇ ਵੇਲੇ ਇਕ-ਦੂਜੇ ਨਾਲ ਤਾਲਮੇਲ ਬਣਾ ਕੇ ਇਨ੍ਹਾਂ ਇਲਾਕਿਆਂ ‘ਤੇ ਨਿਗ੍ਹਾ ਰੱਖਣਗੇ।

ਐੱਸਐੱਸਪੀ ਗੁਲਨੀਤ ਖੁਰਾਣਾ ਨੇ ਕਿਹਾ ਕਿ ਪੁਲਿਸ ਵੱਲੋਂ ਚੁਣੀਆਂ ਗਈਆਂ ਇਹ ਉਹ ਥਾਵਾਂ ਹਨ, ਜਿੱਥੋਂ ਘੁਸਪੈਠ ਦਾ ਖ਼ਦਸ਼ਾ ਰਹਿੰਦਾ ਹੈ। ਅਜਿਹੇ ਵਿਚ ਪੁਲਿਸ ਨੇ ਸਪੈਸ਼ਲ ਪੁਲਿਸ ਕਮਾਂਡੋ ਲਾ ਕੇ ਇਨ੍ਹਾਂ ਥਾਵਾਂ ‘ਤੇ ਨਜ਼ਰ ਰੱਖਣ ਲਈ ਕਿਹਾ ਹੈ। ਇਨ੍ਹਾਂ ਥਾਵਾਂ ਤੋਂ ਭਾਰਤ-ਪਾਕਿ ਜ਼ੀਰੋ ਲਾਈਨਾਂ ਸਥਿਤ ਬਮਿਆਲ ਸੈਕਟਰ ਤੇ ਜੰਮੂ-ਕਸ਼ਮੀਰ ਦੇ ਕਠੂਆ ਆਦਿ ਇਲਾਕੇ ਵਿੱਚੋਂ ਹੋ ਕੇ ਸੂਬੇ ਵਿਚ ਪ੍ਰਵੇਸ਼ ਕਰਨ ਵਾਲੀਆਂ ਥਾਵਾਂ ‘ਤੇ ਨਿਗ੍ਹਾ ਰੱਖੀ ਜਾਵੇਗੀ।

ਯਾਦ ਰਹੇ ਕਿ 2015 ਵਿਚ 28, 2016 ਵਿਚ 13, 2017 ਵਿਚ 7, 2018 ਵਿਚ 16 ਤੇ 2019 ਵਿਚ ਤਿੰਨ ਵਾਰ ਸ਼ੱਕੀ ਵੇਖੇ ਗਏ ਸਨ ਜਦਕਿ ਕੋਈ ਵੀ ਪਕੜ ਵਿਚ ਨਹੀਂ ਆਇਆ ਸੀ। ਜੂਨ 2017 ਵਿਚ ਜੰਮੂੁ-ਕਸ਼ਮੀਰ ਤੋਂ ਖੋਹੀ ਗਈ ਸਕਾਰਪੀਓ ਬਮਿਆਲ ਵਿੱਚੋਂ ਬਰਾਮਦ ਹੋਈ ਸੀ। ਪੁਲਿਸ ਦੇ ਘੇਰਣ ‘ਤੇ ਸ਼ੱਕੀ ਅਨਸਰ ਕਾਰ ਛੱਡ ਕੇ ਭੱਜ ਗਏ ਸਨ। ਕੁਝ ਸਮਾਂ ਪਹਿਲਾਂ ਵੀ ਪੁਲਿਸ ਨੇ ਅਜਿਹੀ ਹੀ ਇਕ ਸਕਾਰਪੀਓ ਬਰਾਮਦ ਕੀਤੀ ਸੀ।