ਅਮਨ ਕਾਨੂੰਨ ਕਾਇਮ ਰੱਖਣ ਤੇ ਔਰਤਾਂ ਤੇ ਬੱਚਿਆਂ ਵਿਰੁੱਧ ਅਪਰਾਧਾਂ ਨੂੰ ਰੋਕਣ ਲਈ ਚੁੱਕੇ ਜਾਣਗੇ ਵਿਸ਼ੇਸ਼ ਕਦਮ- ਐਸ ਐਸ ਪੀ ਕਪੂਰਥਲਾ

0
113

ਕਪੂਰਥਲਾ /TLT/ ਐਸ ਐਸ ਪੀ ਕਪੂਰਥਲਾ ਕੰਵਰਦੀਪ ਕੌਰ ਆਈ ਪੀ ਐਸ ਨੇ ਕਿਹਾ ਹੈ ਕਿ ਕਪੂਰਥਲਾ ਜਿਲੇ ਅੰਦਰ ਅਮਨ ਤੇ ਕਾਨੂੰਨ ਵਿਵਸਥਾ ਬਣਾਈ ਰੱਖਣਾ ਤੇ ਔਰਤਾਂ ਤੇ ਬੱਚਿਆਂ ਵਿਰੁੱਧ ਕਿਸੇ ਵੀ ਤਰਾਂ ਦੇ ਅਪਰਾਧਾਂ ਨੂੰ ਰੋਕਣ ਲਈ ਵਿਸ਼ੇਸ ਕਦਮ ਚੁੱਕੇ ਜਾਣਗੇ। ਪੁਲਿਸ ਲਾਇਨ ਵਿਖੇ ਪੱਤਰਕਾਰ ਭਾਈਚਾਰੇ ਨਾਲ ਰਸਮੀ ਜਾਣ ਪਹਿਚਾਣ ਦੌਰਾਨ ਐਸ ਐਸ ਪੀ ਨੇ ਕਿਹਾ ਕਿ ਜਿਲੇ ਅੰਦਰ ਨਸ਼ਾ ਵੇਚਣ ਵਾਲਿਆਂ ਵਿਰੁੱਧ ਪੂਰੀ ਸਖਤੀ ਨਾਲ ਪੇਸ਼ ਆਇਆ ਜਾਵੇਗਾ ਅਤੇ ਨਸ਼ਾਖੋਰੀ ਰੋਕਣ ਦੇ ਨਾਲ-ਨਾਲ ਲੋਕਾਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਵਿਸ਼ੇਸ਼ ਮੁਹਿੰਮ ਵੀ ਵਿੱਢੀ ਜਾਵੇਗੀ। ਕੰਵਰਦੀਪ ਕੌਰ, ਜੋ ਕਿ 2013 ਬੈਚ ਦੇ ਆਈ ਪੀ ਐਸ ਹਨ ਅਤੇ ਕਪੂਰਥਲਾ ਤੋਂ ਪਹਿਲਾਂ ਉਹ ਫਾਜਿਲਕਾ, ਪਟਿਆਲਾ ਵਿਖੇ ਅਹਿਮ ਅਹੁਦਿਆਂ ਉੱਪਰ ਸੇਵਾਵਾਂ  ਦੇਣ ਤੋਂ ਇਲਾਵਾ ਲੁਧਿਆਣਾ ਦੇ ਸੰਯੁਕਤ ਪੁਲਿਸ ਕਮਿਸ਼ਨਰ ਦੇ ਅਹੁਦੇ ਤੋਂ ਬਦਲਕੇ ਇੱਥੇ ਤਾਇਨਾਤ ਹੋਏ ਹਨ। ਮੀਡੀਆ ਦੀ  ਸਾਫ ਸੁਥਰਾ ਪ੍ਰਸ਼ਾਸ਼ਨ ਮੁਹੱਈਆ ਕਰਵਾਉਣ ਵਿਚ ਅਹਿਮ ਭੂਮਿਕਾ ਬਾਰੇ ਬੋਲਦਿਆਂ ਐਸ ਐਸ ਪੀ ਨੇ ਕਿਹਾ ਕਿ ਮੀਡੀਆ ਸਮਾਜ ਦੇ ਅੱਖਾਂ ਤੇ ਕੰਨ ਹੈ ਅਤੇ ਉਸ ਵਲੋਂ ਦਿੱਤੀ ਗਈ ਫੀਡਬੈਕ ਨੂੰ ਪ੍ਰਸਾਸ਼ਨਿਕ ਸੁਧਾਰਾਂ ਲਈ ਵਰਤੋਂ ਵਿਚ ਲਿਆਂਦਾ ਜਾਵੇਗਾ। ਉਨਾਂ ਇਹ ਵੀ ਦੱਸਿਆ ਕਿ ਪੰਜਾਬ ਪੁਲਿਸ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਵਿਖੇ ਹੋਣ ਵਾਲੇ ਸਮਾਗਮਾਂ ਦੌਰਾਨ  ਸੰਗਤ ਦੀ ਸੁਰੱਖਿਆ ਤੇ ਸਹੂਲਤ ਲਈ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਲੋੜੀਂਦੀ ਮਾਤਰਾ ਅਨੁਸਾਰ ਸੀ ਸੀ ਟੀ ਵੀ ਕੈਮਰੇ ਲਾਏ ਜਾ ਰਹੇ ਹਨ ਅਤੇ 5 ਵਾਚ ਟਾਵਰ ਵੀ ਸਥਾਪਿਤ ਕੀਤੇ ਜਾ ਰਹੇ ਹਨ ਤਾਂ ਜੋ ਗੁਰਪੁਰਬ ਦੌਰਾਨ ਆਸਾਨੀ ਨਾਲ ਨਿਗਰਾਨੀ ਕੀਤੀ ਜਾ ਸਕੇ। ਇਸ ਮੌਕੇ ਐਸ ਪੀ ਸ. ਮਨਦੀਪ ਸਿੰਘ ਤੇ ਡੀ.ਐਸ. ਪੀ. ਸ਼ਹਿਬਾਜ ਸਿੰਘ ਵੀ ਹਾਜ਼ਰ ਸਨ।