ਪ੍ਰੇਮੀ ਨਾਲ ਵਿਆਹ ਕਰਵਾਉਣ ਲਈ ਪ੍ਰੇਮਿਕਾ ਨੇ ਲਾਈ ਜਾਨ ਦੀ ਬਾਜ਼ੀ

0
700
ਸ਼੍ਰੀ ਮਾਛੀਵਾੜਾ ਸਾਹਿਬ/ ਆਸ਼ਿਕੀ ਲੋਕਾਂ ‘ਤੇ ਇਸ ਕਦਰ ਹਾਵੀ ਹੋ ਜਾਂਦੀ ਹੈ ਕਿ ਕਈ ਵਾਰ ਪ੍ਰੇਮੀ ਜੋੜੇ ਸਾਰੀਆਂ ਹੱਦਾਂ ਟੱਪ ਸਿਰ ਧੜ ਦੀ ਬਾਜ਼ੀ ਲਗਾ ਆਪਣੇ ਜਾਨ ਜੋਖ਼ਮ ‘ਚ ਪਾਉਣ ਤੋਂ ਵੀ ਨਹੀਂ ਕਤਰਾਉਂਦੇ। ਇਸ ਤਰ੍ਹਾਂ ਦਾ ਹੀ ਮਾਮਲਾ ਮਾਛੀਵਾੜਾ ਦੇ ਸਤਲੁਜ ਦਰਿਆ ਕਿਨਾਰੇ ਵਸਦੇ ਪਿੰਡ ’ਚ ਵਾਪਰਿਆ ਜਿੱਥੇ ਪ੍ਰੇਮੀ ਨਾਲ ਵਿਆਹ ਕਰਵਾਉਣ ਲਈ ਸਿਰਫ਼ਿਰੀ ਪ੍ਰੇਮਿਕਾ ਨੇ ਜਾਨ ਦੀ ਬਾਜ਼ੀ ਲਗਾ ਦਿੱਤੀ ਜੋ 100 ਫੁੱਟ ਉਚੇ ਹਾਈਵੋਲਟੇਜ਼ ਬਿਜਲੀ ਦੀਆਂ ਤਾਰ੍ਹਾਂ ਵਾਲੇ ਟਾਵਰ ‘ਤੇ ਜਾ ਚੜ੍ਹੀ।
ਮਿਲੀ ਜਾਣਕਾਰੀ ਮੁਤਾਬਿਕ ਬੇਟ ਖੇਤਰ ਦੇ ਇੱਕ ਪਿੰਡ ‘ਚ ਰਹਿੰਦੇ ਪ੍ਰਵਾਸੀ ਮਜ਼ਦੂਰ ਦੇ ਪਰਿਵਾਰ ਦੀ ਇੱਕ ਲੜਕੀ ਦਾ ਨੇੜ੍ਹੇ ਹੀ ਰਹਿੰਦੇ ਯੂਪੀ ਤੋਂ ਆਏ ਨੌਜਵਾਨ ਨਾਲ ਪ੍ਰੇਮ ਸਬੰਧ ਬਣ ਗਏ ਜਿਸ ‘ਤੇ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਸਹਿਮਤੀ ਨਾ ਪ੍ਰਗਟਾਈ ਕਿਉਂਕਿ ਉਨ੍ਹਾਂ ਅਨੁਸਾਰ ਲੜਕਾ ਜ਼ਿਆਦਾ ਉਮਰ ਦਾ ਸੀ ਤੇ ਉਸ ਦੇ ਵਿਆਹੇ ਜਾਂ ਕੁਆਰੇ ਸਬੰਧਿਤ ਵੀ ਕੋਈ ਜਾਣਕਾਰੀ ਨਹੀਂ ਸੀ। ਦੂਜੇ ਪਾਸੇ ਪ੍ਰੇਮਿਕਾ ਆਪਣੇ ਪ੍ਰੇਮੀ ਨਾਲ ਵਿਆਹ ਕਰਵਾਉਣ ਲਈ ਬੇਜ਼ਿਦ ਸੀ ਆਖਰ ਪਰਿਵਾਰਕ ਮੈਂਬਰਾਂ ਨੇ ਇਹ ਸ਼ਰਤ ਰੱਖ ਦਿੱਤੀ ਕਿ ਲੜਕਾ ਆਪਣੀ ਪ੍ਰੇਮਿਕਾ ਦੇ ਨਾਮ ‘ਤੇ 50 ਹਜ਼ਾਰ ਰੁਪਏ ਜਮ੍ਹਾਂ ਕਰਵਾਏ ਤਾਂ ਜੋ ਲੜਕੀ ਦਾ ਭਵਿੱਖ ਸੁਰੱਖਿਅਤ ਰਹਿ ਸਕੇ।
ਅਜੇ ਇਸ ਸਬੰਧੀ ਦੋਵਾਂ ਪਰਿਵਾਰਾਂ ’ਚ ਗੱਲਬਾਤ ਚੱਲ ਹੀ ਰਹੀ ਸੀ ਕਿ ਅਖੀਰ ਲੜਕੀ ਆਪਣੇ ਪ੍ਰੇਮੀ ਨਾਲ ਵਿਆਹ ਕਰਵਾਉਣ ਲਈ 100 ਫੁੱਟ ਉਚੇ ਹਾਈਵੋਲਟੇਜ਼ ਬਿਜਲੀ ਦੀਆਂ ਤਾਰ੍ਹਾਂ ਵਾਲੇ ਖੰਭੇ ‘ਤੇ ਜਾ ਚੜ੍ਹੀ ਤੇ ਕਿਹਾ ਕਿ ਜੇਕਰ ਉਸ ਦਾ ਪ੍ਰੇਮੀ ਨਾਲ ਵਿਆਹ ਨਾ ਹੋਇਆ ਤਾਂ ਉਹ ਖੁਦਕੁਸ਼ੀ ਕਰ ਲਵੇਗੀ। ਸੂਚਨਾ ਮਿਲਦਿਆਂ ਹੀ ਸ਼ੇਰਪੁਰ ਪੁਲਿਸ ਚੌਂਕੀ ਦੇ ਕਰਮਚਾਰੀ ਵੀ ਉਥੇ ਪਹੁੰਚ ਗਏ, ਜਿਨ੍ਹਾਂ ਨੇ ਬਿਜਲੀ ਸਪਲਾਈ ਕਟਵਾਉਣ ਦੀ ਕੋਸ਼ਿਸ਼ ਕੀਤੀ ਪਰ ਇਹ ਵੱਡੇ ਟਾਵਰਾਂ ਦੀ ਸਪਲਾਈ ਇਲਾਕੇ ਦੇ ਅਧਿਕਾਰੀਆਂ ਦੇ ਕੰਟਰੋਲ ’ਚ ਨਾ ਹੋਣ ਕਾਰਨ ਉਨ੍ਹਾਂ ਜਵਾਬ ਦੇ ਦਿੱਤਾ।
ਲੜਕੀ ਨੂੰ ਬਿਜਲੀ ਟਾਵਰ ਤੋਂ ਹੇਠਾਂ ਉਤਾਰਨ ਦੀਆਂ ਪਰਿਵਾਰਕ ਮੈਂਬਰਾਂ ਤੇ ਲੋਕਾਂ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ ਪਰ ਉਹ ਨਾ ਉਤਰੀ। ਅਖੀਰ ਉਸ ਦੇ ਪ੍ਰੇਮੀ ਨੂੰ ਬੁਲਾਇਆ ਗਿਆ ਅਤੇ ਉਸ ਨੇ ਹੇਠਾਂ ਖੜ੍ਹ ਕੇ ਆਪਣੀ ਪ੍ਰੇਮਿਕਾ ਨੂੰ ਅਵਾਜ਼ਾਂ ਮਾਰੀਆਂ ਕਿ ਉਹ ਉਸ ਨਾਲ ਵਿਆਹ ਕਰਵਾਏਗਾ ਜਿਸ ਤੋਂ ਬਾਅਦ ਪ੍ਰੇਮਿਕਾ ਨੂੰ ਉਸ ਦੇ ਘਰ ਭੇਜ ਦਿੱਤਾ ਗਿਆ ਹੈ।

LEAVE A REPLY