ਦੋ ਨੌਜਵਾਨਾਂ ਤੋਂ ਤੰਗ ਆ ਕੇ ਮਲੇਸ਼ੀਆ ਗਈ ਕੁੜੀ ਨੇ ਫੇਸਬੁੱਕ ‘ਤੇ ਲਾਈਵ ਹੋ ਕੇ ਕੀਤੀ ਖ਼ੁਦਕੁਸ਼ੀ

0
24

ਬਰਨਾਲਾ, (TLT) – ਬਰਨਾਲਾ ਤੇ ਲੁਧਿਆਣਾ ਵਾਸੀ ਦੋ ਨੌਜਵਾਨਾਂ ‘ਤੇ 22 ਸਾਲਾ ਲੜਕੀ ਨੂੰ ਮਲੇਸ਼ੀਆ ‘ਚ ਖ਼ੁਦਕੁਸ਼ੀ ਲਈ ਮਜਬੂਰ ਕਰਨ ਦਾ ਦੋਸ਼ ਲੱਗਾ ਹੈ। ਇਸ ਮਾਮਲੇ ਸਬੰਧੀ ਥਾਣਾ ਸਿਟੀ-2 ਬਰਨਾਲਾ ਦੀ ਪੁਲਿਸ ਨੇ ਮ੍ਰਿਤਕ ਲੜਕੀ ਦੀ ਮਾਤਾ ਦੇ ਬਿਆਨਾਂ ਦੇ ਆਧਾਰ ‘ਤੇ ਪਿੰਡ ਖੁੱਡੀ ਕਲਾਂ ਦੇ ਵਾਸੀ ਮਿਲਨ ਤੇ ਦੀਪ ਵਾਸੀ ਸਹਾਰਨ ਮਾਜਰਾ ਜ਼ਿਲ੍ਹਾ ਲੁਧਿਆਣਾ ‘ਤੇ ਕੇਸ ਦਰਜ ਕਰ ਕੇ ਗ੍ਰਿਫ਼ਤਾਰੀ ਲਈ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਸਿਟੀ-2 ਦੇ ਮੁਖੀ ਰਣਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਹਾਲ ਵਾਸੀ ਮਲੇਸ਼ੀਆ ਦੀ ਮਾਤਾ ਨੇ ਪੁਲਿਸ ਨੂੰ ਦੱਸਿਆ ਕਿ ਪਿੰਡ ਖੁੱਡੀ ਕਲਾਂ ਵਾਸੀ ਮਿਲਨ ਤੇ ਸਹਾਰਨ ਮਾਜਰਾ ਤਹਿਸੀਲ ਲੁਧਿਆਣਾ ਵਾਸੀ ਦੀਪ ਉਨ੍ਹਾਂ ਦੀ ਬੇਟੀ ਨੂੰ ਅਕਸਰ ਪਰੇਸ਼ਾਨ ਕਰਦੇ ਸਨ। ਉਸ ਨਾਲ ਅਸ਼ਲੀਲ ਹਰਕਤਾਂ ਕਰਦੇ ਸਨ, ਜਿਸ ਕਾਰਨ ਉਹ ਅਕਸਰ ਮਾਨਸਿਕ ਤੌਰ ‘ਤੇ ਪਰੇਸ਼ਾਨ ਰਹਿੰਦੀ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਇਸ ਸਬੰਧੀ ਪੁਲਿਸ ਹੈਲਪਲਾਈਨ ਨੰਬਰ-181 ‘ਤੇ ਵੀ ਸ਼ਿਕਾਇਤ ਕੀਤੀ ਸੀ ਪਰ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਲੜਕਿਆਂ ਤੋਂ ਪਰੇਸ਼ਾਨ ਹੋ ਕੇ ਉਨ੍ਹਾਂ ਨੇ ਲੜਕੀ ਨੂੰ 27 ਅਗਸਤ 2019 ਨੂੰ ਮਲੇਸ਼ੀਆ ਭੇਜ ਦਿੱਤਾ ਪਰ ਮੁਲਜ਼ਮ ਫੋਨ ‘ਤੇ ਉਨ੍ਹਾਂ ਨੂੰ ਧਮਕੀਆਂ ਦੇਣ ਲੱਗੇ। ਉਨ੍ਹਾਂ ਆਪਣੇ ਤੌਰ ‘ਤੇ ਉਕਤ ਲੜਕਿਆਂ ਦਾ ਪਤਾ ਕੀਤਾ, ਪਤਾ ਲੱਗਾ ਕਿ ਉਹ ਨਸ਼ੇੜੀ ਹਨ। ਮਿਲਨ ਤੇ ਦੀਪ ਨੇ ਲੜਕੀ ਦਾ ਮਲੇਸ਼ੀਆ ਦਾ ਫ਼ੋਨ ਨੰਬਰ ਵੀ ਭਾਲ ਲਿਆ ਤੇ ਉਸਨੂੰ ਮਲੇਸ਼ੀਆ ‘ਚ ਵੀ ਪਰੇਸ਼ਾਨ ਕਰਨ ਲੱਗੇ। ਫੇਸਬੁੱਕ ‘ਤੇ ਗਲਤ ਮੈਸੇਜ ਤੇ ਵੀਡੀਓ ਆਦਿ ਭੇਜ ਕੇ ਪਰੇਸ਼ਾਨ ਕਰਨ ਲੱਗੇ। ਇਨ੍ਹਾਂ ਤੋਂ ਤੰਗ ਆ ਕੇ ਲੜਕੀ ਨੇ ਆਪਣੇ ਕਮਰੇ ‘ਚ ਲਾਈਵ ਹੋ ਕੇ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਤੇ ਫੋਟੋ ਲੜਕਿਆਂ ਨੂੰ ਮੋਬਾਈਲ ‘ਤੇ ਭੇਜ ਦਿੱਤੀ। ਪਰਿਵਾਰਕ ਮੈਂਬਰਾਂ ਨੇ ਮ੍ਰਿਤਕਾ ਦੀ ਲਾਸ਼ 21 ਜਨਵਰੀ ਨੂੰ ਪੰਜਾਬ ਲਿਆਂਦੀ। ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਤੇ ਮੁਲਜ਼ਮ ਮਿਲਨ ਤੇ ਦੀਪ ‘ਤੇ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

LEAVE A REPLY