ਅਮਰੀਕਾ ’ਚ ਮੁੜ ਵਿਗੜੇ ਹਾਲਾਤ, 10 ਦਿਨਾਂ ‘ਚ 10 ਲੱਖ ਤੋਂ ਵੱਧ ਨਵੇਂ ਕੋਰੋਨਾ ਕੇਸ, ਨਿਊਯਾਰਕ ‘ਚ ਪਾਬੰਦੀਆਂ ਲਾਗੂ

0
179

ਵਾਸ਼ਿੰਗਟਨ (time24): ਦੁਨੀਆ ’ਚ ਕੋਰੋਨਾ ਮਰੀਜ਼ਾਂ (Covid-19 cases) ਦਾ ਅੰਕੜਾ 5 ਕਰੋੜ 25 ਲੱਖ ਦੇ ਲਗਭਗ ਹੋ ਗਿਆ ਹੈ। ਹੁਣ ਤੱਕ 3 ਕਰੋੜ 66 ਲੱਖ ਤੋਂ ਵੱਧ ਲੋਕ ਠੀਕ ਹੋ ਚੁੱਕੇ ਹਨ ਪਰ 12 ਲੱਖ 88 ਹਜ਼ਾਰ ਤੋਂ ਵੱਧ ਵਿਅਕਤੀਆਂ ਨੂੰ ਆਪਣੀਆਂ ਜਾਨਾਂ ਵੀ ਗੁਆਉਣੀਆਂ ਪਈਆਂ ਹਨ।

ਵਰਲਡੋਮੀਟਰਜ਼ ਮੁਤਾਬਕ ਅਮਰੀਕਾ ’ਚ ਕੋਰੋਨਾ ਵਾਇਰਸ (Corona in America) ਦੀ ਲਾਗ ਦੇ ਮਾਮਲੇ ਬਹੁਤ ਤੇਜ਼ੀ ਨਾਲ ਵੱਧ ਰਹੇ ਹਨ। ਕੱਲ੍ਹ ਬੁੱਧਵਾਰ ਨੁੰ ਇੱਕੋ ਦਿਨ ਵਿੱਚ ਇੱਕ ਲੱਖ 36 ਹਜ਼ਾਰ ਮਾਮਲੇ ਸਾਹਮਣੇ ਆਏ, ਜੋ ਆਪਣੇ-ਆਪ ਵਿੱਚ ਇੱਕ ਰਿਕਾਰਡ ਹੈ। ਬੀਤੇ 10 ਦਿਨਾਂ ’ਚ 10 ਲੱਖ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਉੱਧਰ ਚੀਨ ਵਿੱਚ ਵੀਰਵਾਰ ਨੂੰ ਦੁਬਾਰਾ 15 ਨਵੇਂ ਮਾਮਲੇ ਸਾਹਮਣੇ ਆਏ ਹਨ।

ਅਮਰੀਕਾ ’ਚ ਕੋਰੋਨਾ (Coronavirus) ਮਰੀਜ਼ਾਂ ਦੀ ਕੁੱਲ ਗਿਣਤੀ ਕੁਝ ਦਿਨ ਪਹਿਲਾਂ ਹੀ ਇੱਕ ਕਰੋੜ ਨੂੰ ਪਾਰ ਕਰ ਚੁੱਕੀ ਹੈ। ਨਿਊਯਾਰਕ ਦੇ ਗਵਰਨਰ ਐਂਡੂ ਕੂਮੋ ਨੇ ਸੂਬੇ ਵਿੱਚ ਨਵੀਂਆਂ ਪਾਬੰਦੀਆਂ ਦਾ ਐਲਾਨ ਕਰ ਦਿੱਤਾ ਹੈ। ਹੁਣ ਉੱਥੇ ਕੋਈ ਵੀ ਪ੍ਰਾਈਵੇਟ ਪਾਰਟੀਆਂ ਨਹੀਂ ਹੋ ਸਕਣਗੀਆਂ। ਕਾਰੋਬਾਰਾਂ ਲਈ ਵੀ ਨਵੀਂਆਂ ਹਦਾਇਤਾਂ ਛੇਤੀ ਜਾਰੀ ਕੀਤੇ ਜਾਣ ਦੀ ਸੰਭਾਵਨਾ ਹੈ। ਇਕੱਲੇ ਨਿਊਯਾਰਕ ਵਿੱਚ ਵੀਰਵਾਰ ਨੂੰ 1,628 ਮਾਮਲੇ ਸਾਹਮਣੇ ਆਏ।