ਕਤਲ ਮਾਮਲੇ ‘ਚ ਪੁਲਸ ਨੇ ਔਰਤਾਂ ਦਾ ਹਾਸਲ ਕੀਤਾ ਇਕ ਦਿਨ ਦਾ ਰਿਮਾਂਡ

0
62

ਤਰਨਤਾਰਨ (TLT) : ਬੀਤੇ ਕੱਲ ਜ਼ਿਲੇ ਦੇ ਪਿੰਡ ਸ਼ੇਰੋ ਵਿਖੇ ਨਾਜਾਇਜ਼ ਸਬੰਧਾਂ ਨੂੰ ਲੈ ਕੇ ਇਕ ਨੌਜਵਾਨ ਦਾ ਚੁੰਨੀ ਨਾਲ ਗਲਾ ਘੁੱਟਣ ਉਪਰੰਤ ਕਰੰਟ ਲਾ ਕੇ ਕਤਲ ਕਰਨ ਦੇ ਮਾਮਲੇ ‘ਚ ਥਾਣਾ ਸਰਹਾਲੀ ਦੀ ਪੁਲਸ ਨੇ 6 ਖਿਲਾਫ ਮਾਮਲਾ ਦਰਜ ਕਰ ਲਿਆ ਸੀ, ਜਿਸ ਦੌਰਾਨ ਕਤਲ ਕੇਸ ‘ਚ ਸ਼ਾਮਲ ਦੋ ਔਰਤਾਂ ਨੂੰ ਗ੍ਰਿਫ਼ਤਾਰ ਕਰਦੇ ਹੋਏ ਅੱਜ ਮਾਣਯੋਗ ਅਦਾਲਤ ‘ਚ ਪੇਸ਼ ਕਰ ਕੇ ਇਕ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਪੁਲਸ ਵਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਕਤਲ ਕਰਨ ਸਮੇਂ ਵਰਤੀ ਗਈ ਚੁੰਨੀ, ਬਿਜਲੀ ਦੀ ਤਾਰ, ਬਿਜਲੀ ਪਲੱਗ ਬੋਰਡ ਅਤੇ ਮ੍ਰਿਤਕ ਦੀਆਂ ਚੱਪਲਾਂ ਨੂੰ ਬਰਾਮਦ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਤਰਸੇਮ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਗਲੀ ਮੰਗਲ ਸਿੰਘ ਵਾਲੀ ਤਰਨਤਾਰਨ ਦਾ ਬੇਟਾ ਗੁਰਿੰਦਰਜੀਤ ਸਿੰਘ ਉਰਫ ਗੀਤਾ ਜੋ ਸਿੰਘਾਪੁਰ ਤੋਂ ਵਾਪਸ ਪਰਤ ਆਇਆ ਸੀ ਦੇ ਸੰਦੀਪ ਕੌਰ ਪਤਨੀ ਹਿੰਮਤ ਸਿੰਘ ਵਾਸੀ ਗਲੀ ਬਾਗੀਆਂ ਵਾਲੀ ਤਰਨਤਾਰਨ ਨਾਲ ਨਾਜਾਇਜ਼ ਸਬੰਧ ਸਨ। ਇਨ੍ਹਾਂ ਨਾਜਾਇਜ਼ ਸਬੰਧਾਂ ਦਾ ਕਰੀਬ ਇਕ ਮਹੀਨਾ ਪਹਿਲਾਂ ਸੰਦੀਪ ਕੌਰ ਦੇ ਪਤੀ ਹਿੰਮਤ ਸਿੰਘ ਅਤੇ ਉਸ ਦੇ ਭਰਾ ਧਰਮਪ੍ਰੀਤ ਸਿੰਘ ਅਤੇ ਪਰਗਟ ਸਿੰਘ ਨੂੰ ਪਤਾ ਲੱਗਾ ਅਤੇ ਉਨ੍ਹਾਂ ਵਲੋਂ ਗੁਰਿੰਦਰਜੀਤ ਦਾ ਪਿੱਛਾ ਵੀ ਕੀਤਾ ਗਿਆ ਸੀ ਜੋ ਬਚ ਨਿਕਲ ਕੇ ਫਰਾਰ ਹੋ ਗਿਆ। ਬੀਤੇ ਕੱਲ ਸੰਦੀਪ ਕੌਰ ਜੋ ਆਪਣੇ ਪੇਕੇ ਘਰ ਪਿੰਡ ਸ਼ੇਰੋ ਵਿਖੇ ਰਹਿ ਰਹੀ ਸੀ ਨੇ ਗੁਰਿੰਦਰਜੀਤ ਸਿੰਘ ਗੀਤਾ ਨੂੰ ਕਿਸੇ ਬਹਾਨੇ ਆਪਣੇ ਘਰ ਬੁਲਾਇਆ। ਜਦੋਂ ਗੁਰਿੰਦਰ ਪਿੰਡ ਸ਼ੇਰੋ ਸੰਦੀਪ ਕੌਰ ਨੂੰ ਮਿਲਣ ਪੁੱਜਾ ਤਾਂ ਇਕ ਸਾਜ਼ਿਸ਼ ਤਹਿਤ ਸੰਦੀਪ ਦੇ ਭਰਾ ਅਤੇ ਉਸਦੇ ਪਤੀ ਸਮੇਤ ਭਰਾਵਾਂ ਨੇ ਘਰ ਦਾ ਦਰਵਾਜਾ ਬੰਦ ਕਰ ਲਿਆ। ਪਹਿਲਾਂ ਸੰਦੀਪ ਕੌਰ ਦੇ ਭਰਾ ਮਨਪ੍ਰੀਤ ਸਿੰਘ ਉਰਫ ਸੰਨੀ ਪੁੱਤਰ ਮਹਿਲ ਸਿੰਘ ਅਤੇ ਬਾਕੀਆਂ ਨੇ ਗੀਤਾ ਦੇ ਗਲੇ ‘ਚ ਸੰਦੀਪ ਕੌਰ ਦੀ ਚੁੰਨੀ ਨਾਲ ਗਲ ਘੁੱਟ ਲਿਆ ਗਿਆ, ਜਿਸ ਨਾਲ ਗੀਤਾ ਬੇਹੋਸ਼ ਹੋ ਗਿਆ ਅਤੇ ਬਾਅਦ ‘ਚ ਸੰਦੀਪ ਕੌਰ ਦੇ ਭਰਾ ਸੰਨੀ ਨੇ ਗੀਤਾ ਦੇ ਪੈਰ ‘ਚ ਇਕ ਬਿਜਲੀ ਪਲੱਗ ਦੀ ਮਦਦ ਨਾਲ ਬਿਜਲੀ ਦੀਆਂ ਨੰਗੀਆਂ ਤਾਰਾਂ ਉਸਦੇ ਪੈਰਾਂ ਨੂੰ ਲਾਉਂਦੇ ਹੋਏ ਉਸ ਨੂੰ ਤੜਫਾਅ ਤੜਫਾਅ ਕੇ ਮਾਰ ਦਿੱਤਾ। ਇਸ ਘਟਨਾ ਨੂੰ ਅੰਜਾਮ ਦੇ ਕੇ ਮੁਲਜ਼ਮ ਫਰਾਰ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਰਹਾਲੀ ਮੁਖੀ ਲਖਬੀਰ ਸਿੰਘ ਨੇ ਦੱਸਿਆ ਕਿ ਇਸ ਕਤਲ ਕੇਸ ‘ਚ ਸ਼ਾਮਲ ਮੁੱਖ ਮੁਲਜ਼ਮ ਸੰਦੀਪ ਕੌਰ ਪਤਨੀ ਹਿੰਮਤ ਸਿੰਘ, ਉਸ ਦੀ ਮਾਤਾ ਰਾਜ ਕੌਰ ਪਤਨੀ ਮਹਿਲ ਸਿੰਘ ਨੂੰ ਪੁਲਸ ਨੇ ਗ੍ਰਿਫ਼ਤਾਰ ਕਰਦੇ ਹੋਏ ਅੱਜ ਮਾਣਯੋਗ ਜੱਜ ਮਿਸ ਅਨੁਰਾਧਾ ਦੀ ਅਦਾਲਤ ‘ਚ ਪੇਸ਼ ਕਰਦੇ ਹੋਏ ਇਕ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਗੁਰਿੰਦਰਜੀਤ ਸਿੰਘ ਗੀਤਾ ਨੂੰ ਕਤਲ ਕਰਨ ‘ਚ ਵਰਤੀ ਗਈ ਚੁੰਨੀ, ਬਿਜਲੀ ਦੀ ਤਾਰ, ਬਿਜਲੀ ਪਲੱਗ ਬੋਰਡ ਅਤੇ ਮ੍ਰਿਤਕ ਦੀਆਂ ਚੱਪਲਾਂ ਨੂੰ ਬਰਾਮਦ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦਾ ਪੋਸਟਮਾਰਟਮ ਤਰਨਤਾਰਨ ਦੇ ਸਰਕਾਰੀ ਹਸਪਤਾਲ ਤੋਂ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕੇਸ ‘ਚ ਨਾਮਜ਼ਦ ਮਨਪ੍ਰੀਤ ਸਿੰਘ ਸੰਨੀ ਪੁੱਤਰ ਮਹਿਲ ਸਿੰਘ, ਸੰਦੀਪ ਕੌਰ ਦਾ ਪਤੀ ਹਿੰਮਤ ਸਿੰਘ ਪੁੱਤਰ ਸਵਰਨ ਸਿੰਘ ਉਸਦੇ ਭਰਾ ਪ੍ਰਗਟ ਸਿੰਘ ਅਤੇ ਧਰਮਪ੍ਰੀਤ ਸਿੰਘ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

LEAVE A REPLY