ਆਈ.ਜੀ., ਡੀ.ਸੀ ਅਤੇ ਪੁਲਿਸ ਕਮਿਸ਼ਨਰ ਵਲੋਂ ਸੀਮਾ ਸੁਰੱਖਿਆ ਬਲ ਦੇ 55ਵੇਂ ਸਥਾਪਨਾ ਦਿਵਸ ਸਮਾਗਮ ਵਿਚ ਸ਼ਿਰਕਤ

0
111

—ਸ਼ੁੱਭ ਦਿਹਾੜੇ ‘ਤੇ ਸੀਮਾ ਸੁਰੱਖਿਆ ਬਲ ਦੇ ਆਈ.ਜੀ. ਮਹੀਪਾਲ ਸਿੰਘ ਨੂੰ ਦਿੱਤੀ ਵਧਾਈ
ਜਲੰਧਰ, (ਰਮੇਸ਼ ਗਾਬਾ)—ਜਲੰਧਰ ਦੇ ਸਿਵਲ ਅਤੇ ਪੁਲਿਸ ਪ੍ਰਸ਼ਾਸ਼ਨ ਦੇ ਆਲਾ ਅਧਿਕਾਰੀਆਂ ਨੇ ਸੀਮਾ ਸੁਰੱਖਿਆ ਬਲ ਦੇ ਅਫ਼ਸਰਾਂ ਨਾਲ ਮਿਲ ਕੇ ਦੇਸ਼ ਦੀ ਇਸ ਮੋਹਰੀ ਕਤਾਰ ਦੀ ਅਰਧ ਸੈਨਿਕ ਬਲ ਦੇ ਸਥਾਪਨਾ ਦਿਵਸ ਨੂੰ ਮਨਾਇਆ। ਬੀਤੀ ਦੇਰ ਸ਼ਾਮ ਸੀਮਾ ਸੁੱਰਖਿਆ ਬਲ ਦੇ ਫ਼ਰੰਟੀਅਰ ਹੈਡਕੁਆਰਟਰ ਵਿਖੇ ਕਰਵਾਏ ਗਏ ਇਕ ਸਮਾਗਮ ਵਿਚ ਜਲੰਧਰ ਜ਼ੋਨ ਦੇ ਆਈ.ਜੀ ਸ੍ਰੀ ਨੌਨਿਹਾਲ ਸਿੰਘ, ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ, ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਸੀਮਾ ਸੁਰੱਖਿਆ ਬਲ ਦੇ ਆਈ. ਜੀ. ਮਹੀਪਾਲ ਸਿੰਘ ਨੂੰ ਬਲ ਦੇ ਸਥਾਪਨਾ ਦਿਵਸ ਦੀ ਵਧਾਈ ਦਿੱਤੀ। ਇਸ ਮੌਕੇ ਤੇ ਸ੍ਰੀ ਮਹੀਪਾਲ ਸਿੰਘ ਨਾਲ ਖੁਸ਼ੀ ਸਾਂਝੀ ਕਰਦਿਆਂ ਇਨ੍ਹਾਂ ਅਫ਼ਸਰਾਂ ਨੇ ਦੇਸ਼ ਦੀ ਸਰਹੱਦਾ ਤੇ ਰਾਖੀ ਕਰਦਿਆਂ ਅਤੇ ਸ਼ਾਂਤੀ ਕਾਲ ਵਿਚ  ਸੀਮਾ ਸੁਰੱਖਿਆ ਬਲ ਵਲੋਂ ਪਾਏ ਜਾ ਰਹੇ ਸ਼ਾਨਦਾਰ ਯੋਗਦਾਨ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਦੀ ਸਰਹੱਦਾ ਦੀ ਰਾਖੀ ਕਰਦਿਆਂ ਸੀਮਾ ਸੁਰੱਖਿਆ ਬਲ ਦੇ ਅਫ਼ਸਰਾ ਅਤੇ ਜਵਾਨਾਂ ਵਲੋਂ ਦਿਖਾਈ ਜਾਂਦੀ ਬਹਾਦਰੀ ਦਾ ਕੋਈ ਮੁਕਾਬਲਾ ਨਹੀਂ ਹੈ ਉਨ੍ਹਾਂ ਕਿਹਾ ਕਿ ਸੀਮਾ ਸੁਰੱਖਿਆ ਬਲ ਦੇ ਬਹਾਦਰ ਅਫ਼ਸਰਾਂ ਅਤੇ ਜਵਾਨਾਂ ਦੇ ਦੇਸ਼ ਭਗਤੀ ਦੇ ਜਜ਼ਬੇ ਨੂੰ  ਹਰ ਭਾਰਤ ਵਾਸੀ ਸਲਾਮ ਕਰਦਾ ਹੈ।
ਇਸ ਮੌਕੇ ‘ਤੇ ਉਨ੍ਹਾਂ ਕਿਹਾ ਕਿ ਸੀਮਾ ਸੁਰੱਖਿਆ ਬਲ ਦੇ ਅਫ਼ਸਰਾਂ ਅਤੇ ਜਵਾਨਾਂ ਦਾ ਇਹ ਜਜ਼ਬਾ ਦੇਸ਼ ਦੇ ਹਰ ਨਾਗਰਿਕ ਨੂੰ ਭਾਰਤ ਦੀ ਸੇਵਾ ਤਨ, ਮਨ ਅਤੇ ਧਨ ਨਾਲ ਕਰਨ ਲਈ ਪ੍ਰੇਰਦਾ ਹੈ। ਉਨ੍ਹਾਂ ਕਿਹਾ ਕਿ ਸਰਹੱਦਾਂ ਦੀ ਰਾਖੀ ਦੇ ਨਾਲ-ਨਾਲ ਦੇਸ਼ ਤੇ ਆਈ ਕਿਸੇ ਵੀ ਤਰ੍ਹਾਂ ਦੀ ਕੁਦਰਤੀ ਆਫਤ ਦੌਰਾਨ ਸੀਮਾ ਸੁਰੱਖਿਆ ਬਲ ਵਲੋਂ ਕੀਤੀ ਜਾਂਦੀ ਸੇਵਾ ਵੀ ਕਾਬਿਲੇ ਤਾਰੀਫ਼ ਹੈ। ਉਨ੍ਹਾਂ ਨੇ  ਸ੍ਰੀ ਮਹੀਪਾਲ ਸਿੰਘ ਨੂੰ ਇਸ ਪਵਿੱਤਰ ਦਿਹਾੜੇ ਦੀ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਸੀਮਾ ਸੁਰੱਖਿਆ ਬਲ ਆਉਣ ਵਾਲੇ ਸਮੇਂ ਵਿਚ ਵੀ ਬਹਾਦਰੀ ਅਤੇ ਦੇਸ਼ ਭਗਤੀ ਦੀ ਇਸ ਸ਼ਾਨਦਾਰ ਪ੍ਰੰਪਰਾ ਨੂੰ ਕਾਇਮ ਰੱਖੇਗਾ। ਇਸ ਮੌਕੇ ‘ਤੇ ਸਾਰੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਸ੍ਰੀ ਮਹੀਪਾਲ ਸਿੰਘ ਨੇ ਉਨ੍ਹਾਂ ਨੂੰ ਸੀਮਾ ਸੁਰੱਖਿਆ ਬਲ ਦੇ ਮਾਣ ਮੱਤੇ ਇਤਿਹਾਸ ਬਾਰੇ ਜਾਣੂ ਕਰਵਾਇਆ। ਨਾਲ ਹੀ ਉਨ੍ਹਾਂ ਨੇ ਆਏ ਹੋਏ ਸਾਰੇ ਅਧਿਕਾਰੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਕਿ ਉਹ ਇਹ ਖੁਸ਼ੀ ਦੇ ਮੌਕੇ ‘ਤੇ ਸੀਮਾ ਸੁਰੱਖਿਆ ਬਲ ਦੇ ਅਫ਼ਸਰਾਂ ਅਤੇ ਜਵਾਨਾਂ ਨਾਲ ਖੁਸ਼ੀ ਸਾਂਝੀ ਕਰਨ ਪਹੁੰਚੇ ਹਨ।

LEAVE A REPLY