ਕੂੜਾ ਮੁਕਤ ਸੜਕਾਂ ਮੁਹਿੰਮ ਸ਼ੁਰੂ ਕਰੇਗਾ ਨਿਗਮ

0
1997

ਜਲੰਧਰ (TLT News)- ਸ਼ਹਿਰ ਦੀਆਂ ਸੜਕਾਂ ਨੂੰ ਕੂੜਾ ਮੁਕਤ ਕਰਨ ਲਈ ਨਿਗਮ ਪ੍ਰਸ਼ਾਸਨ ਜਲਦ ਹੀ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ | ਸਫ਼ਾਈ ਤੇ ਸਿਹਤ ਐਡਹਾਕ ਕਮੇਟੀ ਦੀ ਬਲਰਾਜ ਠਾਕੁਰ ਦੀ ਪ੍ਰਧਾਨਗੀ ਵਿਚ ਕੀਤੀ ਗਈ ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ ਕਮੇਟੀ ਵਲੋਂ ਅਗਲੇ ਹਫ਼ਤੇ ਤੋਂ ਸ਼ਹਿਰ ਵਿਚ ਅਲੱਗ-ਅਲੱਗ ਐਸੋਸੀਏਸ਼ਨਾਂ ਦੇ ਮੈਂਬਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਦੁਕਾਨਾਂ ਬਾਹਰ ਡਸਟਬਿਨ ਰੱਖਣ ਲਈ ਜਾਗਰੂਕ ਕੀਤਾ ਜਾਵੇਗਾ | ਇਸ ਨਾਲ ਸੜਕਾਂ ਕੂੜਾ ਮੁਕਤ ਰਹਿਣਗੀਆਂ | ਬਲਰਾਜ ਠਾਕੁਰ ਦਾ ਕਹਿਣਾ ਸੀ ਕਿ ਜੇਕਰ ਸ਼ਹਿਰ ਦੀਆਂ ਦੁਕਾਨਦਾਰ ਐਸੋਸੀਏਸ਼ਨਾਂ ਸਹਿਯੋਗ ਕਰਨਗੀਆਂ ਤਾਂ ਸੜਕਾਂ ਨੂੰ ਕੂੜਾ ਮੁਕਤ ਬਣਾਇਆ ਜਾ ਸਕੇਗਾ | ਇਸ ਤੋਂ ਇਲਾਵਾ ਮੀਟਿੰਗ ਵਿਚ ਉੱਤਰੀ ਹਲਕੇ ਵਿਚ ਸਫ਼ਾਈ ਦੇ ਕੰਮ ਲਈ 6 ਹੋਰ ਟਰੈਕਟਰ ਟਰਾਲੀਆਂ ਵੰਡ ਦਿੱਤੀਆਂ ਗਈਆਂ | ਉੱਤਰੀ ਹਲਕੇ ਵਿਚ ਹੁਣ 12 ਟਰੈਕਟਰ-ਟਰਾਲੀਆਂ ਹੋ ਜਾਣਗੀਆਂ | ਦੋ ਵਾਰਡਾਂ ਨੂੰ ਇਕ ਟਰੈਕਟਰ ਟਰਾਲੀ ਅਲਾਟ ਕੀਤੀ ਗਈ ਹੈ |