ਭਗਵਾਨ ਸ਼ਨੀਦੇਵ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀ ਕਰਨ ਦਾ ਮਾਮਲਾ ਪੁੱਜਾ ਹਾਈ ਕੋਰਟ, ਪੰਜਾਬ ਸਰਕਾਰ ਤੋਂ ਮੰਗਿਆ ਜਵਾਬ

0
107

ਚੰਡੀਗਡ਼੍ਹ TLT/ ਭਗਵਾਨ ਸ਼ਨੀਦੇਵ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀ ਕਰਦੇ ਹੋਏ ਫੇਸਬੁੱਕ ‘ਤੇ ਪੋਸਟ ਪਾਉਣ ਦੇ ਮੁਲਜ਼ਮ ਲੁਧਿਆਣਾ ਦੇ ਬਲਜਿੰਦ ਸਿੰਘ ਜਿੰਦੂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕਰ ਕੇ ਅਗਾਊਂ ਜ਼ਮਾਨਤ ਦੇਣ ਦੀ ਮੰਗ ਕੀਤੀ ਹੈ। ਹਾਈ ਕੋਰਟ ਨੇ ਪਟੀਸ਼ਨ ‘ਤੇ ਪੰਜਾਬ ਸਰਕਾਰ ਨੂੰ 26 ਨਵੰਬਰ ਲਈ ਨੋਟਿਸ ਜਾਰੀ ਕਰ ਕੇ ਜਵਾਬ ਮੰਗ ਲਿਆ ਹੈ।ਜਸਟਿਸ ਸੰਤ ਪ੍ਰਕਾਸ਼ ਨੇ ਬਲਜਿੰਦਰ ਸਿੰਘ ਦੀ ਪਟੀਸ਼ਨ ‘ਤੇ ਨੋਟਿਸ ਜਾਰੀ ਕਰਨ ਦੇ ਨਾਲ ਹੀ ਇਸ ਮਾਮਲੇ ‘ਚ ਹੁਣ ਤਕ ਕੀਤੀ ਗਈ ਜਾਂਚ ਦੀ ਰਿਪੋਰਟ ਵੀ ਪੰਜਾਬ ਸਰਕਾਰ ਤੋਂ ਤਲਬ ਕਰ ਲਈ ਹੈ। ਬਲਜਿੰਦਰ ਸਿੰਘ ਨੇ ਦਾਇਰ ਪਟੀਸ਼ਨ ‘ਚ ਹਾਈ ਕੋਰਟ ਨੂੰ ਦੱਸਿਆ ਹੈ ਕਿ ਫੇਸਬੁੱਕ ਪੋਸਟ ‘ਤੇ ਸ਼ਨੀ ਦੇਵ ‘ਤੇ ਕੀਤੀ ਗਈ ਜਿਸ ਟਿੱਪਣੀ ਦੇ ਆਧਾਰ ‘ਤੇ ਉਨ੍ਹਾਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਹੈ, ਉਹ ਟਿੱਪਣੀ ਉਨ੍ਹਾਂ ਨੇ ਨਹੀਂ ਲਿਖੀ ਬਲਕਿ ਇਹ ਟਿੱਪਣੀ ਹਰਸ਼ਦ ਮਹਿਤਾ-ਸਕੈਮ 1992 ਦਾ ਇਕ ਡਾਇਲਾਗ ਹੈ, ਅਜਿਹੇ ਵਿਚ ਉਨ੍ਹਾਂ ਨੂੰ ਇਸ ਦਾ ਦੋਸ਼ੀ ਨਹੀਂ ਮੰਨਿਆ ਜਾ ਸਕਦਾ।ਬਲਜਿੰਦਰ ਸਿੰਘ ਨੇ ਹਾਈ ਕੋਰਟ ਨੂੰ ਦੱਸਿਆ ਕਿ ਉਹ ਇਕ ਗ਼ੈਰ-ਸਰਕਾਰੀ ਸੰਸਥਾ ਚਲਾਉਂਦੇ ਹਨ। ਇਸ ਸੰਸਥਾ ਦੀਆਂ ਕਈ ਮੈਡੀਕਲ ਸ਼ਾਪਸ ਹਨ, ਜਿੱਥੋਂ ਗ਼ਰੀਬਾਂ ਨੂੰ ਬੇਹੱਦ ਸਸਤੀ ਕੀਮਤ ‘ਤੇ ਦਵਾਈਆਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਇਸ ਮਾਮਲੇ ਤੋਂ ਬਾਅਦ ਮੈਡੀਕਲ ਦੀ ਦੁਕਾਨ ਕਰਨ ਵਾਲੇ ਕਈ ਦੁਕਾਨਦਾਰ ਉਨ੍ਹਾਂ ਦੇ ਖ਼ਿਲਾਫ਼ ਹੋ ਚੁੱਕੇ ਹਨ। ਇਸੇ ਰੰਜਿਸ਼ ਤਹਿਤ ਉਨ੍ਹਾਂ ਨੂੰ ਇਸ ਮਾਮਲੇ ‘ਚ ਫਸਾਇਆ ਗਿਆ ਹੈ।ਬਲਜਿੰਦਰ ਸਿੰਘ ਨੇ ਹਾਈ ਕੋਰਟ ਨੂੰ ਦੱਸਿਆ ਕਿ ਇਸ ਮਾਮਲੇ ‘ਚ ਉਨ੍ਹਾਂ ਖ਼ਿਲਾਫ਼ ਰਾਤ ਨੂੰ 1 ਵੱਜ ਕੇ 46 ਮਿੰਟ ‘ਤੇ ਸ਼ਿਕਾਇਤ ਕੀਤੀ ਗਈ ਤੇ ਪੁਲਿਸ ਨੇ ਬਿਨਾਂ ਕਿਸੇ ਜਾਂਚ ਦੇ ਮਹਿਜ਼ ਇਕ ਘੰਟੇ ਦੇ ਅੰਦਰ ਹੀ 2 ਵੱਜ ਕੇ 28 ਮਿੰਟ ‘ਤੇ ਐੱਫਆਈਆਰ ਦਰਜ ਕਰ ਲਈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਖ਼ੁਦ ਇਕ ਧਾਰਮਿਕ ਵਿਅਕਤੀ ਹੈ ਤੇ ਕਿਸੇ ਦੀਆਂ ਵੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਬਾਰੇ ਸੋਚ ਵੀ ਨਹੀਂ ਸਕਦੇ। ਅਜਿਹੇ ਵਿਚ ਉਨ੍ਹਾਂ ਨੂੰ ਇਸ ਮਾਮਲੇ ‘ਚ ਅਗਾਊਂ ਜ਼ਮਾਨਤ ਦਿੱਤੀ ਜਾਣੀ ਚਾਹੀਦੀ ਹੈ।