ਅੱਜ ਤੋਂ ਗਾਹਕਾਂ ਨੂੰ ਮਿਲਣਗੇ ਕਈ ਹੋਰ ਹੱਕ, ਇਸ ਤਰ੍ਹਾਂ ਦਾ ਹੋਵੇਗਾ ਨਵਾਂ ਖਪਤਕਾਰ ਸੁਰੱਖਿਆ ਕਾਨੂੰਨ

0
64

ਨਵੀਂ ਦਿੱਲੀ TLT/ ਖਪਤਕਾਰ ਅਧਿਕਾਰਾਂ ਨੂੰ ਨਵੀਂ ਉਚਾਈ ਦੇਣ ਵਾਲੇ ਖਪਤਕਾਰ ਸੁਰੱਖਿਆ ਕਾਨੂੰਨ 2019 ਦੀਆਂ ਤਜਵੀਜ਼ਾਂ ਸੋਮਵਾਰ ਤੋਂ ਲਾਗੂ ਹੋ ਜਾਣਗੀਆਂ। ਇਹ ਖਪਤਕਾਰ ਸੁਰੱਖਿਆ ਕਾਨੂੰਨ 1986 ਦਾ ਸਥਾਨ ਲਵੇਗਾ। ਨਵੇਂ ਕਾਨੂੰਨ ਤਹਿਤ ਖਪਤਕਾਰ ਕਿਸੇ ਵੀ ਉਪਭੋਗਤਾ ਅਦਾਲਤ ਵਿਚ ਮਾਮਲਾ ਦਰਜ ਕਰਵਾ ਸਕੇਗਾ। ਭਰਮਾਊ ਇਸ਼ਤਿਹਾਰਾਂ ‘ਤੇ ਜੁਰਮਾਨਾ ਅਤੇ ਜੇਲ੍ਹ ਵਰਗੀਆਂ ਤਜਵੀਜ਼ਾਂ ਵੀ ਇਸ ਵਿਚ ਜੋੜੀਆਂ ਗਈਆਂ ਹਨ। ਪਹਿਲੀ ਵਾਰ ਆਨਲਾਈਨ ਕਾਰੋਬਾਰ ਨੂੰ ਵੀ ਇਸ ਦੇ ਦਾਇਰੇ ਵਿਚ ਲਿਆਂਦਾ ਗਿਆ ਹੈ। ਪਹਿਲਾਂ ਇਸ ਕਾਨੂੰਨ ਨੂੰ ਜਨਵਰੀ ਵਿਚ ਲਾਗੂ ਕੀਤਾ ਜਾਣਾ ਸੀ, ਜਿਸਨੂੰ ਬਾਅਦ ਵਿਚ ਮਾਰਚ ਕਰ ਦਿੱਤਾ ਗਿਆ। ਮਾਰਚ ਵਿਚ ਕੋਰੋਨਾ ਦੇ ਪ੍ਰਕੋਪ ਅਤੇ ਲਾਕਡਾਊਨ ਦੇ ਕਾਰਨ ਇਸਨੂੰ ਲਾਗੂ ਨਹੀਂ ਕੀਤਾ ਜਾ ਸਕਿਆ ਸੀ। ਹੁਣ 20 ਜੁਲਾਈ ਤੋਂ ਸਰਕਾਰ ਨੇ ਇਸਨੂੰ ਲਾਗੂ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸਦੇ ਲਾਗੂ ਹੋ ਜਾਣ ਤੋਂ ਬਾਅਦ ਖਪਤਕਾਰ ਦੀ ਸ਼ਿਕਾਇਤ ‘ਤੇ ਤੁਰੰਤ ਕਾਰਵਾਈ ਸ਼ੁਰੂ ਹੋ ਜਾਵੇਗੀ। ਖ਼ਾਸ ਕਰਕੇ ਹੁਣ ਆਨਲਾਈਨ ਕਾਰੋਬਾਰ ਵਿਚ ਖਪਤਕਾਰਾਂ ਦੇ ਹਿੱਤਾਂ ਦੀ ਅਣਦੇਖੀ ਵੀ ਕੰਪਨੀਆਂ ਨੂੰ ਭਾਰੀ ਪੈ ਸਕਦੀ ਹੈ।

ਨਵੇਂ ਕਾਨੂੰਨ ਵਿਚ ਭਰਮਾਊ ਇਸ਼ਤਿਹਾਰਾਂ ‘ਤੇ ਸਖ਼ਤ ਕਾਰਵਾਈ ਦੀ ਤਜਵੀਜ਼ ਹੈ। ਇਸ ਕਾਨੂੰਨ ਤਹਿਤ ਉਪਭੋਗਤਾ ਵਿਵਾਦਾਂ ਨੂੰ ਸਮੇਂ ‘ਤੇ, ਅਸਰਦਾਇਕ ਅਤੇ ਤੇਜ਼ ਗਤੀ ਨਾਲ ਸੁਝਾਇਆ ਜਾਵੇਗਾ। ਨਵੇਂ ਕਾਨੂੰਨ ਤਹਿਤ ਉਪਭੋਗਤਾ ਅਦਾਲਤਾਂ ਦੇ ਨਾਲ-ਨਾਲ ਇਕ ਕੇਂਦਰੀ ਉਪਭੋਗਤਾ ਸੁਰੱਖਿਆ ਅਥਾਰਟੀ (ਸੀਸੀਪੀਏ) ਦੇ ਗਠਨ ਦੀ ਵੀ ਤਜਵੀਜ਼ ਹੈ। ਇਸਦਾ ਮੁੱਖ ਉਦੇਸ਼ ਖਪਤਕਾਰਾਂ ਦੇ ਹਿੱਤਾਂ ਦੀ ਰੱਖਿਆ ਕਰਨਾ ਹੋਵੇਗਾ। ਇਸਦੇ ਨਾਲ-ਨਾਲ ਮਾੜੇ ਕਿਸਮ ਦੀਆਂ ਕਾਰੋਬਾਰੀ ਸਰਗਰਮੀਆਂ, ਭਰਮਾਊ ਇਸ਼ਤਿਹਾਰਾਂ ਅਤੇ ਉਪਭੋਗਤਾ ਅਧਿਕਾਰਾਂ ਦੇ ਉਲੰਘਣ ਨਾਲ ਸਬੰਧਤ ਮਾਮਲਿਆਂ ਨੂੰ ਵੀ ਸੀਸੀਪੀਏ ਦੇਖੇਗਾ ਅਤੇ ਤੁਰੰਤ ਨਿਪਟਾਰਾ ਕਰੇਗਾ। ਇਸ ਅਥਾਰਟੀ ਦੇ ਕੋਲ ਅਧਿਕਾਰ ਹੋਵੇਗਾ ਕਿ ਉਹ ਭਰਮਾਊ ਜਾਂ ਝੂਠੇ ਇਸ਼ਤਿਹਾਰ ਜਿਵੇਂ ਲਕਸ਼ਮੀ ਧਨ ਵਰਸ਼ਾ ਯੰਤਰ ਬਣਾਉਣ ਵਾਲਿਆਂ ਅਤੇ ਉਨ੍ਹਾਂ ਦਾ ਪ੍ਰਚਾਰ-ਪ੍ਰਸਾਰ ਕਰਨ ਵਾਲਿਆਂ ‘ਤੇ ਜੁਰਮਾਨਾ ਲਗਾਏ। ਇਸ ਅਥਾਰਟੀ ਦੇ ਕੋਲ ਦੋ ਤੋਂ ਲੈ ਕੇ ਪੰਜ ਸਾਲ ਤਕ ਦੀ ਕੈਦ ਦੀ ਸਜ਼ਾ ਸੁਣਾਉਣ ਅਤੇ 50 ਲੱਖ ਰੁਪਏ ਤਕ ਦਾ ਜੁਰਮਾਨਾ ਵਸੂਲਣ ਦਾ ਅਧਿਕਾਰ ਹੋਵੇਗਾ। ਜ਼ਿਆਦਾ ਮੁੱਲ ਵਸੂਲਣ, ਗਲਤ ਵਿਵਹਾਰ ਕਰਨ, ਜੀਵਨ ਲਈ ਖ਼ਤਰਨਾਕ ਤੇ ਦੋਸ਼ਪੂਰਨ ਵਸਤੂਆਂ ਅਤੇ ਸੇਵਾਵਾਂ ਵੇਚਣ ਦੇ ਮਾਮਲਿਆਂ ਵਿਚ ਸ਼ਿਕਾਇਤ ਦੀ ਸੁਣਵਾਈ ਉਪਭੋਗਤਾ ਵਿਵਾਦ ਨਿਵਾਰਣ ਕਮਿਸ਼ਨ (ਸੀਡੀਆਰਸੀ) ਵਿਚ ਹੋਵੇਗੀ।

ਮਾਮਲਾ ਦਰਜ ਕਰਾਉਣ ‘ਚ ਸੌਖ

ਉਪਭੋਗਤਾ ਸੁਰੱਖਿਆ ਕਾਨੂੰਨ 2019 ਲਾਗੂ ਹੋ ਜਾਣ ਤੋਂ ਬਾਅਦ ਖਪਤਕਾਰ ਕਿਸੇ ਵੀ ਉਪਭੋਗਤਾ ਅਦਾਲਤ ਵਿਚ ਮਾਮਲਾ ਦਰਜ ਕਰਵਾ ਸਕੇਗਾ। ਉਪਭੋਗਤਾ ਸੁਰੱਖਿਆ ਕਾਨੂੰਨ 1986 ਵਿਚ ਅਜਿਹੀ ਤਜਵੀਜ਼ ਨਹੀਂ ਸੀ। ਉਦਾਹਰਣ ਦੇ ਤੌਰ ‘ਤੇ, ਤੁਸੀਂ ਬਿਹਾਰ ਦੇ ਰਹਿਣ ਵਾਲੇ ਹੋ ਅਤੇ ਮੁੰਬਈ ਤੋਂ ਸਾਮਾਨ ਖ਼ਰੀਦ ਕਰਦੇ ਹੋ। ਫਿਰ ਤੁਸੀਂ ਗੋਆ ਚਲੇ ਜਾਂਦੇ ਹੋ ਤਾਂ ਤੁਸੀਂ ਗੋਆ ਦੀ ਹੀ ਕਿਸੇ ਉਪਭੋਗਤਾ ਫੋਰਮ ਵਿਚ ਆਪਣੀ ਸ਼ਿਕਾਇਤ ਦਰਜ ਕਰਾ ਸਕਦੇ ਹੋ। ਜੇਕਰ ਤੁਸੀਂ ਬਿਹਾਰ ਪਰਤ ਜਾਂਦੇ ਹੋ ਤਾਂ ਤੁਸੀਂ ਨਜ਼ਦੀਕ ਦੀ ਕਿਸੇ ਵੀ ਉਪਭੋਗਤਾ ਫੋਰਮ ਵਿਚ ਸ਼ਿਕਾਇਤ ਦਰਜ ਕਰਾ ਸਕਦੇ ਹੋ। ਪਹਿਲਾਂ ਦੇ ਪ੍ਰਬੰਧ ਵਿਚ ਜਿੱਥੋਂ ਸਾਮਾਨ ਖ਼ਰੀਦਿਆ ਹੈ, ਉੱਥੇ ਜਾ ਕੇ ਤੁਹਾਨੂੰ ਸ਼ਿਕਾਇਤ ਦਰਜ ਕਰਾਉਣੀ ਪੈਂਦੀ ਸੀ।

LEAVE A REPLY