ਕਾਂਗਰਸ ਦੇ ਸੀਨੀਅਰ ਆਗੂ ਅਹਿਮਦ ਪਟੇਲ ਦਾ ਦੇਹਾਂਤ, ਪੀਐੱਮ ਮੋਦੀ-ਸੋਨੀਆ ਗਾਂਧੀ ਸਮੇਤ ਕਈ ਆਗੂਆਂ ਨੇ ਪ੍ਰਗਟਾਇਆ ਦੁੱਖ

0
124

ਨਵੀਂ ਦਿੱਲੀ, TLT/ ਕਾਂਗਰਸ ਦੇ ਸੀਨੀਅਰ ਆਗੂ ਤੇ ਸੋਨੀਆ ਗਾਂਧੀ ਦੇ ਸਿਆਸੀ ਸਲਾਹਕਾਰ ਅਹਿਮਦ ਪਟੇਲ ਦਾ ਅੱਜ ਦੇਹਾਂਤ ਹੋ ਗਿਆ ਹੈ। ਉਹ 71 ਸਾਲ ਦੇ ਸਨ। ਅਹਿਮਦ ਪਟੇਲ ਇਕ ਮਹੀਨਾ ਪਹਿਲਾਂ ਕੋਰੋਨਾ ਇਨਫੈਕਟਿਡ ਹੋਏ ਸਨ। ਇਸ ਤੋਂ ਬਾਅਦ ਉਨ੍ਹਾਂ ਦਾ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ‘ਚ ਇਲਾਜ ਚੱਲ ਰਿਹਾ ਸੀ। ਉਨ੍ਹਾਂ ਨੂੰ 15 ਨਵੰਬਰ ਨੂੰ ਆਈਸੀਯੂ ‘ਚ ਦਾਖ਼ਲ ਕਰਵਾਇਆ ਗਿਆ ਸੀ। ਅਹਿਮਦ ਪਟੇਲ ਦੇ ਬੇਟੇ ਫੈਜ਼ਲ ਪਟੇਲ ਨੇ ਟਵੀਟ ਰਾਹੀਂ ਉਨ੍ਹਾਂ ਦੀ ਮੌਤ ਦੀ ਜਾਣਕਾਰੀ ਦਿੱਤੀ। ਫੈਜ਼ਲ ਪਟੇਲ ਮੁਤਾਬਿਕ ਉਨ੍ਹਾਂ ਦੇ ਪਿਤਾ ਅਹਿਮਦ ਪਟੇਲ ਦਾ ਅੱਜ ਸਵੇਰੇ 3 ਵੱਜ ਕੇ 30 ਮਿੰਟ ‘ਤੇ ਦੇਹਾਂਤ ਹੋਇਆ। ਅਹਿਮਦ ਪਟੇਲ ਦੇ ਦੇਹਾਂਤ ‘ਤੇ ਪੀਐੱਮ ਮੋਦੀ, ਰਾਸ਼ਟਰਪਤੀ ਤੇ ਸੋਨੀਆ ਗਾਂਧੀ ਸਮੇਤ ਕਈ ਆਗੂਆਂ ਨੇ ਦੁੱਖ ਪ੍ਰਗਟਾਇਆ ਹੈ।

ਪੀਐੱਮ ਮੋਦੀ, ਰਾਸ਼ਟਰਪਤੀ ਨੇ ਪ੍ਰਗਟਾਇਆ ਦੁੱਖ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਦੇ ਸੀਨੀਅਰ ਆਗੂ ਅਹਿਮਦ ਪਟੇਲ ਦੇ ਦੇਹਾਂਤ ‘ਤੇ ਸੋਗ ਪ੍ਰਗਟਾਇਆ ਹੈ। ਪੀਐੱਮ ਮੋਦੀ ਨੇ ਟਵੀਟ ‘ਚ ਲਿਖਿਆ ਕਿ ਉਹ ਅਹਿਮਦ ਪਟੇਲ ਦੇ ਦੇਹਾਂਤ ਤੋਂ ਦੁਖੀ ਹਨ। ਪੀਐੱਮ ਨੇ ਲਿਖਿਆ ਕਿ ਉਨ੍ਹਾਂ ਸਮਾਜ ਸੇਵਾ ਕਰਦਿਆਂ ਸਾਲਾਂ ਗੁਜ਼ਾਰ ਦਿੱਤੇ। ਪੀਐੱਮ ਮੋਦੀ ਨੇ ਅੱਗੇ ਕਿਹਾ ਹੈ ਕਿ ਤੇਜ਼ ਦਿਮਾਗ਼ ਵਾਲੇ ਅਹਿਮਦ ਪਟੇਲ ਨੂੰ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਹਮੇਸ਼ਾ ਯਾਦ ਰੱਖਿਆ ਜਾਵੇਗਾ। ਮੈਂ ਉਨ੍ਹਾਂ ਦੇ ਬੇਟੇ ਫੈਜ਼ਲ ਨਾਲ ਗੱਲਬਾਤ ਕੀਤੀ ਹੈ ਤੇ ਹਮਦਰਦੀ ਪ੍ਰਗਟਾਈ। ਮੈਂ ਈਸ਼ਵਰ ਨੂੰ ਪ੍ਰਾਰਥਨਾ ਕਰਦਾ ਹਾਂ ਕਿ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ।

ਸੋਨੀਆ ਗਾਂਧੀ, ਰਾਹੁਲ ਗਾਂਧੀ ਨੇ ਪ੍ਰਗਟਾਇਆ ਸੋਗ

ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਅਹਿਮਦ ਪਟੇਲ ਦੇ ਦੇਹਾਂਤ ‘ਤੇ ਸੋਗ ਪ੍ਰਗਟਾਉਂਦਿਆ ਕਿਹਾ ਕਿ ਅਹਿਮਦ ਪਟੇਲ ਦੇ ਰੂਪ ‘ਚ ਮੈਂ ਇਕ ਸਹਿਯੋਗੀ ਗਵਾ ਦਿੱਤਾ ਹੈ, ਜਿਸ ਦਾ ਪੂਰਾ ਜੀਵਨ ਕਾਂਗਰਸ ਨੂੰ ਸਮਰਪਿਤ ਸੀ। ਮੈਂ ਇਕ ਵਫ਼ਾਦਾਰ ਸਹਿਯੋਗੀ ਤੇ ਇਕ ਦੋਸਤ ਖੋ ਚੁੱਕੀ ਹਾਂ। ਉਨ੍ਹਾਂ ਦੇ ਪਰਿਵਾਰ ਨਾਲ ਮੈਨੂੰ ਹਮਦਰਦੀ ਹੈ।ਅਹਿਮਦ ਪਟੇਲ ਦੇ ਦੇਹਾਂਤ ‘ਤੇ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਵੀ ਸੋਗ ਪ੍ਰਗਟਾਇਆ ਹੈ। ਰਾਹੁਲ ਨੇ ਟਵੀਟ ਕਰ ਕੇ ਲਿਖਿਆ ਕਿ ਇਹ ਇਕ ਦੁਖਦ ਦਿਨ ਹੈ। ਅਹਿਮਦ ਪਟੇਲ ਕਾਂਗਰਸ ਪਾਰਟੀ ਦੇ ਥੰਮ੍ਹ ਸਨ। ਉਨ੍ਹਾਂ ਦਾ ਜੀਵਨ ਕਾਂਗਰਸ ਨੂੰ ਸਮਰਪਿਤ ਸੀ। ਕਾਂਗਰਸ ਦੇ ਸਭ ਤੋਂ ਮੁਸ਼ਕਲ ਦੌਰ ‘ਚ ਉਹ ਪਾਰਟੀ ਨਾਲ ਖੜ੍ਹੇ ਰਹੇ। ਉਹ ਇਕ ਜ਼ਬਰਦਸਤ ਜਾਇਦਾਦ ਸਨ। ਪ੍ਰਿਅੰਕਾ ਗਾਂਧੀ ਤੇ ਦਿਗਵਿਜੈ ਸਿੰਘ ਨੇ ਵੀ ਟਵੀਟ ਰਾਹੀਂ ਦੁੱਖ ਦਾ ਪ੍ਰਗਟਾਵਾ ਕੀਤਾ ਹੈ।