ਗੰਦੇ ਪਾਣੀ ਦਾ ਨਿਕਾਸ ਨਾ ਹੋਣ ਨਾਲ ਪਰੇਸ਼ਾਨ ਹਨ ਉੱਚਾ ਪਿੰਡ ਵਾਰਡ ਨੰਬਰ ਇਕ ਦੇ ਵਸਨੀਕ

0
104

* ਚਾਲੀ ਸਾਲ ਤੋਂ ਕਿਸੇ ਨੇ ਨਹੀਂ ਲਈ ਸਾਰ * ਗ੍ਰਾਂਟ ਮਿਲਣ ਤੇ ਤੁਰੰਤ ਹਲ ਕਰਾਂਗੇ ਸਮੱਸਿਆ-ਸਰਪੰਚ

ਫਗਵਾੜਾ /TLT/ਫਗਵਾੜਾ ਦੇ ਨਜਦੀਕ ਉੱਚਾ ਪਿੰਡ ਦੇ ਵਾਰਡ ਨੰਬਰ 1 ਵਿਚ ਗੰਦੇ ਪਾਣੀ ਦਾ ਨਿਕਾਸ ਨਾ ਹੋਣ ਦੇ ਚਲਦਿਆਂ ਪਿੰਡ ਵਾਸੀਆਂ ਦੇ ਨਾਲ ਹੀ ਰਾਹਗੀਰਾਂ ਨੂੰ ਵੀ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਧੇਰੇ ਜਾਣਕਾਰੀ ਦਿੰਦਿਆਂ ਪਾਲ ਸਿੰਘ ਮੈਂਬਰ ਪੰਚਾਇਤ, ਮਦਨ ਲਾਲ ਚੋਂਕੀਦਾਰ, ਰਾਮ ਲੁਭਾਇਆ, ਜੋਗਿੰਦਰ ਰਾਮ, ਲਛਮਣ ਦਾਸ, ਅਮਰੀਕ ਲਾਲ, ਹਰਭਜਨ ਲਾਲ, ਚਰਨਜੀਤ ਅਤੇ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਕਰੀਬ 40 ਸਾਲ ਤੋਂ ਪਿੰਡ ਦੇ ਇਸ ਵਾਰਡ ਵਿਚ ਵਸੋਂ ਹੋਣੀ ਸ਼ੁਰੂ ਹੋਈ ਅਤੇ ਉਸ ਸਮੇਂ ਤੋਂ ਹੀ ਲੋਕ ਨਰਕ ਭਰੀ ਜਿੰਦਗੀ ਜੀਉਣ ਲਈ ਮਜਬੂਰ ਹਨ। ਸਿਆਸੀ ਆਗੂ ਵੋਟਾਂ ਦੇ ਨਜਦੀਕ ਵਾਰਡ ਵਿਚ ਆਉਂਦੇ ਹਨ ਅਤੇ ਵਾਅਦੇ ਕਰ ਜਾਂਦੇ ਹਨ ਪਰ ਕਿਸੇ ਨੇ ਉਹਨਾਂ ਦੀ ਸਮੱਸਿਆ ਹਲ ਨਹੀਂ ਕਰਵਾਈ। ਪ੍ਰਸ਼ਾਸਨ ਤੋਂ ਇਲਾਵਾ ਵਿਧਾਇਕਾਂ ਅਤੇ ਮੈਂਬਰ ਪਾਰੀਮੈਂਟਾਂ ਨੂੰ ਸਮੇਂ-ਸਮੇਂ ਤੇ ਲਿਖਿਤ ਦਰਖਾਸਤਾਂ ਦਿੱਤੀਆਂ ਗਈਆਂ। ਸਮੇਂ-ਸਮੇਂ ਦੀਆਂ ਪਚਾਇਤਾਂ ਨੂੰ ਵੀ ਸਮੱਸਿਆ ਹਲ ਕਰਵਾਉਣ ਲਈ ਕਿਹਾ ਗਿਆ ਪਰ ਕਿਸੇ ਨੇ ਬਾਤ ਨਹੀਂ ਪੁੱਛੀ। ਉਹਨਾਂ ਕਿਹਾ ਕਿ ਪਹਿਲਾਂ ਗੰਦਾ ਪਾਣੀ ਖੇਤਾਂ ਵਿਚ ਚਲਾ ਜਾਂਦਾ ਸੀ ਪਰ ਹੁਣ ਕਿਸਾਨਾ ਵਲੋਂ ਵੱਟਾਂ ਲਗਾ ਕੇ ਪਾਣੀ ਰੋਕ ਦਿੱਤਾ ਹੈ ਜਿਸ ਕਰਕੇ ਸੜਕ ਵਿਚਕਾਰ ਗੰਦੇ ਪਾਣੀ ਦਾ ਜਮਾਵੜਾ ਰਹਿੰਦਾ ਹੈ ਅਤੇ ਵਾਤਾਵਰਣ ਦੂਸ਼ਿਤ ਹੋਣ ਦੇ ਨਾਲ ਹੀ ਮੱਖੀਆਂ ਅਤੇ ਮੱਛਰਾਂ ਦੀ ਵੀ ਭਰਮਾਰ ਹੈ ਜਿਸ ਨਾਲ ਬਿਮਾਰੀ ਫੈਲਣ ਦਾ ਹਰ ਸਮੇਂ ਖਤਰਾ ਬਣਿਆ ਰਹਿੰਦਾ ਹੈ। ਰਾਹਗੀਰਾਂ ਦਾ ਇੱਥੋਂ ਲੰਘਣਾ ਮੁਸ਼ਕਲ ਹੈ। ਉਹਨਾਂ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਅਤੇ ਸਬੰਧਤ ਮਹਿਕਮੇ ਤੋਂ ਪੁਰਜੋਰ ਮੰਗ ਕੀਤੀ ਹੈ ਕਿ ਉਹਨਾਂ ਦੀ ਸਮੱਸਿਆ ਨੂੰ ਪਹਿਲ ਦੇ ਅਧਾਰ ਤੇ ਹਲ ਕੀਤਾ ਜਾਵੇ ਨਹੀਂ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਸੱਤਿਆ ਦੇਵੀ, ਬਲਵੀਰ ਕੌਰ, ਹਰਜਿੰਦਰ ਕੌਰ, ਵੀਨਾ ਕੁਮਾਰੀ, ਰੇਖਾ ਰਾਣੀ, ਸ਼ਿੰਦੋ, ਕਸ਼ਮੀਰ ਕੌਰ, ਗੀਤਾ ਰਾਣੀ, ਨੰਬਰਦਾਰ ਪਰਮਿੰਦਰ ਸਿੰਘ ਬੰਟੀ, ਕੁਲਵਿੰਦਰ ਸਿੰਘ, ਰਮਜੀਤ ਕੌਰ, ਸਿਮਰੋ, ਸੀਤੋ ਅਤੇ ਸ਼ਿੰਦੋ ਆਦਿ ਹਾਜਰ ਸਨ।
ਕੀ ਕਹਿੰਦੇ ਹਨ ਸਰਪੰਚ ਜਰਨੈਲ ਸਿੰਘ- ਇਸ ਬਾਰੇ ਗੱਲਬਾਤ ਕਰਨ ਤੇ ਸਰਪੰਚ ਜਰਨੈਲ ਸਿੰਘ ਉੱਚਾ ਪਿੰਡ ਨੇ ਦੱਸਿਆ ਕਿ ਇਸ ਸਮੱਸਿਆ ਦਾ ਉਹਨਾਂ ਨੂੰ ਪਤਾ ਹੈ ਅਤੇ ਪੰਚਾਇਤ ਵਲੋਂ ਮਤਾ ਪਾਇਆ ਹੋਇਆ ਹੈ। ਗ੍ਰਾਂਟ ਮੰਨਜੂਰ ਹੋਣ ਤੇ ਪਹਿਲ ਦੇ ਅਧਾਰ ਤੇ ਸਮੱਸਿਆ ਦਾ ਹਲ ਕਰਵਾਇਆ ਜਾਵੇਗਾ।