ਸੀ.ਪੀ.ਆਈ. (ਐਮ.) ਵਲੋਂ 31 ਮਾਰਚ ਨੂੰ ਚੰਡੀਗੜ੍ਹ ਵਿਖੇ ਵਿਸ਼ਾਲ ਰੈਲੀ ਅਤੇ ਰੋਹ ਭਰਿਆ ਮੁਜ਼ਾਹਰਾ – ਕਾਮਰੇਡ ਸੇਖੋਂ

0
26

ਜਲੰਧਰ, (ਰਮੇਸ਼ ਗਾਬਾ)—ਸੀ.ਪੀ.ਆਈ. (ਐਮ.) ਦੇ ਸੂਬਾ ਸਕੱਤਰੇਤ ਦੀ ਇੱਕ ਅਹਿਮ ਮੀਟਿੰਗ ਇਥੇ ਪਾਰਟੀ ਹੈੱਡ ਕੁਆਰਟਰ ਭਾਈ ਰਤਨ ਸਿੰਘ ਯਾਦਗਾਰੀ ਟਰੱਸਟ ਬਿਲਡਿੰਗ ਵਿਖੇ ਹੋਈ ਜਿਸ ਦੀ ਪ੍ਰਧਾਨਗੀ ਕਾਮਰੇਡ ਭੂਪ ਚੰਦ ਚੰਨੋ ਨੇ ਕੀਤੀ। ਮੀਟਿੰਗ ਵਿੱਚ ਪਾਰਟੀ ਨੂੰ ਪੰਜਾਬ ਵਿੱਚ ਹੋਰ ਮਜ਼ਬੂਤ ਕਰਨ ਲਈ ਅਹਿਮ ਫੈਸਲੇ ਕੀਤੇ ਗਏ ਜਿਨ੍ਹਾਂ ਦੀ ਜਾਣਕਾਰੀ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਪ੍ਰੈਸ ਨੂੰ ਦਿੱਤੀ। ਕਾਮਰੇਡ ਸੇਖੋਂ ਨੇ ਦੱਸਿਆ ਕਿ ਸੀ.ਪੀ.ਆਈ. (ਐਮ.) ਵਲੋਂ 31 ਮਾਰਚ 2020 ਨੂੰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਇਕ ਵਿਸ਼ਾਲ ਰੈਲੀ ਅਤੇ ਰੋਹ ਭਰਿਆ ਮੁਜ਼ਾਹਰਾ ਕਰਨ ਦਾ ਫੈਸਲਾ ਕੀਤਾ ਗਿਆ ਹੈ ਜਿਸ ਵਿੱਚ ਪੰਜਾਬ ਭਰ ਵਿੱਚੋਂ ਘੱਟੋ – ਘੱਟ ਪੰਜਾਹ ਹਜ਼ਾਰ ਤੋਂ ਵੱਧ ਮਿਹਨਤਕਸ਼ ਲੋਕਾਂ ਨੂੰ ਸ਼ਾਮਲ ਕਰਵਾਉਣ ਲਈ ਟੀਚਾ ਮਿੱਥਿਆ ਗਿਆ ਹੈ। ਇਸ ਮੁਜ਼ਾਹਰੇ ਅਤੇ ਰੈਲੀ ਦੀਆਂ ਮੁੱਖ ਮੰਗਾਂ ਪੰਜਾਬ ਨਾਲ ਪਿਛਲੇ 54 ਸਾਲ ਤੋਂ ਹੋ ਰਹੀਆਂ ਬੇਇਨਸਾਫ਼ੀਆਂ ਨੂੰ ਦੂਰ ਕਰਵਾਉਣ ਲਈ ਪੰਜਾਬ ਦੇ ਦਰਿਆਵਾਂ ਦੇ ਪਾਣੀਆਂ ਦੀ ਰਾਖੀ, ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਸਾਰੇ ਇਲਾਕਿਆਂ ਦੀ ਪੰਜਾਬ ਵਿੱਚ ਸ਼ਮੂਲੀਅਤ, ਪੰਜਾਬ ਨੂੰ ਸਹੀ ਅਰਥਾਂ ਵਿੱਚ ਸਰਕਾਰੀ ਭਾਸ਼ਾ ਦੇ ਤੌਰ ਤੇ ਲਾਗੂ ਕਰਨਾ, ਪੰਜਾਬ ਸਿਰ ਚੜ੍ਹੇ ਕੇਂਦਰੀ ਸਰਕਾਰ ਦੇ ਸਾਰੇ ਕਰਜ਼ੇ ਨੂੰ ਮੁਆਫ਼ ਕਰਵਾਉਣਾ ਅਤੇ ਪੰਜਾਬ ਨੂੰ ਵਿਸ਼ੇਸ਼ ਕੇਂਦਰੀ ਪੈਕੇਜ ਦੇਣਾ ਆਦਿ ਹਨ। ਕਾਮਰੇਡ ਸੇਖੋਂ ਨੇ ਅੱਗੇ ਦੱਸਿਆ ਕਿ ਉਪਰੋਕਤ ਮੰਗਾਂ ਦੇ ਨਾਲ ਨਾਲ ਪੰਜਾਬ ਦੇ ਮਜ਼ਦੂਰਾਂ, ਕਿਸਾਨਾਂ, ਖੇਤ ਮਜ਼ਦੂਰਾਂ, ਨੌਜੁਆਨਾਂ, ਮੁਲਾਜ਼ਮਾਂ ਅਤੇ ਹੋਰ ਸਾਰੇ ਮਿਹਨਤਕਸ਼ ਲੋਕਾਂ ਦੀਆਂ ਮਹਿੰਗਾਈ, ਬੇਰੁਜ਼ਗਾਰੀ, ਕੁਰੱਪਸ਼ਨ, ਨਸ਼ਿਆਂ, ਜਮਹੂਰੀ ਹੱਕਾਂ, ਪੁਲਿਸ ਧੱਕੇਸ਼ਾਹੀਆਂ ਨਾਲ ਸੰਬੰਧਤ ਮੰਗਾਂ ਪ੍ਰਵਾਨ ਕਰਨ ਵਾਸਤੇ ਪੰਜਾਬ ਸਰਕਾਰ ਨੂੰ ਮਜ਼ਬੂਰ ਕਰ ਦਿੱਤਾ ਜਾਏਗਾ। ਸੂਬਾ ਸਕੱਤਰ ਨੇ ਹੋਰ ਅੱਗੇ ਦੱਸਿਆ ਕਿ 31 ਮਾਰਚ ਦੀ ਰੈਲੀ ਅਤੇ ਮੁਜ਼ਾਹਰੇ ਦੀ ਸਫ਼ਲਤਾ ਵਾਸਤੇ ਵਿਸ਼ਾਲ ਲਾਮਬੰਦੀ ਕਰਨ ਲਈ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ 16 ਤੋਂ 29 ਫਰਵਰੀ 2020 ਤੱਕ ਜਥਾ ਮਾਰਚ ਕੀਤੇ ਜਾਣਗੇ ਜਿਸ ਦੌਰਾਨ ਪੰਜਾਬ ਭਰ ਵਿੱਚ ਇੱਕ ਹਜ਼ਾਰ ਤੋਂ ਵੱਧ ਪਿੰਡਾਂ, ਸ਼ਹਿਰਾਂ, ਕਸਬਿਆਂ ਅਤੇ ਮੁਹੱਲਿਆਂ ਵਿੱਚ ਜਨਤਕ ਮੀਟਿੰਗਾਂ ਅਤੇ ਜਲਸੇ ਕਰਕੇ ਪੰਜਾਬ ਦੇ ਲੋਕਾਂ ਨੂੰ ਚੰਡੀਗੜ੍ਹ ਪਹੁੰਚਣ ਦਾ ਸੱਦਾ ਅਤੇ ਹੋਕਾ ਦਿੱਤਾ ਜਾਵੇਗਾ। ਕਾਮਰੇਡ ਸੇਖੋਂ ਨੇ ਪੰਜਾਬ ਦੀ ਸਮੁੱਚੀ ਪਾਰਟੀ, ਸਾਰੀਆਂ ਜ਼ਿਲ੍ਹਾ ਕਮੇਟੀਆਂ, ਤਹਿਸੀਲ ਕਮੇਟੀਆਂ, ਬਰਾਂਚਾਂ ਅਤੇ ਸਾਰੇ ਪਾਰਟੀ ਮੈਂਬਰਾਂ ਨੂੰ ਉਪਰੋਕਤ ਪ੍ਰੋਗਰਾਮਾਂ ਦੀ ਸਫ਼ਲਤਾ ਵਾਸਤੇ ਦਿਨ ਰਾਤ ਇੱਕ ਕਰ ਦੇਣ ਅਤੇ ਕੋਈ ਕਸਰ ਬਾਕੀ ਨਾ ਰਹਿਣ ਦੇਣ ਦਾ ਸੱਦਾ ਦਿੱਤਾ। ਮੀਟਿੰਗ ਵਿੱਚ ਪਾਰਟੀ ਫੰਡ ਇਕੱਠਾ ਕਰਨ, ਲੋਕ ਲਹਿਰ ਅਖ਼ਬਾਰ ਦੇ ਜੀਵਨ ਮੈਂਬਰ ਬਣਾਉਣ, ਪਾਰਟੀ ਮੈਂਬਰਸ਼ਿਪ ਦਾ ਨਵੀਨੀਕਰਨ ਅਤੇ ਹੋਰ ਸਾਰੀਆਂ ਮੁਹਿੰਮਾਂ ਨੂੰ ਤੇਜ਼ ਕਰਨ ਦੇ ਫੈਸਲੇ ਵੀ ਕੀਤੇ ਗਏ। ਮੀਟਿੰਗ ਵਲੋਂ ਪਾਸ ਕੀਤੇ ਗਏ ਵਿਸ਼ੇਸ਼ ਮਤੇ ਰਾਹੀਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਉੱਤੇ ਫਿਰਕੂ ਤਾਕਤਾਂ ਵਲੋਂ ਕੀਤੇ ਗਏ ਵਹਿਸ਼ੀਆਨਾ ਹਮਲੇ ਦੀ ਸਖ਼ਤ ਨਿੰਦਿਆ ਕੀਤੀ ਗਈ ਅਤੇ ਵਿਦਿਆਰਥੀ ਸੰਘਰਸ਼ ਨਾਲ ਇੱਕਮੁਠਤਾ ਦਾ ਪ੍ਰਗਟਾਵਾ ਕੀਤਾ ਗਿਆ। ਕਾਮਰੇਡ ਮਹਾਂ ਸਿੰਘ ਰੌੜੀ ਅਤੇ ਹੋਰ ਸਾਥੀਆਂ ਵਿਰੁੱਧ ਦਰਜ ਕੀਤੇ ਗਏ ਝੂਠੇ ਕੇਸ ਵਾਪਸ ਲੈਣ ਦੀ ਮੰਗ ਕੀਤੀ ਗਈ। ਮੀਟਿੰਗ ਵਿੱਚ ਕਾਮਰੇਡ ਲਹਿੰਬਰ ਸਿੰਘ ਤੱਗੜ, ਰਘੁਨਾਥ ਸਿੰਘ, ਗੁਰਦਰਸ਼ਨ ਸਿੰਘ ਖ਼ਾਸਪੁਰ, ਮੇਜਰ ਸਿੰਘ ਭਿੱਖੀਵਿੰਡ ਅਤੇ ਬਲਵੀਰ ਸਿੰਘ ਜਾਡਲਾ ਵੀ ਸ਼ਾਮਲ ਸਨ।

LEAVE A REPLY