ਸੰਗਤਾਂ ਕਰ ਰਹੀਆਂ ਹਨ ਪਵਿੱਤਰ ਮੁਕਤ ਸਰੋਵਰ ‘ਚ ਇਸ਼ਨਾਨ

0
48

ਸ੍ਰੀ ਮੁਕਤਸਰ ਸਾਹਿਬ, (TLT)- ਚਾਲੀ ਮੁਕਤਿਆਂ ਦੀ ਯਾਦ ‘ਚ ਮਾਘੀ ਜੋੜ ਮੇਲੇ ਦੇ ਆਖ਼ਰੀ ਦਿਨ ਅੱਜ ਸਵੇਰ ਤੋਂ ਹੀ ਧੁੰਦ ਅਤੇ ਭਾਰੀ ਠੰਢ ਹੋਣ ਦੇ ਬਾਵਜੂਦ ਸੰਗਤਾਂ ਪਵਿੱਤਰ ਸਰੋਵਰ ‘ਚ ਇਸ਼ਨਾਨ ਕਰ ਰਹੀਆਂ ਹਨ। ਅੱਜ ਨਗਰ ਕੀਰਤਨ ਕੱਢੇ ਜਾਣ ਉਪਰੰਤ ਮੇਲੇ ਦੀ ਸਮਾਪਤੀ ਹੋਵੇਗੀ। ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕ ਨਗਰ ਕੀਰਤਨ ਦੀ ਤਿਆਰੀ ਕਰ ਰਹੇ ਹਨ ਅਤੇ ਸਵੇਰੇ 11 ਵਜੇ ਤੋਂ ਬਾਅਦ ਗੁਰਦੁਆਰਾ ਟੁੱਟੀ ਗੰਢੀ ਸਾਹਿਬ (ਸ੍ਰੀ ਦਰਬਾਰ ਸਾਹਿਬ) ਦੇ ਗੇਟ ਨੰ. 4 ਤੋਂ ਨਗਰ ਕੀਰਤਨ ਦੀ ਆਰੰਭਤਾ ਹੋਵੇਗੀ। ਦੁਪਹਿਰ 12 ਵਜੇ ਗੁਰਦੁਆਰਾ ਬਾਬਾ ਨੈਣਾ ਸਿੰਘ ਬੁੱਢਾ ਦਲ ਸਾਉਣੀ ਤੋਂ ਨਿਹੰਗ ਸਿੰਘ ਜਥੇਬੰਦੀਆਂ ਵਲੋਂ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਬਾਬਾ ਬਲਵੀਰ ਸਿੰਘ ਦੀ ਅਗਵਾਈ ‘ਚ ਮਹੱਲਾ ਕੱਢਿਆ ਜਾਵੇਗਾ। ਨਗਰ ਕੀਰਤਨ ਅਤੇ ਮਹੱਲਾ ਵੱਖ-ਵੱਖ ਸਮਿਆਂ ‘ਤੇ ਗੁਰਦੁਆਰਾ ਟਿੱਬੀ ਸਾਹਿਬ ਵਿਖੇ ਪਹੁੰਚਣਗੇ, ਜਿੱਥੇ ਢਾਡੀ ਦਰਬਾਰ ਹੋਵੇਗਾ ਤੇ ਇਸ ਦੇ ਨਾਲ ਗੁਰਦੁਆਰਾ ਖੂਹ ਸਾਹਿਬ ਨੇੜੇ ਨਿਹੰਗ ਸਿੰਘਾਂ ਵਲੋਂ ਜੰਗਜੂ ਕਰਤੱਬ, ਨੇਜ਼ੇਬਾਜ਼ੀ ਅਤੇ ਹੋਰ ਜੌਹਰ ਵਿਖਾਏ ਜਾਣਗੇ। ਇਸ ਮੌਕੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਵਿਖੇ ਅਕਾਲ ਅਕੈਡਮੀ ਬੜੂ ਸਾਹਿਬ ਦੇ ਵਿਦਿਆਰਥੀਆਂ ਵਲੋਂ ਤਾਂਤੀ ਸਾਜ਼ਾਂ ਰਾਹੀਂ ਸ਼ਬਦ ਕੀਰਤਨ ਕੀਤਾ ਜਾ ਰਿਹਾ ਹੈ।

guru1-15a

LEAVE A REPLY