ਵਿਆਹ ਦੀ ਉਮਰ ਵਧਣ ਨਾਲ ਵੱਧ ਜਾਵੇਗੀ ਗ੍ਰੈਜੂਏਟ ਲੜਕੀਆਂ ਦੀ ਗਿਣਤੀ

0
135

ਨਵੀਂ ਦਿੱਲੀ TLT/ਐੱਸਬੀਆਈ ਇਕੋਰੈਪ ਦਾ ਅਨੁਮਾਨ ਹੈ ਕਿ ਲੜਕੀਆਂ ਦੀ ਵਿਆਹ ਦੀ ਵਿਧਾਨਕ ਉਮਰ 18 ਸਾਲ ਤੋਂ ਜ਼ਿਆਦਾ ਕਰਨ ‘ਤੇ ਦੇਸ਼ ‘ਚ ਗ੍ਰੈਜੂਏਟ ਔਰਤਾਂ ਦੀ ਗਿਣਤੀ ‘ਚ ਘੱਟੋ ਘੱਟ ਪੰਜ ਤੋਂ ਸੱਤ ਫੀਸਦੀ ਦਾ ਵਾਧਾ ਹੋ ਸਕਦਾ ਹੈ। ਇਸਦਾ ਫ਼ਾਇਦਾ ਇਹ ਹੋਵੇਗਾ ਕਿ ਔਰਤਾਂ ਨੂੰ ਮਿਲਣ ਵਾਲੀ ਤਨਖ਼ਾਹ ‘ਚ ਵਾਧਾ ਹੋਵੇਗਾ। ਇਸ ਤੋਂ ਇਲਾਵਾ ਜੱਚਾ-ਬੱਚਾ ਦੀ ਮੌਤ ਦਰ ‘ਚ ਵੀ ਕਮੀ ਆਏਗੀ। ਹਾਲੇ ਦੇਸ਼ ‘ਚ 9.8 ਫ਼ੀਸਦੀ ਔਰਤਾਂ ਹੀ ਗ੍ਰੈਜੂਏਟ ਹਨ।

ਸਰਕਾਰ ਛੇਤੀ ਹੀ ਲੜਕੀਆਂ ਦੇ ਵਿਆਹ ਦੀ ਵਿਧਾਨਕ ਉਮਰ ‘ਚ ਵਾਧਾ ਕਰਨ ਦਾ ਐਲਾਨ ਕਰ ਸਕਦੀ ਹੈ। ਹਾਲੇ ਵਿਆਹ ਲਈ ਲੜਕੀਆਂ ਦੀ ਕਾਨੂੰਨੀ ਉਮਰ 18 ਸਾਲ ਤੇ ਲੜਕਿਆਂ ਦੀ 21 ਸਾਲ ਹੈ। ਇਸ ਸਾਲ 15 ਅਗਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੜਕੀਆਂ ਦੇ ਵਿਆਹ ਦੀ ਉਮਰ ‘ਚ ਛੇਤੀ ਵਾਧਾ ਕਰਨ ਦਾ ਐਲਾਨ ਕੀਤਾ ਸੀ। ਐੱਸਬੀਆਈ ਇਕੋਰੈਪ ਦੀ ਰਿਪੋਰਟ ਦੇ ਮੁਤਾਬਕ ਲੜਕੀਆਂ ਦੇ ਵਿਆਹ ਦੀ ਕਾਨੂੰਨੀ ਉਮਰ ਨੂੰ 18 ਸਾਲ ਤੋਂ ਵਧਾ ਕੇ 21 ਸਾਲ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਸਾਲ 1978 ‘ਚ ਲੜਕੀਆਂ ਦੇ ਵਿਆਹ ਦੀ ਉਮਰ 15 ਸਾਲ ਤੋਂ ਵਧਾ ਕੇ 18 ਸਾਲ ਕੀਤੀ ਗਈ ਸੀ।

65 ਫੀਸਦੀ ਦੇਸ਼ਾਂ ‘ਚ ਵਿਧਾਨਕ ਉਮਰ 18 ਸਾਲ

ਉਮਰ ‘ਚ ਬਦਲਾਅ ਹੋਣ ‘ਤੇ ਭਾਰਤ ਚੀਨ, ਸਿੰਗਾਪੁਰ ਤੇ ਦੱਖਣੀ ਅਫਰੀਕਾ ਵਰਗੇ ਦੇਸ਼ਾਂ ਦੀ ਕਤਾਰ ‘ਚ ਸ਼ਾਮਲ ਹੋ ਜਾਵੇਗਾ ਜਿੱਥੇ ਲੜਕੀਆਂ ਦੇ ਵਿਆਹ ਦੀ ਵਿਧਾਨਕ ਉਮਰ 21 ਸਾਲ ਹੈ। ਦੁਨੀਆ ਦੇ 65 ਫੀਸਦੀ ਦੇਸ਼ਾਂ ‘ਚ ਵਿਆਹ ਦੀ ਵਿਧਾਨਕ ਉਮਰ 18 ਸਾਲ ਹੈ।

21 ਸਾਲ ਤੋਂ ਪਹਿਲਾਂ ਹੋ ਜਾਂਦਾ ਹੈ 35 ਫ਼ੀਸਦੀ ਲੜਕੀਆਂ ਦਾ ਵਿਆਹ

ਰਿਪੋਰਟ ਮੁਤਾਬਕ, ਵਿਆਹ ਦੀ ਉਮਰ ‘ਚ ਵਾਧਾ ਹੋਣ ਨਾਲ ਲੋਕਾਂ ‘ਚ ਲੜਕੀਆਂ ਦੀ ਸਿੱਖਿਆ ਤੇ ਉਨ੍ਹਾਂ ਦੇ ਵਿਆਹ ਨੂੰ ਲੈ ਕੇ ਮਾਨਸਿਕਤਾ ‘ਚ ਬਦਲਾਅ ਆਏਗਾ। ਹਾਲੇ ਭਾਰਤ ‘ਚ 35 ਫੀਸਦੀ ਤੋਂ ਜ਼ਿਆਦਾ ਲੜਕੀਆਂ ਦਾ ਵਿਆਹ 21 ਸਾਲ ਤੋਂ ਘੱਟ ਉਮਰ ‘ਚ ਹੋ ਜਾਂਦਾ ਹੈ। ਇਸ ਮਾਮਲੇ ‘ਚ ਸਭ ਤੋਂ ਖਰਾਬ ਸਥਿਤੀ ਬੰਗਾਲ ਦੀ ਹੈ ਜਿੱਥੇ 51 ਫੀਸਦੀ ਲੜਕੀਆਂ ਦਾ ਵਿਆਹ 21 ਸਾਲ ਤੋਂ ਪਹਿਲਾਂ ਹੁੰਦਾ ਹੈ।