ਨਵਾਂ ਡੈੱਥ ਵਾਰੰਟ ਜਾਰੀ ਹੋਣ ਤੋਂ ਬਾਅਦ ਨਿਰਭਿਆ ਦੇ ਦਰਿੰਦਿਆਂ ਦੀ ਘਬਰਾਹਟ ਵਧੀ, ਬੇਹੋਸ਼ ਹੋ ਗਿਆ ਵਿਨੈ ਸ਼ਰਮਾ

0
25

ਨਵੀਂ ਦਿੱਲੀ, (TLT) – ਨਿਰਭਿਆ ਕੇਸ ‘ਚ ਦਿੱਲੀ ਪਟਿਆਲਾ ਹਾਊਸ ਕੋਰਟ ਨੇ ਨਵਾਂ ਡੈੱਥ ਵਾਰੰਟ ਜਾਰੀ ਕਰ ਦਿੱਤਾ ਹੈ। ਇਸ ਮੁਤਾਬਿਕ, ਚਾਰਾਂ ਦੋਸ਼ੀਆਂ, ਵਿਨੈ ਸ਼ਰਮਾ, ਮੁਕੇਸ਼ ਸਿੰਘ, ਅਕੈਸ਼ ਕੁਮਾਰ ਸਿੰਘ ਤੇ ਪਵਨ ਗੁਪਤਾ ਨੂੰ 1 ਫਰਵਰੀ ਨੂੰ ਸਵੇਰੇ 6 ਵਜੇ ਫਾਂਸੀ ਦੇ ਦਿੱਤੀ ਜਾਵੇਗੀ। ਨਿਰਭਿਆ ਕੇਸ ‘ਚ ਇਹ ਡੈੱਥ ਵਾਰੰਟ ਜਾਰੀ ਹੋਣ ਦੀ ਸੂਚਨਾ ਜਿਉਂ ਹੀ ਦਰਿੰਦਿਆਂ ਤਕ ਪਹੁੰਚੀ, ਉਨ੍ਹਾਂ ਦੀ ਘਬਰਾਹਟ ਵਧ ਗਈ। ਉੱਥੇ ਰਾਤ ਨੂੰ ਵਿਨੈ ਸ਼ਰਮਾ ਬੇਹੋਸ਼ ਹੋ ਗਿਆ। ਇਸੇ ਵਿਨੈ ਸ਼ਰਮਾ ਨੇ ਦੋ ਦਿਨ ਪਹਿਲਾਂ ਜੇਲ੍ਹ ‘ਚ ਫਾਂਸੀ ਲਾਉਣ ਦੀ ਕੋਸ਼ਿਸ਼ ਕੀਤੀ ਸੀ। ਤਿਹਾੜ ਜੇਲ੍ਹ ਦੇ ਅਧਿਕਾਰੀਆਂ ਮੁਤਾਬਿਕ, ਵਿਨੈ ਨੂੰ ਬੇਸੁੱਧ ਹੋਣ ਤੋਂ ਬਾਅਦ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਜਾਰੀ ਹੈ। ਡਾਕਟਰਾਂ ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ ਉਸ ਨੇ ਖਾਣਾ-ਪੀਣਾ ਛੱਡ ਦਿੱਤਾ ਹੈ ਜਿਸ ਕਾਰਨ ਉਹ ਕਮਜ਼ੋਰ ਹੋ ਗਿਆ ਹੈ। ਤਿਹਾੜ ਜੇਲ੍ਹ ਪ੍ਰਸ਼ਾਸਨ ਮੁਤਾਬਿਕ, ਪਟਿਆਲਾ ਹਾਊਸ ਕੋਰਟ ਵੱਲੋਂ ਜਾਰੀ ਡੈੱਥ ਵਾਰੰਟ ਜੇਲ੍ਹ ਪਹੁੰਚ ਗਿਆ ਹੈ। ਹੁਣ ਇਸ ਦੀ ਤਾਮੀਲ ਦੀ ਕਵਾਇਦ ਸ਼ੁਰੂ ਹੋ ਗਈ ਹੈ। ਚਾਰਾਂ ਦੋਸ਼ੀਆਂ ਨੂੰ ਪਹਿਲਾਂ ਹੀ ਸੈੱਲ ਨੰਬਰ 3 ‘ਚ ਸ਼ਿਫਟ ਕਰ ਦਿੱਤਾ ਗਿਆ ਹੈ। ਇੱਥੇ ਸ਼ਿਫਟ ਕੀਤੇ ਜਾਣ ਤੋਂ ਬਾਅਦ ਤੋਂ ਉਨ੍ਹਾਂ ਦੀ ਬੇਚੈਨੀ ਹੋਰ ਵਧ ਗਈ ਹੈ। ਤਿਹਾੜ ਜੇਲ੍ਹ ਦੇ ਇਸੇ ਸੈੱਲ ‘ਚ ਫਾਂਸੀ ਦੇਣ ਦੀ ਸਹੂਲਤ ਹੈ। ਡੈੱਥ ਵਾਰੰਟ ਜਾਰੀ ਹੋਣ ਤੋਂ ਬਾਅਦ ਪਵਨ ਗੁਪਤਾ ਦੇ ਪਰਿਵਾਰ ਨੇ ਉਸ ਨਾਲ ਮੁਲਾਕਾਤ ਕੀਤੀ। ਉਸ ਦੀ ਭੈਣ ਤੇ ਮਾਂ ਨੇ ਕਰੀਬ ਅੱਧਾ ਘੰਟਾ ਉਸ ਨਾਲ ਗੱਲਬਾਤ ਕੀਤੀ। ਜੇਲ੍ਹ ਅਧਿਕਾਰੀਆਂ ਦਾ ਕਹਿਣਾ ਹੈ ਕਿ ਚਾਰਾਂ ਦੋਸ਼ੀਆਂ ‘ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਤੇ ਉਨ੍ਹਾਂ ਨਾਲ ਵਿਚ-ਵਿਚਾਲੇ ਗੱਲਬਾਤ ਵੀ ਕੀਤੀ ਜਾ ਰਹੀ ਹੈ। ਨਿਯਮਤ ਰੂਪ ‘ਚ ਉਨ੍ਹਾਂ ਦੀ ਸਿਹਤ ਦੀ ਜਾਂਚ ਕੀਤੀ ਜਾ ਰਹੀ ਹੈ। ਜੇਲ੍ਹ ਦੇ ਨਿਯਮਾਂ ਅਨੁਸਾਰ, ਫਾਂਸੀ ‘ਤੇ ਲਟਕਾਏ ਜਾਂਦੇ ਸਮੇਂ ਦੋਸ਼ੀਆਂ ਦਾ ਪੂਰੀ ਤਰ੍ਹਾਂ ਸਿਹਤਮੰਦ ਰਹਿਣਾ ਜ਼ਰੂਰੀ ਹੈ।

LEAVE A REPLY