ਮਹਿਲ ਕਲਾਂ ਦੇ ਪ੍ਰਮੁੱਖ ਅਕਾਲੀ ਆਗੂਆਂ ਨੇ ਕੀਤੀ ਬਗ਼ਾਵਤ, ਢੀਂਡਸਾ ਨਾਲ ਖੜ੍ਹਨ ਦਾ ਐਲਾਨ

0
96

ਮਹਿਲ ਕਲਾਂ, (TLT)- ਸ਼੍ਰੋਮਣੀ ਅਕਾਲੀ ਦਲ ਵਲੋਂ ਸ. ਸੁਖਦੇਵ ਸਿੰਘ ਢੀਂਡਸਾ ਅਤੇ ਸ. ਪਰਮਿੰਦਰ ਸਿੰਘ ਢੀਂਡਸਾ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਕਾਰਨ ਜ਼ਿਲ੍ਹਾ ਸੰਗਰੂਰ ਅਤੇ ਬਰਨਾਲਾ ਦੇ ਅਕਾਲੀ ਵਰਕਰਾਂ ‘ਚ ਪੈਦਾ ਹੋਇਆ ਗ਼ੁੱਸਾ ਸ਼ਾਂਤ ਹੁੰਦਾ ਦਿਖਾਈ ਨਹੀਂ ਦੇ ਰਿਹਾ। ਪਾਰਟੀ ਦੀ ਇਸ ਕਾਰਵਾਈ ਤੋਂ ਬਾਅਦ ਰੋਹ ‘ਚ ਆਏ ਹਲਕਾ ਮਹਿਲ ਕਲਾਂ ਦੇ ਪ੍ਰਮੁੱਖ ਅਕਾਲੀ ਆਗੂਆਂ ਤੇ ਵਰਕਰਾਂ ਨੇ ਮਹਿਲ ਕਲਾਂ ਵਿਖੇ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਰੂਬਲ ਗਿੱਲ ਕੈਨੇਡਾ, ਮਾਰਕੀਟ ਕਮੇਟੀ ਮਹਿਲ ਕਲਾਂ ਦੇ ਸਾਬਕਾ ਚੇਅਰਮੈਨ ਅਜੀਤ ਸਿੰਘ ਕੁਤਬਾ, ਮਾਰਕੀਟ ਕਮੇਟੀ ਬਰਨਾਲਾ ਦੇ ਸਾਬਕਾ ਚੇਅਰਮੈਨ ਕਰਨੈਲ ਸਿੰਘ ਠੁੱਲੀਵਾਲ ਦੀ ਅਗਵਾਈ ‘ਚ ਇਕੱਠੇ ਹੋ ਕੇ ਸਪਸ਼ਟ ਤੌਰ ‘ਤੇ ਢੀਂਡਸਾ ਪਰਿਵਾਰ ਨਾਲ ਖੜ੍ਹਨ ਦਾ ਐਲਾਨ ਕੀਤਾ। ਆਗੂਆਂ ਨੇ ਕਿਹਾ ਕਿ ਸ. ਸੁਖਦੇਵ ਸਿੰਘ ਢੀਂਡਸਾ ਵਲੋਂ ਪਾਰਟੀ ਦੀ ਮਜ਼ਬੂਤੀ ਲਈ ਦਿੱਤੇ ਗਏ ਸੁਝਾਵਾਂ ‘ਤੇ ਅਮਲ ਕਰਨ ਦੀ ਬਜਾਏ ਪਾਰਟੀ ਪ੍ਰਧਾਨ ਵਲੋਂ ਤਾਨਾਸ਼ਾਹੀ ਰਵੱਈਆ ਅਖ਼ਤਿਆਰ ਕਰ ਕੇ ਉਨ੍ਹਾਂ ਵਿਰੁੱਧ ਕਾਰਵਾਈ ਕਰਨਾ ਪਾਰਟੀ ਲਈ ਬਹੁਤ ਹੀ ਮੰਦਭਾਗਾ ਹੈ। ਆਗੂਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਲਈ ਅਪਣਾਈ ਜਾ ਰਹੀ ਪ੍ਰਕਿਰਿਆ ‘ਤੇ ਸੁਆਲ ਖੜੇ ਕੀਤੇ। ਉਨ੍ਹਾਂ ਐਲਾਨ ਕੀਤਾ ਕਿ ਆਉਣ ਵਾਲੇ ਦਿਨਾਂ ‘ਚ ਹਲਕਾ ਪੱਧਰੀ ਇਕੱਠ ਕਰ ਕੇ ਹਲਕੇ ਦੇ ਵੱਡੀ ਗਿਣਤੀ ਅਕਾਲੀ ਆਗੂ ਅਤੇ ਵਰਕਰ ਢੀਂਡਸਾ ਪਰਿਵਾਰ ਨੂੰ ਆਪਣਾ ਸਮਰਥਨ ਦੇਣਗੇ। ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਵੱਖ-ਵੱਖ ਵਿੰਗਾਂ ਦੇ ਆਗੂਆਂ ਤੋਂ ਇਲਾਵਾ ਸਰਪੰਚ, ਪੰਚ ਯੂਥ ਕਲੱਬਾਂ ਦੇ ਅਹੁਦੇਦਾਰ ਹਾਜ਼ਰ ਸਨ।

LEAVE A REPLY