ਪੰਜਾਬੀਆਂ ਦੀ ਧੱਕ ਬਰਕਰਾਰ : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੀ ਨਵੀਂ ਸਰਕਾਰ ਵਿੱਚ ਚਾਰ ਪੰਜਾਬੀ ਬਣੇ ਮੰਤਰੀ

0
138

ਸਰੀ/TLT/ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ (ਬੀ.ਸੀ.) ਸੂਬੇ ਦੀ ਹਾਲ ਹੀ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਨਿਊ ਡੈਮੋਕ੍ਰੇਟਿਕ ਪਾਰਟੀ (ਐੱਨ. ਡੀ.ਪੀ.) ਵਲੋਂ ਜਿੱਤਣ ਵਾਲੇ ਕੁੱਲ 9 ਪੰਜਾਬੀਆਂ ਵਿਚੋਂ 4 ਨੂੰ ਜੌਨ ਹੌਰਗਨ ਨੇ ਆਪਣੀ ਕੈਬਨਿਟ ਵਿਚ ਸ਼ਾਮਲ ਕੀਤਾ ਹੈ।

ਵਿਧਾਇਕ ਹੈਰੀ ਬੈਂਸ ਅਤੇ ਰਵੀ ਕਾਹਲੋਂ ਨੂੰ ਮੰਤਰੀ ਬਣਾਇਆ ਗਿਆ ਹੈ, ਉੱਥੇ ਹੀ ਰਚਨਾ ਸਿੰਘ ਤੇ ਨਿੱਕੀ ਸ਼ਰਮਾ ਨੂੰ ਸੰਸਦੀ ਸਕੱਤਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਹੈਰੀ ਬੈਂਸ ਨੂੰ ਬ੍ਰਿਟਿਸ਼ ਕੋਲੰਬੀਆ ਵਿਚ ਲੇਬਰ ਮੰਤਰੀ ਵਜੋਂ ਦੁਬਾਰਾ ਨਿਯੁਕਤ ਕੀਤਾ ਗਿਆ ਹੈ। ਉਹ 2005 ਤੋਂ ਸਰੀ-ਨਿਊਟਨ ਤੋਂ ਐੱਨ. ਡੀ. ਪੀ. ਦੇ ਵਿਧਾਇਕ ਬਣਦੇ ਆ ਰਹੇ ਹਨ।

ਪ੍ਰੀਮੀਅਰ ਜੌਨ ਹੌਰਗਨ ਦੀ ਨਵੀਂ ਕੈਬਨਿਟ ਵਿਚ 20 ਮੰਤਰੀ ਅਤੇ 4 ਰਾਜ ਮੰਤਰੀ ਸ਼ਾਮਲ ਹਨ। ਕੈਬਨਿਟ ਦੇ ਸਮਰਥਨ ਲਈ 13 ਸੰਸਦੀ ਸਕੱਤਰ ਚੁਣੇ ਗਏ ਹਨ, ਜਿਨ੍ਹਾਂ ਕੋਲ ਪੇਂਡੂ ਵਿਕਾਸ, ਤਕਨਾਲੋਜੀ ਅਤੇ ਖੋਜ ਸਣੇ ਕਈ ਵਿਭਾਗ ਸ਼ਾਮਲ ਹਨ। ਕੈਬਨਿਟ ਅਤੇ ਸੰਸਦੀ ਸਕੱਤਰ ਚੁਣੇ ਗਏ ਵਿਧਾਇਕਾਂ ਵਿੱਚੋਂ ਰਵੀ ਕਾਹਲੋਂ ਨੂੰ ਰੁਜ਼ਗਾਰ, ਆਰਥਿਕ ਸੁਧਾਰ ਤੇ ਖੋਜ ਮੰਤਰੀ ਬਣਾਇਆ ਗਿਆ ਹੈ।

ਸੰਸਦੀ ਸਕੱਤਰ ਚੁਣੀ ਗਈ ਪੰਜਾਬਣ ਵਿਧਾਇਕਾ ਰਚਨਾ ਸਿੰਘ ਨੂੰ ਨਸਲਵਾਦ ਵਿਰੋਧੀ ਪਹਿਲਕਦਮੀਆਂ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਨਿੱਕੀ ਸ਼ਰਮਾ ਨੂੰ ਭਾਈਚਾਰਾ ਵਿਕਾਸ ਅਤੇ ਨੌਨ-ਪ੍ਰੋਫਿਟ ਵਿਭਾਗ ਦਿੱਤਾ ਗਿਆ ਹੈ। ਨਿੱਕੀ ਸ਼ਰਮਾ ਪੇਸ਼ੇ ਵਜੋਂ ਵਕੀਲ ਹੈ ਅਤੇ ਵੈਨਕੁਵਰ-ਹਾਸਟਿੰਗਜ਼ ਤੋਂ ਐੱਮ.ਐੱਲ.ਏ. ਹੈ।