ਮਹਿੰਗੀ ਬਿਜਲੀ ਦੇ ਮੁੱਦੇ ‘ਤੇ ‘ਆਪ’ ਵੱਲੋਂ ਵਾਕਆਊਟ

0
42

-ਬਿਜਲੀ ਕੰਪਨੀਆਂ ਨਾਲ ਸਮਝੌਤੇ ਰੱਦ ਕਰਨ ਬਾਰੇ ਮਤਾ ਨਾਮੰਜੂਰ ਕਰਨ ‘ਤੇ ਭੜਕੇ ‘ਆਪ’ ਵਿਧਾਇਕ
-ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਬਿਜਲੀ ਸਮਝੌਤੇ ਰੱਦ ਕਰਨ ਦੀ ਹਿਮਾਇਤ ਕਰਨ ਸਾਰੇ ਵਿਧਾਇਕ-ਹਰਪਾਲ ਸਿੰਘ ਚੀਮਾ
-ਸਰਕਾਰ ਨੇ ਬਿਲ ਨਾ ਮੰਜੂਰ ਕਰਕੇ ਲੋਕਾਂ ਦੀ ਥਾਂ ਬਿਜਲੀ ਮਾਫੀਆ ਨਾਲ ਖੜਨ ਦਾ ਦਿੱਤਾ ਸਬੂਤ-ਅਮਨ ਅਰੋੜਾ
ਚੰਡੀਗੜ੍ਹ, (TLT)-ਮਹਿੰਗੀ ਬਿਜਲੀ ਦੇ ਮੁੱਦੇ ‘ਤੇ ਆਮ ਆਦਮੀ ਪਾਰਟੀ (ਆਪ) ਵੱਲੋਂ ਵਿਧਾਨ ਸਭਾ ‘ਚ ਬਿਜਲੀ ਖਰੀਦ ਸਮਝੌਤੇ (ਪੀਪੀਏਜ਼) ਰੱਦ ਕਰਨ ਲਈ ਲਿਆਂਦਾ ਗਿਆ ਪ੍ਰਾਈਵੇਟ ਮੈਂਬਰ ਬਿੱਲ ਨਾ ਮੰਜੂਰ ਕੀਤੇ ਜਾਣ ਦੇ ਰੋਸ਼ ‘ਚ ‘ਆਪ’ ਵਿਧਾਇਕਾਂ ਨੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਨਾਅਰੇਬਾਜੀ ਕਰਦੇ ਹੋਏ ਵਾਕ-ਆਊਟ ਕੀਤਾ। ਇਸ ਮੌਕੇ ਵਾਕਆਊਟ ਕਰਨ ਵਾਲੇ ‘ਆਪ’ ਵਿਧਾਇਕਾਂ ‘ਚ ਹਰਪਾਲ ਸਿੰਘ ਚੀਮਾ ਸਮੇਤ ਅਮਨ ਅਰੋੜਾ, ਸਰਬਜੀਤ ਕੌਰ ਮਾਣੂੰਕੇ, ਕੁਲਤਾਰ ਸਿੰਘ ਸੰਧਵਾਂ, ਮੀਤ ਹੇਅਰ, ਪ੍ਰੋ. ਬਲਜਿੰਦਰ ਕੌਰ, ਰੁਪਿੰਦਰ ਕੌਰ ਰੂਬੀ, ਮਾਸਟਰ ਬਲਦੇਵ ਸਿੰਘ, ਜੈ ਕ੍ਰਿਸ਼ਨ ਸਿੰਘ ਰੋੜੀ, ਮਨਜੀਤ ਸਿੰਘ ਬਿਲਾਸਪੁਰ ਅਤੇ ਕੁਲਵੰਤ ਸਿੰਘ ਪੰਡੋਰੀ ਸ਼ਾਮਲ ਸਨ। ਹਰਪਾਲ ਸਿੰਘ ਚੀਮਾ ਨੇ ਰਾਜਪਾਲ ਦੇ ਭਾਸ਼ਣ ਨੂੰ ਝੂਠ ਦਾ ਪੁਲੰਦਾ ਕਰਾਰ ਦਿੰਦੇ ਹੋਏ ਕਿਹਾ ਕਿ ਸਰਕਾਰ ਨੇ ਇਸ ਵਾਰ ਫਿਰ ਰਾਜਪਾਲ ਸਾਹਿਬ ਤੋਂ ਰੱਜ ਕੇ ਝੂਠ ਬੁਲਵਾਇਆ ਹੈ। ਮੀਡੀਆ ਨੂੰ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਵੀਰਵਾਰ ਦਾ ਦਿਨ ਹੋਣ ਕਰਕੇ ਪਾਰਟੀ ਦੀ ਤਰਫੋਂ ਸਾਡੇ ਸੀਨੀਅਰ ਵਿਧਾਇਕ ਅਮਨ ਅਰੋੜਾ ਨੇ ਪਿਛਲੀ ਬਾਦਲ ਸਰਕਾਰ ਵੱਲੋਂ ਸਰਕਾਰੀ ਥਰਮਲ ਪਲਾਂਟਾਂ ਦੀ ਬਲੀ ਦੇ ਕੇ ਨਿੱਜੀ ਥਰਮਲ ਪਲਾਂਟਾਂ ਨਾਲ ਕੀਤੇ ਮਹਿੰਗੇ, ਮਾਰੂ ਅਤੇ ਇਕਪਾਸੜ ਸਮਝੌਤੇ ਰੱਦ ਕਰਨ ਲਈ ਪ੍ਰਾਈਵੇਟ ਮੈਂਬਰ ਬਿਲ ਪੇਸ਼ ਕਰਨ ਦੀ
ਇਜਾਜਤ ਮੰਗੀ ਸੀ, ਪਰੰਤੂ ਮਨਜੂਰੀ ਨਹੀਂ ਦਿੱਤੀ ਗਈ। ਜੋ ਸ਼ਰੇਆਮ ਲੋਕ ਵਿਰੋਧੀ ਕਦਮ ਹੈ, ਕਿਉਂਕਿ ਜਦੋਂ ਤੱਕ ਨਿੱਜੀ ਥਰਮਲ ਪਲਾਂਟਾਂ ਨਾਲ ਕੀਤੇ ਲੋਟੂ ਸਮਝੌਤੇ ਰੱਦ ਨਹੀਂ ਕੀਤੇ ਜਾਂਦੇ ਉਦੋਂ ਤੱਕ ਲੋਕਾਂ ਨੂੰ ਸਸਤੀ ਬਿਜਲੀ ਸੰਭਵ ਨਹੀਂ। ਚੀਮਾ ਨੇ ਸਾਰੇ ਵਿਧਾਇਕਾਂ ਨੂੰ
ਅਪੀਲ ਕੀਤੀ ਕਿ ਉਹ ਪਾਰਟੀਬਾਜੀ ਤੋਂ ਉਪਰ ਉਠ ਕੇ ਲੋਕਾਂ ਦੇ ਭਲੇ ਲਈ ਨਿੱਜੀ ਬਿਜਲੀ ਕੰਪਨੀਆਂ ਦੇ ਮਾਰੂ ਸਮਝੌਤੇ ਰੱਦ ਕਰਨ ਲਈ ‘ਆਪ’ ਦਾ ਸਮਰਥਨ ਕਰਨ, ਕਿਉਂਕਿ ਬਿਜਲੀ ਦੇ ਬਿਲ ਕਾਂਗਰਸ, ਅਕਾਲੀ, ਭਾਜਪਾ ਜਾਂ ਆਮ ਆਦਮੀ ਪਾਰਟੀ ਦੇਖ ਕੇ ਨਹੀਂ ਆਉਂਦੇ।
ਇਸ ਮੌਕੇ ਅਮਨ ਅਰੋੜਾ ਨੇ ਕਿਹਾ ਕਿ ਸਰਕਾਰ ਦੇ ਇਸ਼ਾਰੇ ‘ਤੇ ਸਪੀਕਰ ਵੱਲੋਂ ਨਿੱਜੀ ਬਿਜਲੀ ਕੰਪਨੀਆਂ ਦੇ ਪੀਪੀਏਜ਼ ਰੱਦ ਕਰਨ ਲਈ ਲਿਆਂਦੇ ਗਏ ਪ੍ਰਾਈਵੇਟ ਮੈਂਬਰ ਬਿਲ ਨਾਮਨਜੂਰ ਕਰਕੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਇਕ ਵਾਰ ਫਿਰ ਸਾਬਤ ਕਰ
ਦਿੱਤਾ ਹੈ ਕਿ ਬਾਦਲਾਂ ਦੀ ਤਰਜ਼ ‘ਤੇ ਕਾਂਗਰਸ ਸਰਕਾਰ ਵੀ ਲੋਕਾਂ ਦੇ ਹਿੱਤਾਂ ‘ਚ ਖੜਨ ਦੀ ਥਾਂ ਨਿੱਜੀ ਬਿਜਲੀ ਕੰਪਨੀਆਂ ਦੀ ਝੋਲੀ ‘ਚ ਬੈਠ ਗਈ ਹੈ। ਅਮਨ ਅਰੋੜਾ ਨੇ ਸਿੱਧਾ ਦੋਸ਼ ਲਗਾਇਆ ਕਿ ਕੈਪਟਨ ਇਸ ਕਰਕੇ ਪੀਪੀਏਜ਼ ਰੱਦ ਨਹੀਂ ਕਰਦੇ ਕਿਉਂਕਿ ਬਿਜਲੀ ਮਾਫੀਆ
ਤੋਂ ਜੋ ਮੋਟਾ ਕਮਿਸ਼ਨ (ਦਲਾਲੀ) ਬਾਦਲਾਂ ਨੂੰ ਮਿਲਦੀ ਸੀ, ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਜਾਣ ਲੱਗੀ ਹੈ। ‘ਆਪ’ ਆਗੂਆਂ ਨੇ ਕਿਹਾ ਕਿ ਸੂਬੇ ‘ਚ ਸਰਕਾਰੀ ਥਰਮਲ ਪਲਾਂਟਾਂ ਦਾ ਬੇੜਾ ਬੈਠਾ ਕੇ ਨਿੱਜੀ ਥਰਮਲ ਪਲਾਂਟਾਂ ਰਾਹੀਂ ਬਿਜਲੀ ਮਾਫੀਆ ਦੀ ਜੜ੍ਹ ਲਗਾਉਣ ਵਾਲੇ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਵੱਲੋਂ ਬਿਜਲੀ ਦੇ ਮੁੱਦੇ ‘ਤੇ ਮਹਿਜ਼ ਡਰਾਮੇਬਾਜ਼ੀ ਕਰ ਰਹੇ ਹਨ, ਪਰੰਤੂ ਬਾਦਲਾਂ ਦੇ ਇਹ ਮਗਰਮੱਛ ਵਾਲੇ ਹੰਝੂ ਹੁਣ ਲੋਕਾਂ ਨੂੰ ਗੁਮਰਾਹ ਨਹੀਂ ਕਰ ਸਕਦੇ।

LEAVE A REPLY