ਕਿਸੇ ਹੋਰ ਦੇ ਯੁੱਧ ‘ਚ ਸ਼ਾਮਲ ਨਹੀਂ ਹੋਵੇਗਾ ਪਾਕਿਸਤਾਨ- ਇਮਰਾਨ ਖ਼ਾਨ

0
42

ਇਸਲਾਮਾਬਾਦ, (TLT) – ਅਮਰੀਕਾ ਅਤੇ ਈਰਾਨ ਦਰਮਿਆਨ ਤਣਾਅ ਦੇ ਚਰਮ ‘ਤੇ ਪਹੁੰਚਣ ਵਿਚਾਲੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਪਾਕਿਸਤਾਨ ਕਿਸੇ ਹੋਰ ਦੇ ਯੁੱਧ ‘ਚ ਸ਼ਾਮਲ ਨਹੀਂ ਹੋਵੇਗਾ, ਕਿਉਂਕਿ ਉਹ ਪਹਿਲਾਂ ਹੀ ਅਜਿਹੀਆਂ ਗ਼ਲਤੀਆਂ ਕਰ ਚੁੱਕਾ ਹੈ ਪਰ ਉਹ ਹੋਰ ਦੇਸ਼ਾਂ ਵਿਚਾਲੇ ਪੈਦਾ ਹੋਏ ਮਤਭੇਦਾਂ ਨੂੰ ਦੂਰ ਕਰਨ ਦਾ ਯਤਨ ਕਰੇਗਾ। ਇਮਰਾਨ ਨੇ ਇੱਕ ਪ੍ਰੋਗਰਾਮ ਦੌਰਾਨ ਅਮਰੀਕਾ ਅਤੇ ਈਰਾਨ ਵਿਚਾਲੇ ਇੱਕ ਵਾਰ ਫਿਰ ਵਿਚੋਲਗੀ ਕਰਨ ਦੀ ਪੇਸ਼ਕਸ਼ ਕਰਦਿਆਂ ਕਿਹਾ, ”ਮੈਂ ਅੱਜ ਆਪਣੀ ਵਿਦੇਸ਼ ਨੀਤੀ ਦਾ ਜ਼ਿਕਰ ਕਰਨਾ ਚਾਹਾਂਗਾ ਕਿ ਹੋਰ ਦੇਸ਼ਾਂ ਦੇ ਯੁੱਧ ‘ਚ ਸ਼ਾਮਲ ਹੋਣ ਦੀਆਂ ਆਪਣੀਆਂ ਪਹਿਲਾਂ ਦੀਆਂ ਗ਼ਲਤੀਆਂ ਨੂੰ ਨਹੀਂ ਦੁਹਰਾਵਾਂਗੇ। ਪਾਕਿਸਤਾਨ ਕਿਸੇ ਹੋਰ ਦੇ ਯੁੱਧ ‘ਚ ਸ਼ਾਮਲ ਨਹੀਂ ਹੋਵੇਗਾ। ਪਾਕਿਸਤਾਨ ਹੋਰ ਦੇਸ਼ਾਂ ਵਿਚਾਲੇ ਸ਼ਾਂਤੀ ਸਥਾਪਿਤ ਕਰਨ ਦਾ ਯਤਨ ਕਰਨ ਵਾਲਾ ਦੇਸ਼ ਬਣੇਗਾ।” ਉਨ੍ਹਾਂ ਕਿਹਾ ਕਿ ਈਰਾਨ-ਸਾਊਦੀ ਅਰਬ ਅਤੇ ਅਮਰੀਕਾ-ਈਰਾਨ ਵਿਚਾਲੇ ਜਾਰੀ ਮਤਭੇਦਾਂ ਨੂੰ ਦੂਰ ਕਰਨ ਲਈ ਪਾਕਿਸਤਾਨ ਹਰ ਸੰਭਵ ਮਦਦ ਦੀ ਕੋਸ਼ਿਸ਼ ਕਰੇਗਾ। ਇਮਰਾਨ ਨੇ ਕਿਹਾ, ”ਅਸੀਂ ਈਰਾਨ ਅਤੇ ਸਾਊਦੀ ਵਿਚਾਲੇ ਦੋਸਤੀ ਪੂਰਨ ਸੰਬੰਧਾਂ ਨੂੰ ਮੁੜ ਸੁਖਾਵੇਂ ਕਰਨ ਦਾ ਯਤਨ ਕਰਾਂਗੇ। ਮੈਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵੀ ਈਰਾਨ ਅਤੇ ਅਮਰੀਕਾ ਵਿਚਾਲੇ ਮਤਭੇਦਾਂ ਨੂੰ ਦੂਰ ਕਰਨ ਲਈ ਵਿਚੋਲਗੀ ਕਰਨ ਦੀ ਪੇਸ਼ਕਸ਼ ਕੀਤੀ ਹੈ।”

LEAVE A REPLY