ਜਲੰਧਰ TLT/ਇਕ ਦਸੰਬਰ ਤੋਂ ਰਾਤ 10 ਵਜੇ ਤੋਂ ਲਗਾਏ ਗਏ ਰਾਤ ਦੇ ਕਰਫਿਊ ‘ਚ ਬਿਨਾਂ ਕਿਸੇ ਠੋਸ ਕਾਰਨ ਘੁੰਮਦੇ ਮਿਲੇ ਤਾਂ ਜੇਲ੍ਹ ਜਾਣਾ ਤੈਅ ਹੈ। ਇਸ ਵਾਰ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਨੇ ਕਰਫਿਊ ਨੂੰ ਲੈ ਕੇ ਜਾਰੀ ਸਰਕਾਰੀ ਆਦੇਸ਼ਾਂ ਨੂੰ ਸਖ਼ਤੀ ਨਾਲ ਪਾਲਣਾ ਕਰਨ ਦੀ ਯੋਜਨਾ ਬਣਾਈ ਹੈ। ਜਿਸ ਤਹਿਤ ਕਰਫਿਊ ਦੌਰਾਨ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਬਿਨਾਂ ਕਿਸੇ ਸੰਤੋਖਜਨਕ ਕਾਰਨ ਦੇ ਸੜਕ ‘ਤੇ ਘੁੰਮਦੇ ਨਜ਼ਰ ਆਉਣ ‘ਤੇ ਧਾਰਾ 144 ਤਹਿਤ ਮਾਮਲਾ ਦਰਜ ਕੀਤਾ ਜਾਵੇਗਾ। ਇਹੀ ਨਹੀਂ, ਸਵੇਰੇ 5 ਵਜੇ ਤਕ ਲਗਾਏ ਜਾ ਰਹੇ ਕਰਫਿਊ ਦੌਰਾਨ ਕਿਸੇ ਵੀ ਤਰ੍ਹਾਂ ਦੇ ਵਪਾਰਕ ਅਦਾਰੇ ਦੇ ਖੁੱਲ੍ਹੇ ਮਿਲਣ ‘ਤੇ ਲਾਇਸੈਂਸ ਰੱਦ ਕਰਨ ਤਕ ਦੀ ਤਜਵੀਜ਼ ਰੱਖੀ ਗਈ ਹੈ।
ਕੋਰੋਨਾ ਵਾਇਰਸ ਮਰੀਜ਼ਾਂ ਤੇ ਇਸ ਕਾਰਨ ਵਧ ਰਹੀ ਮੌਤ ਦਰ ਦਰਮਿਆਨ ਪੰਜਾਬ ਸਰਕਾਰ ਨੇ ਸੂਬੇ ਭਰ ‘ਚ ਰਾਤ 10 ਵਜੇ ਤੋਂ ਤੜਕੇ 5 ਵਜੇ ਤਕ ਕਰਫਿਊ ਲਗਾਉਣ ਦਾ ਐਲਾਨ ਕੀਤਾ ਹੈ। ਜਿਸ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਨੇ ਇਨ੍ਹਾਂ ਆਦੇਸ਼ਾਂ ਨੂੰ ਲਾਗੂ ਕਰਵਾਉਣ ਲਈ ਵਿਆਪਕ ਪ੍ਰਬੰਧ ਕੀਤੇ ਗਏ ਹਨ। ਜਿਸ ਤਹਿਤ ਹੋਟਲ ਤੋਂ ਲੈ ਕੇ ਰੈਸਤਰਾਂ ਤੇ ਦੁਕਾਨਾਂ ਤੋਂ ਲੈ ਕੇ ਆਵਾਜਾਈ ਨੂੰ ਲੈ ਕੇ ਨਿਯਮ ਨਿਰਧਾਰਤ ਕੀਤੇ ਗਏ ਹਨ।
ਸਾਰੇ ਨਾਕਿਆਂ ‘ਤੇ ਯਕੀਨੀ ਹੋਵੇਗੀ ਪੁਲਿਸ ਦੀ ਤਾਇਨਾਤੀ
ਰਾਤ 10 ਵਜਦੇ ਹੀ ਸ਼ਹਿਰ ਦੇ ਨਾਕਿਆਂ ‘ਤੇ ਪੁਲਿਸ ਫੋਰਸ ਦੀ ਤਾਇਨਾਤੀ ਯਕੀਨੀ ਕੀਤੀ ਜਾਵੇਗੀ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡੀਸੀਪੀ ਗੁਰਮੀਤ ਸਿੰਘ ਦੱਸਦੇ ਹਨ ਕਿ ਸਰਕਾਰੀ ਆਦੇਸ਼ਾਂ ਨੂੰ ਸਖ਼ਤੀ ਨਾਲ ਲਾਗੂ ਕਰਵਾਉਣ ਲਈ ਸਾਰੇ ਨਾਕਿਆਂ ਤੋਂ ਲੰਘਣ ਵਾਲੇ ਲੋਕਾਂ ਤੋਂ ਪੁੱਛਗਿੱਛ ਤੇ ਵਾਹਨਾਂ ਦੀ ਚੈਕਿੰਗ ਕੀਤੀ ਜਾਵੇਗੀ। ਬਿਨਾਂ ਕਿਸੇ ਐਮਰਜੈਂਸੀ ਨਾਕਿਆਂ ਤੋਂ ਲੰਘ ਰਹੇ ਲੋਕਾਂ ‘ਤੇ ਮੌਕੇ ‘ਤੇ ਹੀ ਕਾਰਵਾਈ ਕੀਤੀ ਜਾਵੇਗੀ।
ਐਮਰਜੈਂਸੀ ਸੇਵਾਵਾਂ ‘ਚ ਰਹੇਗੀ ਰਾਹਤ
ਕਰਫਿਊ ਆਰਡਰ ‘ਚ ਐਮਰਜੈਂਸੀ ਸੇਵਾਵਾਂ ‘ਚ ਰਾਹਤ ਦਿੱਤੀ ਗਈ ਹੈ। ਜਿਸ ‘ਚ ਐਂਬੂਲੈਂਸ, ਮੈਡੀਸਨ ਸਪਲਾਈ, ਸਬਜ਼ੀ ਦੀ ਸਪਲਾਈ, ਸੀਜ਼ਨ ਦੀ ਫ਼ਸਲ ਦੀ ਸਪਲਾਈ, ਦੁੱਧ ਤੇ ਬੇਕਰੀ ਉਤਪਾਦਾਂ ਦੀ ਸਪਲਾਈ ਤੋਂ ਇਲਾਵਾ ਜ਼ਰੂਰੀ ਵਸਤਾਂ ਦੀ ਆਵਾਜਾਈ ‘ਚ ਰਾਹਤ ਰਹੇਗੀ।
ਰਾਤ 9.30 ਵਜੇ ਤਕ ਖੁੱਲ੍ਹਣੇ ਹੋਟਲ ਤੇ ਰੈਸਤਰਾਂ
ਬੇਸ਼ੱਕ ਹੀ ਰਾਤ ਦਾ ਕਰਫਿਊ 10 ਵਜੇ ਤੋਂ ਲਗਾਇਆ ਜਾਵੇਗਾ। ਪਰ ਸ਼ਹਿਰ ਦੇ ਹੋਟਲ ਤੇ ਰੈਸਤਰਾਂ ਰਾਤ 9.30 ਵਜੇ ਤਕ ਹੀ ਖੁੱਲ੍ਹੇ ਰਹਿਣਗੇ। ਕਾਰਨ, ਅੱਧੇ ਘੰਟੇ ਤਕ ਗਾਹਕ ਤੇ ਸਟਾਫ ਨੂੰ ਘਰ ਜਾਣ ਦਾ ਸਮਾਂ ਮਿਲ ਜਾਵੇਗਾ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਹੋਟਲ ਸੰਚਾਲਕ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਬੁੱਧੀਰਾਜਾ ਦੱਸਦੇ ਹਨ ਕਿ 9.30 ਤੋਂ ਬਾਅਦ ਕਿਸੇ ਵੀ ਸੂਰਤ ‘ਚ ਹੋਟਲ ਤੇ ਰੈਸਤਰਾਂ ਨਹੀਂ ਖੋਲ੍ਹੇ ਜਾਣਗੇ।
ਇਕ ਘੰਟਾ ਪਹਿਲਾਂ ਬੰਦ ਕੀਤੇ ਜਾਣਗੇ ਬਾਜ਼ਾਰ
ਛੋਟਾ ਬਰਤਨ ਬਾਜ਼ਾਰ ਐਸੋਸੀਏਸ਼ਨ ਦੇ ਪ੍ਰਧਾਨ ਮੁਨੀਸ਼ ਬਾਹਰੀ ਦੱਸਦੇ ਹਨ ਕਿ ਸਰਕਾਰ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਨਿਰਧਾਰਤ ਸਮੇਂ ਤੋਂ ਇਕ ਘੰਟਾ ਪਹਿਲਾਂ ਬਾਜ਼ਾਰ ਬੰਦ ਕਰ ਦਿੱਤਾ ਜਾਵੇਗਾ। ਇਸ ਨੂੰ ਲੈ ਕੇ ਸੂਚਨਾ ਜਾਰੀ ਕਰ ਦਿੱਤੀ ਗਈ ਹੈ।
ਕਰਫਿਊ ‘ਚ ਇਨ੍ਹਾਂ ਨੂੰ ਮਿਲੇਗੀ ਰਾਹਤ
– ਐਂਬੂਲੈਂਸ ਸੇਵਾ
– ਸਬਜ਼ੀ ਦੀ ਸਪਲਾਈ
– ਦੁੱਧ ਦੀ ਸਪਲਾਈ
– ਫ਼ਸਲ ਦੀ ਸਪਲਾਈ
– ਮੈਡੀਸਨ ਸਪਲਾਈ