ਪੰਜਾਬ ਪੁਲਿਸ ਦੇ ਸੱਤ ਪੁਲਿਸ ਮੁਲਾਜ਼ਮ ਰਿਸ਼ਵਤਖੋਰੀ ਦੇ ਮਾਮਲੇ ‘ਚ ਘਿਰੇ, ਚਾਰ ਜਣੇ ਗ੍ਰਿਫ਼ਤਾਰ

0
96

ਅੰਮ੍ਰਿਤਸਰ TLT/ ਵਿਜੀਲੈਂਸ ਬਿਊਰੋ ਨੇ ਰਿਸ਼ਵਤਖੋਰੀ ਦੇ ਦੋਸ਼ ਵਿਚ ਚਾਟੀਵਿੰਡ ਥਾਣੇ ਦੇ ਸੱਤ ਪੁਲਿਸ ਮੁਲਾਜ਼ਮਾਂ ‘ਤੇ ਸ਼ਿਕੰਜਾ ਕੱਸਦੇ ਹੋਏ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ ਹੈ ਕਿ ਇਨ੍ਹਾਂ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਕਿਸੇ ਨੇ ਵੀਡੀਓ ਬਣਾ ਕੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਰਿਟ ਦਰਜ ਕੀਤੀ ਸੀ। ਅਦਾਲਤ ਦੇ ਹੁਕਮ ਮਿਲਦੇ ਹੀ ਵਿਜੀਲੈਂਸ ਬਿਊਰੋ ਨੇ ਸੱਤ ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਐੱਸਐੱਸਪੀ ਵਿਜੀਲੈਂਸ ਪਰਮਪਾਲ ਸਿੰਘ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ ਮੁਲਜ਼ਮਾਂ ਦੇ ਨਾਂ ਨਹੀਂ ਦੱਸੇ ਜਾ ਰਹੇ।

ਜਾਣਕਾਰੀ ਮੁਤਾਬਕ ਹਰਨੇਕ ਸਿੰਘ ਨਾਂ ਦੇ ਵਿਅਕਤੀ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਰਿਟ ਦਰਜ ਕੀਤੀ ਸੀ ਕਿ ਚਾਟੀਵਿੰਡ ਥਾਣੇ ਦੇ 7 ਪੁਲਿਸ ਮੁਲਾਜ਼ਮ ਉਸ ਤੋਂ ਕਿਸੇ ਸ਼ਿਕਾਇਤ ਦੇ ਸਿਲਸਿਲੇ ਵਿਚ ਰਿਸ਼ਵਤ ਲੈ ਚੁੱਕੇ ਹਨ। ਇਸ ਸਬੰਧ ਵਿਚ ਹਰਨੇਕ ਸਿੰਘ ਨੇ ਵੀਡੀਓ ਬਣਾ ਕੇ ਪੁਲਿਸ ਅਧਿਕਾਰੀਆਂ ਨੂੰ ਇਤਲਾਹ ਕੀਤੀ ਸੀ ਪਰ ਪੁਲਿਸ ਮੁਲਾਜ਼ਮਾਂ ‘ਤੇ ਕਾਰਵਾਈ ਨਹੀਂ ਕੀਤੀ ਗਈ। ਮਾਮਲਾ ਅਦਾਲਤ ਵਿਚ ਜਾਂਦੇ ਹੀ ਜੱਜ ਨੇ ਵਿਜੀਲੈਂਸ ਨੂੰ ਮਾਮਲਾ ਦਰਜ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ।