ਸਮੇਂ ਦੇ ਹਾਣੀ ਨਾਟਕਾਂ ਦੀ ਗੂੰਜ ਪਾਏਗਾ 29ਵਾਂ ‘ਮੇਲਾ ਗ਼ਦਰੀ ਬਾਬਿਆਂ ਦਾ’

0
99

ਜਲੰਧਰ  (ਰਮੇਸ਼ ਗਾਬਾ) ਗ਼ਦਰ ਪਾਰਟੀ ਦੇ ਬਾਨੀ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਦੀ 150ਵੀਂ ਜਨਮ ਵਰੇਗੰਢ ਨੂੰ ਸਮਰਪਤ 29ਵਾਂ ਮੇਲਾ ਗ਼ਦਰੀ ਬਾਬਿਆਂ ਦਾ ਵਕਤ ਦੀ ਵੰਗਾਰ ਨੂੰ ਸੰਬੋਧਤ ਸਮੇਂ ਦੇ ਹਾਣੀ ਨਾਟਕਾਂ ਅਤੇ ਗੀਤਾਂ ਦੀ ਗੂੰਜ ਪਾਏਗਾ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਦੀ ਪ੍ਰਧਾਨਗੀ ‘ਚ ਹੋਈ ਮੀਟਿੰਗ ‘ਚ ਅੱਜ ਗ਼ਦਰੀ ਬਾਬਿਆਂ ਦੇ ਮੇਲੇ ‘ਚ ਪੇਸ਼ ਕਲਾ ਵੰਨਗੀਆਂ ਨੂੰ ਅੰਤਿਮ ਛੋਹਾਂ ਦੇਣ ਉਪਰੰਤ ਕਮੇਟੀ ਦੇ ਸਹਾਇਕ ਸਕੱਤਰ ਡਾ. ਪਰਮਿੰਦਰ ਸਿੰਘ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ‘ਚ ਬਣੇ ਪੰਡਾਲ ‘ਬਾਬਾ ਸੋਹਣ ਸਿੰਘ ਭਕਨਾ ਨਗਰ’ ਵਿੱਚ ਪਹਿਲੀ ਨਵੰਬਰ ਸਵੇਰੇ 10 ਵਜੇ ਤੋਂ ਦੇਰ ਸ਼ਾਮ ਤੱਕ ਹੋਣ ਵਾਲੇ ਇਸ ਮੇਲੇ ‘ਚ ਸਮੇਂ ਦੀ ਨਬਜ਼ ਤੋਂ ਹੱਥ ਧਰਦੇ ਹੋਏ ਦੋ ਨਾਮਵਰ ਵਿਦਵਾਨ ਡਾ.ਸਵਰਾਜਬੀਰ ਅਤੇ ਡਾ.ਦਵਿੰਦਰ ਸ਼ਰਮਾ ਮੁੱਖ ਵਕਤਾ ਹੋਣਗੇ।
31 ਅਕਤੂਬਰ ਦਿਨੇ ਹੀ ਦੇਸ਼ ਭਗਤ ਯਾਦਗਾਰ ਹਾਲ ਆਪਣੇ ਆਪ ‘ਚ ਵੱਖਰੇ ਮੇਲੇ ‘ਪੁਸਤਕ ਮੇਲੇ’ ਨਾਲ ਸਜ-ਧਜ ਜਾਏਗਾ। ਇਸ ਸ਼ਾਮ 6 ਵਜੇ ਪੀਪਲਜ਼ ਵਾਇਸ ਫ਼ਿਲਮ ਸ਼ੋਅ ‘ਚ ਬਹੁਤ ਹੀ ਪ੍ਰਸੰਗਕ ਅਤੇ ਦਿਲਕਸ਼ ਫ਼ਿਲਮਾਂ ਵਿਖਾਏਗਾ।
ਪਹਿਲੀ ਨਵੰਬਰ ਸਵੇਰੇ 10 ਵਜੇ ‘ਜੀ ਆਇਆਂ’ ਕਹਿਣਗੇ, ਸਹਾਇਕ ਸਕੱਤਰ ਡਾ. ਪਰਮਿੰਦਰ ਸਿੰਘ, ਕਮੇਟੀ ਮੈਂਬਰ ਸੁਰਿੰਦਰ ਜਲਾਲਦੀਵਾਲ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਉਹਨਾਂ ਦੀ ਤਕਰੀਰ ਉਪਰੰਤ ‘ਗ਼ਦਰ ਲਹਿਰ ਅਤੇ ਸਮੇਂ ਦੀਆਂ ਬਾਤਾਂ’ ਪਾਏਗਾ ਅਮੋਲਕ ਸਿੰਘ ਦਾ ਲਿਖਿਆ ਝੰਡੇ ਦਾ ਗੀਤ। ਉਪਰੰਤ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਪ੍ਰਧਾਨਗੀ ਭਾਸ਼ਣ ਦੇਣਗੇ। ਦੁਪਹਿਰ ਸਮੇਂ ਗੁਰਸ਼ਰਨ ਸਿੰਘ ਦਾ ਲਿਖਿਆ ਨਾਟਕ ਅੰਮ੍ਰਿਤਸਰ ਨਾਟਕ ਕਲਾ ਕੇਂਦਰ ਚੰਡੀਗੜ• (ਏਕੱਤਰ) ਵੱਲੋਂ ਖੇਡਿਆ ਜਾਏਗਾ ‘ਖੂਹ ਦੇ ਡੱਡੂ’।
ਗੀਤ-ਸੰਗੀਤ ਅਤੇ ਕਵੀ-ਦਰਬਾਰ ਉਪਰੰਤ ਪਹਿਲੀ ਨਵੰਬਰ ਦੀ ਸ਼ਾਮ ਹੋਏਗੀ ਨਾਟਕਾਂ ਅਤੇ ਗੀਤਾਂ ਭਰੀ ਸ਼ਾਮ। ਇਸ ਸ਼ਾਮ ਮੰਚ ਰੰਗ ਮੰਚ ਅੰਮ੍ਰਿਤਸਰ (ਕੇਵਲ ਧਾਲੀਵਾਲ) ‘ਅੱਗ ਦੀ ਜਾਈ ਦਾ ਗੀਤ’, ਅਦਾਕਾਰ ਮੰਚ ਮੁਹਾਲੀ (ਡਾ.ਸਾਹਿਬ ਸਿੰਘ) ‘ਲੱਛੂ ਕਬਾੜੀਆ’, ਸੁਚੇਤਕ ਰੰਗ ਮੰਚ (ਅਨੀਤਾ ਸ਼ਬਦੀਸ਼) ‘ਜੇ ਹੁਣ ਵੀ ਨਾ ਬੋਲੇ’, ਨਾਟਿਯਮ ਅਭਿਨੇਤਾ ਦਾ ਰੰਗ ਮੰਚ ਬਠਿੰਡਾ (ਕੀਰਤੀ ਕਿਰਪਾਲ) ‘ਮਦਾਰੀ’ (ਰਚਨਾ ਗੁਰਮੀਤ ਕੜਿਆਲਵੀ) ਅਤੇ ਮੰਚ ਰੰਗ ਮੰਚ ਅੰਮ੍ਰਿਤਸਰ (ਕੇਵਲ ਧਾਲੀਵਾਲ) ‘ਹਾੜੀਆਂ-ਸਾਉਣੀਆਂ’ (ਰਚਨਾ ਜੋਗਿੰਦਰ ਬਾਹਰਲਾ) ਨਾਟਕ ਅਤੇ ਓਪੇਰੇ ਖੇਡੇ ਜਾਣਗੇ।
ਦਿਨ ਅਤੇ ਰਾਤ ਦੇ ਮੇਲੇ ‘ਚ ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ (ਸਵਰਨ ਧਾਲੀਵਾਲ), ਲੋਕ ਸੰਗੀਤ ਮੰਡਲੀ ਭਦੌੜ (ਮਾਸਟਰ ਰਾਮ ਕੁਮਾਰ), ਲੋਕ ਸੰਗੀਤ ਮੰਡਲੀ ਧੌਲਾ (ਨਵਦੀਪ ਧੌਲਾ), ਲੋਕ ਸੰਗੀਤ ਮੰਡਲੀ ਮਸਾਣੀ (ਧਰਮਿੰਦਰ ਮਸਾਣੀ), ਮਾਨਵਤਾ ਕਲਾ ਮੰਚ ਨਗਰ (ਨਰਗਿਸ), ਅੰਮ੍ਰਿਤਪਾਲ ਬਠਿੰਡਾ ਗੀਤ-ਸੰਗੀਤ ਦਾ ਰੰਗ ਭਰਨਗੇ।
ਕਮੇਟੀ ਨੇ ਸਮੂਹ ਲੋਕ-ਪੱਖੀ ਜੱਥੇਬੰਦੀਆਂ ਨੂੰ ਮੇਲੇ ‘ਚ ਵੱਡੀ ਗਿਣਤੀ ‘ਚ ਪੁੱਜਣ ਅਤੇ ਹਰ ਤਰ•ਾਂ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਜ਼ਿਕਰਯੋਗ ਹੈ ਕਿ 31 ਅਕਤੂਬਰ ਅਤੇ 1 ਨਵੰਬਰ ਦੀ ਰਾਤ ਵੀ ਦਰਸ਼ਕਾਂ ਲਈ ਖਾਣੇ ਅਤੇ ਰਿਹਾਇਸ਼ ਦਾ ਪ੍ਰਬੰਧ ਹੋਏਗਾ।