ਡਿਪਟੀ ਕਮਿਸ਼ਨਰ ਵਲੋਂ ਸਮਾਜ ਨੂੰ ਸੂਰਬੀਰ ਸੈਨਿਕਾਂ ਦੇ ਪਰਿਵਾਰਾਂ ਦੀ ਭਲਾਈ ਲਈ ਅੱਗੇ ਆਉਣ ਦਾ ਸੱਦਾ

0
114

ਹਥਿਆਰਬੰਦ ਝੰਡਾ ਦਿਵਸ ਮੌਕੇ 22 ਲਾਭਪਾਤਰੀਆਂ ਨੂੰ 4 ਲੱਖ ਰੁਪੈ ਤੋਂ ਜ਼ਿਆਦਾ ਦੀ ਸਹਾਇਤਾ ਦੇ ਚੈਕ ਤਕਸੀਮ
ਜਲੰਧਰ, (ਰਮੇਸ਼ ਗਾਬਾ)—ਡਿਪਟੀ ਕਮਿਸ਼ਨਰ ਜਲੰਧਰ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਸਮਾਜ ਦੇ ਹਰ ਵਰਗ ਦੇ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਦੇਸ਼ ਦੀ ਖਾਤਰ ਜਾਨਾਂ ਵਾਰਨ ਵਾਲੇ ਬਹਾਦਰ ਸੈਨਿਕਾਂ ਦੇ ਪਰਿਵਾਰਾਂ ਦੀ ਭਲਾਈ ਲਈ ਅੱਗੇ ਆਉਣ ਕਿਉਂ ਜੋ ਉਨ੍ਹਾਂ ਵਲੋਂ ਦਿੱਤੀਆਂ ਸ਼ਹਾਦਤਾਂ ਨਾਲ ਹੀ ਅਸੀਂ ਆਪਣੇ ਘਰਾਂ ਵਿਚ ਮਹਿਫੂਜ਼ ਹਾਂ। ਅੱਜ ਇੱਥੇ ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਵਿਖੇ ਹਥਿਆਰਬੰਦ ਝੰਡਾ ਦਿਵਸ ਮੌਕੇ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਨੂੰ ਦੇਸ਼ ਦੇ ਸ਼ਹੀਦਾਂ ਦੀ ਸ਼ਹਾਦਤ ਉੱਪਰ ਫਖਰ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਹਥਿਆਰਬੰਦ ਸੈਨਾਵਾਂ, ਅਰਧ ਸੈਨਿਕ ਬਲਾਂ ਦੇ ਜਵਾਨ ਦੇਸ਼ ਦੀ ਰੱਖਿਆ ਲਈ ਸਰਹੱਦਾਂ, ਜੰਗਲਾਂ, ਬਰਫੀਲੇ ਤੂਫਾਨਾਂ ਵਾਲੇ ਖੇਤਰਾਂ ਤੇ ਰੇਗਿਸਤਾਨ ਵਿਚ ਵੀ ਪੂਰੀ ਤਨਦੇਹੀ ਨਾਲ ਡਿਊਟੀ ਨਿਭਾ ਰਹੇ ਹਨ, ਜਿਸ ਕਰਕੇ ਸਾਰਾ ਦੇਸ਼ ਬਾਹਰੀ ਹਮਲਿਆਂ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਹੈ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਫਲੈਗ ਡੇਅ ਮੌਕੇ ਵੱਧ ਤੋਂ ਵੱਧ ਦਾਨ ਕਰਨ ਤਾਂ ਜੋ ਸੈਨਿਕਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਵਿਚ ਆਪਣਾ ਹਿੱਸਾ ਪਾਇਆ ਜਾ ਸਕੇ। ਇਸ ਮੌਕੇ ਸਮਾਗਮ ਦੀ ਸ਼ੁਰੂਆਤ ਸ਼ਹੀਦ ਸੈਨਿਕਾਂ ਨੂੰ ਦੋ ਮਿੰਟ ਦਾ ਮੋਨ ਧਾਰਕੇ ਕੀਤੀ ਗਈ ਅਤੇ ਟੋਕਨ ਫਲੈਗ ਲਗਾਉਣ ਦੀ ਰਸਮ ਦਫਤਰ ਡਿਪਟੀ ਕਮਿਸ਼ਨਰ ਵਿਖੇ ਡਿਪਟੀ ਕਮਿਸ਼ਨਰ ਜਲੰਧਰ ਦੇ ਕਾਲਰ ‘ਤੇ ਫਲੈਗ ਲਾ ਕੇ ਕੀਤੀ ਗਈ।
ਮੇਜਰ ਯਸ਼ਪਾਲ ਸਿੰਘ ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਨੇ ਫਲੈਗ ਡੇਅ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਤੇ ਦੱਸਿਆ ਕਿ ਆਜਾਦੀ ਤੋਂ ਪਹਿਲਾਂ ਇਹ ਦਿਨ ਪੋਪੀ ਡੇਅ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਉਨ੍ਹਾਂ ਕਿਹਾ ਕਿ ਇਸ ਮੌਕੇ ਸ਼ਹੀਦਾਂ ਦੀ ਯਾਦ ਨੂੰ ਤਾਜਾ ਕਰਨ ਲਈ ਛੋਟੇ-ਛੋਟੇ ਪੇਪਰਾਂ ਦੀਆਂ ਸਲਿੱਪਾਂ ਕੱਟਕੇ ਆਮ ਲੋਕਾਂ ਵਿਚ ਵੰਡੀਆਂ ਜਾਂਦੀਆਂ ਸਨ, ਜਿਸਦੇ ਬਦਲੇ ਲੋਕ ਦਾਨ ਦਿੰਦੇ ਸਨ ਜੋ ਕਿ ਅੱਗੋਂ ਸ਼ਹੀਦਾਂ ਦੇ ਪਰਿਵਾਰਾਂ, ਅੰਗਹੀਣ ਸੈਨਿਕਾਂ ਦੀ ਭਲਾਈ ਲਈ ਵਰਤਿਆ ਜਾਂਦਾ ਸੀ। ਇਸ ਮੌਕੇ 22 ਲਾਭਪਾਤਰੀਆਂ ਨੂੰ 4 ਲੱਖ 16 ਹਜ਼ਾਰ ਰੁਪੈ ਦੇ ਚੈਕ ਵੀ ਤਕਸੀਮ ਕੀਤੇ ਗਏ। ਇਸ ਮੌਕੇ ਜਿਲ੍ਹਾ ਰੱਖਿਆ ਸੇਵਾਵਾਂ ਵਿਭਾਗ ਦਾ ਸਟਾਫ, ਸੇਵਾ ਮੁਕਤ ਅਧਿਕਾਰੀ ਤੇ ਸਮਾਜ ਦੀਆਂ ਉਘੀਆਂ ਸਖਸ਼ੀਅਤਾਂ ਹਾਜ਼ਰ ਸਨ।

LEAVE A REPLY