ਕੋਰੋਨਾ ਦੇ 6000 ਦੇ ਕਰੀਬ ਮਾਮਲਿਆਂ ਨੇ ਸਿਹਤ ਵਿਭਾਗ ਦੀ ਵਧਾਈ ਚਿੰਤਾ

0
111

ਓਟਾਵਾ TLT/ ਦੇਸ਼ ਭਰ ਵਿੱਚ ਸਿਹਤ ਅਧਿਕਾਰੀ ਵਲੋਂ ਮਹਾਂਮਾਰੀ ਦੇ ਫੈਲਣ ਨੂੰ ਘੱਟ ਕਰਨ ਲਈ ਲੋਕਾਂ ਅੱਗੇ ਬੇਨਤੀਆਂ ਕੀਤੀਆਂ ਜਾ ਰਹੀਆਂ ਹਨ। ਕੈਨੇਡਾ ‘ਚ ਕੋਵਿਡ ਮਾਮਲਿਆਂ ਦਾ ਗ੍ਰਾਫ ਲਗਾਤਾਰ ਵਧਦਾ ਜਾ ਰਿਹਾ ਹੈ । ਕੈਨੇਡਾ ‘ਚ ਸ਼ੁੱਕਰਵਾਰ ਨੂੰ 6,000 ਦੇ ਕਰੀਬ ਨਵੇਂ ਕੋਰੋਨਾਵਾਇਰਸ ਸੰਕਰਮਣ ਦੇ ਮਾਮਲੇ ਰਿਪੋਰਟ ਕੀਤੇ ਗਏ, ਜਿਹੜੇ ਇੱਕ ਹੋਰ ਰੋਜ਼ਾਨਾ ਰਿਕਾਰਡ ਹਨ। ਸ਼ੁੱਕਰਵਾਰ ਨੂੰ 5,960 ਨਵੇਂ ਕੇਸ ਰਿਪੋਰਟ ਕੀਤੇ ਗਏ ਜਿਸ ਨਾਲ ਕੁੱਲ ਗਿਣਤੀ 3 ਲੱਖ 58 ਹਜ਼ਾਰ 741 ਹੋ ਗਈ। ਇਨ੍ਹਾਂ ਵਿੱਚੋਂ 2 ਲੱਖ 86 ਹਜ਼ਾਰ 500 ਮਰੀਜ਼ ਹੁਣ ਤੱਕ ਸਿਹਤਯਾਬ ਹੋਏ ਹਨ।

ਅਧਿਕਾਰੀਆਂ ਨੇ ਪਿਛਲੇ 24 ਘੰਟਿਆਂ ਦੌਰਾਨ 96 ਹੋਰ ਮੌਤਾਂ ਦੀ ਵੀ ਰਿਪੋਰਟ ਕੀਤੀ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ 11,894 ਹੋ ਗਈ। ਦੂਸਰੇ 2,350 ਮਰੀਜ਼ ਹਸਪਤਾਲ ਵਿੱਚ ਕੋਰੋਨਾ ਕਾਰਨ ਹਸਪਤਾਲਾਂ ‘ਚ ਦਾਖਲ ਹਨ। ਇਸ ਸਮੇਂ ਇਹ ਅੰਕੜਾ ਵਧਦਾ ਦਿਖਾਈ ਦੇ ਰਿਹਾ ਹੈ ਜਿਹੜਾ ਮਈ ਦੇ ਸ਼ੁਰੂ ਵਿੱਚ 3,000 ਤੋਂ ਵੱਧ ਮਰੀਜ਼ਾਂ ਦੇ ਹਸਪਤਾਲ ਵਿੱਚ ਦਾਖਲ ਹੋਣ ਦੀ ਸਿਖਰ ਦੇ ਨੇੜੇ ਹੈ।

ਕੈਨੇਡਾ ਦੀ ਮੁੱਖ ਮੈਡੀਕਲ ਸਿਹਤ ਅਧਿਕਾਰੀ ਡਾ. ਥੇਰੇਸਾ ਟਾਮ ਨੇ ਟਵਿੱਟਰ ਪੋਸਟ ਰਾਹੀਂ ਕਿਹਾ ਕਿ ਕੋਵਿਡ -19 ਦੇ ਹੋਰ ਫੈਲਣ ਵਿਰੁੱਧ ਸਾਡਾ ਚੌਕਸ ਰਵੱਈਆ ਹੀ ਇੱਕੋ-ਇੱਕ ਬਚਾਅ ਹੈ।

ਉਹਨਾਂ ਲਿਖਿਆ, “ਕਰਵ ਨੂੰ ਮੋੜਣ ਦੀ ਸਾਡੀ ਆਖ਼ਰੀ ਕੋਸ਼ਿਸ਼ ਦੇ ਨਾਲ, ਇਹ ਇੱਕ ਤੇਜ਼ ਹੱਲ ਨਹੀਂ ਹੋਵੇਗਾ, ਬਲਕਿ ਸਾਡੇ ਦ੍ਰਿੜਤਾ ਅਤੇ ਸਬਰ ਦੀ ਪਰੀਖਿਆ ਹੈ ।”

“ਲਚਕੀਲੇਪਣ ਅਤੇ ਸੰਕਲਪ ਨਾਲ, ਆਓ ਇਸ ਗੱਲ ‘ਤੇ ਧਿਆਨ ਕੇਂਦਰਤ ਕਰੀਏ ਕਿ ਅਸੀਂ ਆਪਣੇ ਪਰਿਵਾਰਾਂ, ਮਿੱਤਰਾਂ ਅਤੇ ਭਾਈਚਾਰਿਆਂ ਦੀ ਰੱਖਿਆ ਲਈ ਕੀ ਕਰ ਸਕਦੇ ਹਾਂ ।”

ਸ਼ੁੱਕਰਵਾਰ ਦੇ ਕੇਸ ਅਪ੍ਰੈਲ ਵਿੱਚ ਵੇਖੇ ਗਏ ਸਭ ਤੋਂ ਵੱਧ ਰੋਜ਼ਾਨਾ ਕੇਸਾਂ ਨਾਲੋਂ ਤਿੰਨ ਗੁਣਾ ਵੱਧ ਗਏ, ਜਦੋਂ ਮਹਾਂਮਾਰੀ ਦੀ ਪਹਿਲੀ ਲਹਿਰ ਨੇ ਜ਼ੋਰ ਫੜਿਆ ਸੀ। ਇਕੱਲੇ ਇਸ ਮਹੀਨੇ ਵਿਚ ਇਹ ਅੱਠਵਾਂ ਨਵਾਂ ਰਿਕਾਰਡ ਹੈ ।

ਓਨਟਾਰੀਓ ਨੇ 20 ਨਵੇਂ ਮੌਤਾਂ ਦੇ ਨਾਲ 1,855 ਨਵੇਂ ਕੇਸਾਂ ਦੀ ਰਿਪੋਰਟ ਕਰਨ ਤੋਂ ਬਾਅਦ ਸ਼ੁੱਕਰਵਾਰ ਨੂੰ ਇੱਕ ਨਵਾਂ ਰੋਜ਼ਾਨਾ ਰਿਕਾਰਡ ਬਣਾਇਆ।

ਕਿਊਬੈਕ ਵਿੱਚ 1,269 ਹੋਰ ਸੰਕਰਮਣ ਦੇ ਮਾਮਲੇ ਦਰਜ ਹੋਏ ਅਤੇ 38 ਲੋਕਾਂ ਦੀ ਜਾਨ ਗਈ । ਸੂਬੇ ਦੀ ਮੌਤ ਦੀ ਸੰਖਿਆ, ਦੇਸ਼ ਵਿਚ ਪਹਿਲਾਂ ਹੀ ਸਭ ਤੋਂ ਉੱਚੀ ਹੈ, ਜਿਹੜੀ 7,000 ਦੇ ਨੇੜੇ ਪਹੁੰਚ ਰਹੀ ਹੈ ।

ਸਸਕੈਚੇਵਨ ਅਤੇ ਮੈਨੀਟੋਬਾ ਵਿਚ ਕ੍ਰਮਵਾਰ 329 ਅਤੇ 344 ਨਵੇਂ ਕੇਸ ਸਾਹਮਣੇ ਆਏ। ਸਸਕੈਚਵਨ ‘ਚ ਚਾਰ ਹੋਰ ਲੋਕਾਂ ਦੀ ਮੌਤ ਹੋ ਗਈ ਸੀ, ਜਦੋਂ ਕਿ ਮਨੀਟੋਬਾ ਵਿਚ 14 ਲੋਕਾਂ ਦੀ ਜਾਨ ਕੋਰੋਨਾ ਕਾਰਨ ਗਈ ।

ਐਲਬਰਟਾ ਨੇ 1,227 ਨਵੇਂ ਕੇਸ ਅਤੇ 9 ਹੋਰ ਮੌਤਾਂ ਨੇ ਸਿਹਤ ਵਿਭਾਗ ਨੂੰ ਚਿੰਤਾ ‘ਚ ਪਾ ਦਿੱਤਾ ਹੈ। ਕੈਨੇਡਾ ਦੇ ਇਸ ਸੂਬੇ ਵਿੱਚ ਕਿਸੇ ਵੀ ਹੋਰ ਅਧਿਕਾਰ ਖੇਤਰ ਨਾਲੋਂ ਵਧੇਰੇ ਸਰਗਰਮ ਮਾਮਲੇ ਹਨ ਅਤੇ ਸੰਘੀ ਅੰਕੜਿਆਂ ਅਨੁਸਾਰ ਦੇਸ਼ ਵਿੱਚ ਸਭ ਤੋਂ ਵੱਧ ਸੱਤ ਦਿਨਾਂ ਦੀ ਔਸਤ ਅਨੁਸਾਰ ਪ੍ਰਤੀ 100,000 ਲੋਕਾਂ ਵਿੱਚ 209 ਕੇਸ ਪਾਏ ਜਾ ਰਹੇ ਹਨ।