ਚਾਲਬਾਜੀ ਦੀ ਹੱਦ! ਧੋਖੇਬਾਜ਼ ਲਾੜੇ ਨੇ 17 ਕੁੜੀਆਂ ਤੋਂ ਠੱਗੇ ਕਰੋੜਾਂ ਰੁਪਏ

0
144

ਹੈਦਰਾਬਾਦ (TLT News): ਤੇਲੰਗਾਨਾ ਵਿੱਚ ਪੁਲਿਸ (Telangana Police) ਨੇ ਧੋਖਾਧੜੀ ਕਰਨ ਵਾਲੇ ਲਾੜੇ ਨੂੰ ਫੜਿਆ ਹੈ ਜੋ ਵਿਆਹ ਦੇ ਬਹਾਨੇ (Fraud in Wedding) ਲੜਕੀਆਂ ਨੂੰ ਭਰਮਾਉਂਦਾ ਤੇ ਇੱਕ ਮਿਲਟਰੀ ਮੇਜਰ ਬਣ ਕੇ ਉਨ੍ਹਾਂ ਤੋਂ ਪੈਸਿਆਂ ਦੀ ਠੱਗੀ ਕਰਦਾ ਸੀ। ਮੁਦਵਥ ਸ੍ਰੀਨੁ ਨਾਇਕ ਨਾਮ ਦੇ ਧੋਖੇਬਾਜ਼ ਲਾੜੇ (fraud groom) ਨੇ 17 ਕੁੜੀਆਂ ਤੇ ਉਨ੍ਹਾਂ ਦੇ ਪਰਿਵਾਰ ਕੋਲੋਂ 6.61 ਕਰੋੜ ਰੁਪਏ ਵਸੂਲ ਕੀਤੇ। ਵਿਆਹ ਕਰਾਉਣ ਦਾ ਲਾਰਾ ਲਾਉਣ ਵਾਲੇ ਇਸ ਆਦਮੀ ਦੀ ਹਰ ਚੀਜ ਜਾਅਲੀ ਸੀ। ਉਸ ਨੇ ਸਿਰਫ ਨੌਵੀਂ ਤੱਕ ਪੜ੍ਹਾਈ ਕੀਤੀ ਸੀ ਪਰ ਉਸ ਨੇ ਆਪਣੇ ਆਪ ਨੂੰ ਕਲਾਈਮੈਟ ਇੰਜਨੀਅਰਿੰਗ ਵਿੱਚ ਐਮਟੈਕ ਦੱਸਿਆ।

ਇਸ ਦੇ ਨਾਲ ਹੀ ਦੱਸ ਦਈਏ ਕਿ ਠੱਗੀ ਕਰਨ ਵਾਲਾ ਇਹ ਲਾੜਾ ਪਹਿਲਾਂ ਹੀ ਵਿਆਹਿਆ ਹੋਇਆ ਸੀ ਤੇ ਇਸ ਦਾ ਇੱਕ ਬੇਟਾ ਵੀ ਹੈ। ਇਸ ਮਗਰੋਂ ਵੀ ਇਹ ਕੁਆਰੀ ਕੁੜੀਆਂ ਨਾਲ ਵਿਆਹ ਦੀ ਗੱਲ ਕਰਦਾ ਸੀ। ਲੜਕੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਫਸਾਉਣ ਲਈ, ਮੁਦਵਥ ਨੇ ਵੈਬਸਾਈਟ ‘ਤੇ ਕਈ ਨਕਲੀ ਪ੍ਰੋਫਾਈਲ ਵੀ ਬਣਾਈ ਹੋਈ ਸੀ।

ਇੱਕ ਕੇਸ ਵਿੱਚ ਇਸ ਜਾਅਲੀ ਮੇਜਰ ਨੇ ਤੇਲੰਗਾਨਾ ਦੇ ਰਾਜ ਸਕੱਤਰੇਤ ਵਿੱਚ ਕੰਮ ਕਰਨ ਵਾਲੇ ਅਧਿਕਾਰੀ ਤੋਂ 56 ਲੱਖ ਰੁਪਏ ਲਏ। ਇਹ ਅਧਿਕਾਰੀ ਮੈਡੀਕਲ ਵਿੱਚ ਪੜ੍ਹਾਈ ਕਰ ਰਹੀ ਆਪਣੀ ਧੀ ਲਈ ਯੋਗ ਲਾੜੇ ਦੀ ਭਾਲ ਕਰਦੇ ਹੋਏ ਇਸ ਧੋਖੇਬਾਜ਼ ਦੇ ਜਾਲ ਵਿਚ ਫਸ ਗਏ। ਇਸੇ ਤਰ੍ਹਾਂ ਮੁਦਵਥ ਨੇ ਵਾਰੰਗਲ ਜ਼ਿਲੇ ਦੇ ਇੱਕ ਪਰਿਵਾਰ ਤੋਂ ਦੋ ਕਰੋੜ ਰੁਪਏ ਦੀ ਠੱਗੀ ਮਾਰੀ ਸੀ।

ਹੁਣ ਸ਼ਨੀਵਾਰ ਨੂੰ ਪੁਲਿਸ ਨੇ ਇਸ ਜਾਲੀ ਲਾੜੇ ਨੂੰ ਕਾਬੂ ਕਰ ਲਿਆ ਜਦੋਂ ਉਹ ਕਿਸੇ ਹੋਰ ਪਰਿਵਾਰ ਕੋਲੋਂ ਧੋਖਾ ਦੇ ਕੇ ਪੈਸੇ ਕਢਵਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਸ ਖਿਲਾਫ ਜਵਾਹਰ ਨਗਰ ਥਾਣੇ ਵਿੱਚ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ।

ਇਸ ਦੇ ਨਾਲ ਹੀ ਹੈਦਰਾਬਾਦ ਵਿਚ ਪੁਲਿਸ ਨੂੰ ਇਸ ਕੋਲੋਂ ਦੋ ਮੰਜ਼ਲਾ ਮਕਾਨ ਤੇ ਮੁਦਵਥ ਦੀਆਂ ਤਿੰਨ ਕਾਰਾਂ ਮਿਲੀਆਂ ਹਨ। ਬਰਾਮਦ ਹੋਈਆਂ ਕਾਰਾਂ ਵਿਚ ਇੱਕ ਮਰਸਡੀਜ਼ ਬੈਂਜ ਵੀ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ ਉਸ ਕੋਲੋਂ ਤਿੰਨ ਵਰਦੀਆਂ, ਬੈਜ, ਜਾਅਲੀ ਸ਼ਨਾਖਤੀ ਕਾਰਡ, ਕੁਝ ਜਾਅਲੀ ਸਰਟੀਫਿਕੇਟ, ਇੱਕ ਨਕਲੀ ਪਿਸਤੌਲ ਤੇ ਤਿੰਨ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ। ਮੁਦਵਥ ਖਿਲਾਫ ਵਾਰੰਗਲ ਵਿਚ ਵੀ ਕੇਸ ਦਰਜ ਹੈ।