29 ਸਾਲਾਂ ਦੀ ਨਿਸ਼ਕਾਮ ਮਨੁੱਖੀ ਸੇਵਾਵਾਂ ਬਦਲੇ ਡਾ. ਰਮੇਸ਼ ਨੂੰ ਮਿਲਿਆ ਕੋਵਿਡ 19 ਸੇਵਾ ਐਵਾਰਡ

0
315

ਫਗਵਾੜਾ TLT/ਭਾਈ ਘਨੱਈਆ ਜੀ ਦੇ 316ਵੇ ਮਲਮ ਪੱਟੀ ਦਿਵਸ ਦੇ ਮੌਕੇ ਤੇ ਭਾਈ ਘਨਈਆ ਜੀ ਮਿਸ਼ਨ ਸੇਵਾ ਸੋਸਾਇਟੀ ਵਲੋਂ ਡਾਕਟਰ ਰਮੇਸ਼ ਨੂੰ ਕੋਵਿਡ-19 ਸੇਵਾ ਐਵਾਰਡ (The Saviour Award) ਨਾਲ ਸਨਮਾਨਿਤ ਕੀਤਾ ਗਿਆ |
ਭਾਈ ਘਨੱਈਆ ਜੀ ਮਿਸ਼ਨ ਸੇਵਾ ਸੋਸਾਇਟੀ ਦੇ ਮੁੱਖ ਸੇਵਾਦਾਰ ਸ. ਤਰਨਜੀਤ ਸਿੰਘ ਨਿਮਾਣਾ ਨੇ ਕਿਹਾ ਕੇ ਡਾਕਟਰ ਰਮੇਸ਼ ਜੀ ਨੂੰ ਇਹ ਐਵਾਰਡ ਨਿਸ਼ਕਾਮ ਮਨੁੱਖੀ ਸੇਵਾਵਾਂ ਬਦਲੇ ਦਿੱਤਾ ਗਿਆ ਹੈ, ਜਿਨ੍ਹਾਂ ਨੇ ਪਿੱਛਲੇ 29 ਸਾਲਾਂ ਦੌਰਾਨ ਮੁਫ਼ਤ ਅਪਰੇਸ਼ਨਾਂ ਦੁਆਰਾ ਹਜ਼ਾਰਾਂ ਹੀ ਲੋਕਾਂ ਨੂੰ ਰੌਸ਼ਨੀ ਪ੍ਰਦਾਨ ਕੀਤੀ, ਅੱਖਾਂ ਦਾਨ ਦੀ ਮੁਹਿੰਮ ਸ਼ੁਰੂ ਕੀਤੀ ਅਤੇ ਲੋਕਾਂ ਨੂੰ ਅੱਖਾਂ ਦਾਨ ਅਤੇ ਅੰਗ ਦਾਨ ਕਰਨ ਲਈ ਪ੍ਰੇਰਿਤ ਕੀਤਾ ਅਤੇ ਕੋਵਿਡ ਦੇ ਸਮੇਂ ਵਿਚ ਵੀ ਮਰੀਜ਼ਾਂ ਦੀ ਸੇਵਾ ਨੂੰ ਮੁੱਖ ਰੱਖਦਿਆਂ ਉਨ੍ਹਾਂ ਦਾ ਇਲਾਜ ਕੀਤਾ |ਕੋਵਿਡ-19 ਸੇਵਾ ਐਵਾਰਡ ਪ੍ਰਾਪਤ ਕਰਨ ‘ਤੇ ਡਾ ਰਮੇਸ਼ ਐਮ. ਡੀ., ਡਾਇਰੈਕਟਰ, ਪੁਨਰਜੋਤ ਆਈ ਬੈਂਕ, ਲੁਧਿਆਣਾ, ਨੇ ਕਿਹਾ ਕਿ ਪਿੱਛਲੇ 29 ਸਾਲਾਂ ਤੋਂ ਛੋਟੇ ਛੋਟੇ ਕੈਂਪ ਲਗਾ ਕੇ ਲੱਖਾਂ ਹੀ ਲੋਕਾਂ ਦਾ ਮੁਫ਼ਤ ਚੈੱਕ ਅਪ ਅਤੇ ਹਜ਼ਾਰਾਂ ਹੀ ਲੋਕਾਂ ਦੇ ਮੁਫ਼ਤ ਅਪਰੇਸ਼ਨ ਕੀਤੇ ਜਾ ਚੁੱਕੇ ਹਨ | ਸਿਹਤ ਸੰਭਾਲ, ਅੱਖਾਂ ਦਾਨ , ਖੂਨ ਦਾਨ, ਅਤੇ ਅੰਗ ਦਾਨ ਸੰਬੰਧੀ ਸਮੇਂ ਸਮੇਂ ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ |ਕੋਰੋਨਾ ਮਹਾਮਾਰੀ ਦੌਰਾਨ ਸਾਡੇ ਵਲੋਂ ਹਰ ਵਰਗ ਦੇ ਲੋਕਾਂ ਬੱਚੇ ਤੋਂ ਬਜ਼ੁਰਗ ਤਕ ਨੂੰ ਜਾਗਰੂਕ ਕਰਨ ਲਈ ਵੱਖ ਵੱਖ ਵੀਡੀਓ ਬਣਾਕੇ ਯੂ-ਟਿਊਬ ਰਾਹੀਂ ਲੋਕਾਂ ਤਕ ਪਹੁੰਚਾਉਣ ਦਾ ਯਤਨ ਕੀਤਾ ਗਿਆ, ਇਸ ਮੌਕੇ ਸਾਡੇ ਵਲੋਂ ਮਾਸਕ ਮੇਕਿੰਗ ਕੰਪੈਨ ਸ਼ੁਰੂ ਕੀਤੀ ਗਈ ਜਿਸ ਵਿਚ ਸਮਾਜ ਦੇ ਬਹੁਤ ਸਾਰੇ ਅੱਛੇ ਲੋਕਾਂ ਨੇ ਮਾਸਕ ਬਣਾਉਣ ਵਿਚ ਅਤੇ ਲੋੜਵੰਦ ਲੋਕਾਂ ਤਕ ਮਾਸਕ ਪਹੁੰਚਾਉਣ ਵਿੱਚ ਸਾਡਾ ਸਾਥ ਦਿੱਤਾ | ਇਸ ਤੋਂ ਇਲਾਵਾ ਬਹੁਤ ਸਾਰੇ ਲੋੜਵੰਦ ਲੋਕਾਂ ਤਕ ਰਾਸ਼ਨ ਵੀ ਪਹੁੰਚਾਇਆ ਗਿਆ |ਕੋਰੋਨਾ ਮਹਾਂਮਾਰੀ ਦੌਰਾਨ ਸਾਡੇ ਡਾ. ਰਮੇਸ਼ ਸੁਪਰ ਸਪੈਸ਼ਲਿਟੀ ਆਈ ਐਂਡ ਲੇਜ਼ਰ ਸੈਂਟਰ, ਭਾਈ ਰਣਧੀਰ ਸਿੰਘ ਨਗਰ, ਲੁਧਿਆਣਾ ਵਲੋਂ ਕੋਰੋਨਾ ਦੀ ਬਿਮਾਰੀ ਨੂੰ ਮੁੱਖ ਰੱਖਦੇ ਹੋਏ ਅਤੇ ਇਸ ਦੇ ਬਚਾਅ ਦੀਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਮਰੀਜ਼ਾ ਦਾ ਚੈੱਕਅਪ ਕੀਤਾ ਜਾਂਦਾ ਰਿਹਾ ਹੈ, ਅਤੇ ਜੋ ਮਰੀਜ਼ ਹਸਪਤਾਲ ਵਿੱਚ ਨਹੀਂ ਆ ਸਕਦੇ ਸੀ ਉਹਨਾਂ ਲਈ ਚੈੱਕਅਪ ਦੀ ਔਨਲਾਈਨ ਸਹੂਲਤ ਵੀ ਉਪਲੱਬਧ ਕੀਤੀ ਗਈ | ਇਸ ਤੋਂ ਇਲਾਵਾ ਬੱਚਿਆਂ ਦੇ ਔਨਲਾਈਨ ਭਾਸ਼ਣ ਮੁਕਾਬਲੇ ਵੀ ਕਰਵਾਏ ਗਏ ਤਾਂ ਕਿ ਬੱਚੇ ਵੀ ਆਪਣੀ ਸਿਹਤ ਦਾ ਧਿਆਨ ਰੱਖਣ |ਅੱਜ ਕਲ ਸ਼ੂਗਰ ਦੀ ਬੀਮਾਰੀ ਬਹੁਤ ਜਿਆਦਾ  ਵੱਧ ਗਈ ਹੈ ਜਿਸ ਕਾਰਨ ਸਾਡੀਆਂ ਅੱਖਾਂ ਤੇ ਸ਼ੂਗਰ ਦਾ ਬਹੁਤ ਮਾੜਾ ਅਸਰ ਪੈਂਦਾ ਹੈ , ਜੇਕਰ ਸਾਨੂੰ ਇਸ ਅੱਖਾਂ ਉਪਰ ਪੈਣ ਵਾਲੇ ਮਾੜੇ ਅਸਰਾਂ  ਦਾ ਸਹੀ ਸਮੇਂ ਤੇ ਪਤਾ ਲੱਗ ਜਾਵੇ ਤਾਂ ਅਸੀਂ ਸ਼ੂਗਰ ਨਾਲ ਹੋਣ ਵਾਲੇ ਅੰਨ੍ਹਾਪਣ ਤੋਂ ਬੱਚ ਸਕਦੇ ਹਾਂ | ਸੋ ਜੇਕਰ ਕਿਸੇ ਨੂੰ ਸ਼ੂਗਰ ਹੋਵੇ ਤਾਂ ਉਹ ਵੀ ਆਪਣੀਆਂ ਅੱਖਾਂ ਦੀ ਜਾਂਚ ਸਾਡੇ ਹਸਪਤਾਲ ਵਿਖੇ ਆ ਕੇ ਕਰਵਾ ਸਕਦਾ ਹੈ ਇਹ ਸਾਰੇ ਕਾਰਜ ਇੱਕ ਟੀਮ ਵਜੋਂ ਸਮਾਜ ਦੇ ਸਾਂਝੇ ਯਤਨਾਂ ਸਦਕਾ ਹੀ ਹੋਏ ਹਨ | ਉਨ੍ਹਾਂ ਸਮਾਜ ਨੂੰ ਅਪੀਲ ਕੀਤੀ ਕਿ ਸਮਾਜ ਭਲਾਈ ਦੇ ਨੇਕ ਕੰਮਾਂ ਲਈ ਅੱਗੇ ਆਉਣ | ਸ.ਤਰਨਜੀਤ ਸਿੰਘ ਨਿਮਾਣਾ ਮੁੱਖ ਸੇਵਾਦਾਰ ਭਾਈ ਘਨੱਈਆ ਜੀ ਮਿਸ਼ਨ ਸੇਵਾ ਸੋਸਾਇਟੀ ਨੇ ਕਿਹਾ ਕੇ ਸਾਨੂੰ ਮਾਣ ਹੈ ਕੇ ਇਹ ਐਵਾਰਡ ਸਾਡੀ ਸੋਸਾਇਟੀ ਵਲੋਂ ਡਾਕਟਰ ਰਮੇਸ਼ ਜੀ ਨੂੰ ਦਿੱਤਾ ਗਿਆ ਹੈ