ਸਿਹਤ ਵਿਭਾਗ ਵਲੋਂ ਨਸਬੰਦੀ ਪੰਦਰਵਾੜਾ 21 ਨਵੰਬਰ ਤੋਂ 4 ਦਸੰਬਰ  ਤੱਕ-ਸਿਵਲ ਸਰਜਨ

0
57

ਜਲੰਧਰ, (ਰਮੇਸ਼ ਗਾਬਾ)-ਸਿਹਤ ਵਿਭਾਗ ਪੰਜਾਬ ਵਲੋਂ ਪਰਿਵਾਰ ਯੋਜਨਾ ਦੇ ਵਿੱਚ ਪੁਰਖਾਂ ਦੀ ਸ਼ਮੂਲੀਅਤ ਨੂੰ ਵਧਾਉਣ ਦੇ ਮੰਤਵ ਨਾਲ ਚੀਰਾ ਰਹਿਤ ਨਸਬੰਦੀ ਪੰਦਰਵਾੜਾ ਜਿਲ੍ਹੇ ਵਿਚ 21 ਨਵੰਬਰ ਤੋਂ 4 ਦਸੰਬਰ 2019 ਤਕ ਮਨਾਇਆ ਜਾਵੇਗਾ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜਲੰਧਰ ਦੇ ਸਿਵਲ ਸਰਜਨ ਜਲੰਧਰ ਡਾ. ਗੁਰਿੰਦਰ ਕੌਰ ਚਾਵਲਾ ਨੇ ਦੱਸਿਆ ਕਿ ਇਸ ਪੰਦਰਵਾੜੇ ਤਹਿਤ ਏ.ਐਨ.ਐਮ., ਆਸ਼ਾ ਵਰਕਰਾਂ ਅਤੇ ਹੋਰਨਾਂ ਸਿਹਤ ਵਰਕਰਾਂ ਵਲੋਂ ਜਿਲ੍ਹੇ  ਦੇ ਹਰ ਇੱਕ ਬਲਾਕ ਵਿੱਚ 21 ਤੋਂ 27 ਨਵੰਬਰ ਤੱਕ ਜਾਗਰੂਕਤਾ ਅਭਿਆਨ ਚਲਾਇਆ ਜਾਵੇਗਾ ਅਤੇ ਇਸ ਉਪਰੰਤ 28 ਨਵੰਬਰ ਤੋਂ 4 ਦਸੰਬਰ ਤੱਕ ਨਸਬੰਦੀ ਦੇ ਅਪਰੇਸ਼ਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪਹਿਲੇ ਹਫਤੇ ਦੌਰਾਨ ਏ.ਐਨ.ਐਮ, ਆਸ਼ਾ ਤੇ ਮਲਟੀਪਰਪਸ ਸਿਹਤ ਵਰਕਰ (ਪੁਰਸ਼), ਸੈਨੀਟੇਸ਼ਨ ਇੰਸਪੈਕਟਰ ਅਤੇ ਹੋਰਨਾਂ ਵਲੋਂ ਜਿਹੜੇ ਪੁਰਸ਼ ਐਨ.ਐਸ.ਵੀ. ਦੇ ਇੱਛੁਕ ਹਨ ਦੀ ਪਹਿਚਾਣ ਕਰਨਗੇ। ਸਿਵਲ ਸਰਜਨ ਨੇ ਅੱਗੇ ਕਿਹਾ ਕਿ ਸਿਹਤ ਵਰਕਰਾਂ ਲੋਕਾਂ ਦੇ ਮਨਾਂ ਵਿਚ ਨਸਬੰਦੀ ਸਬੰਧੀ ਵਹਿਮਾਂ- ਭਰਮਾਂ ਨੂੰ ਦੂਰ ਕਰਨਗੇ ਅਤੇ ਜਿਹੜੇ ਜੋੜੇ ਇਸ ਵਾਸਤੇ ਇੱਛੁਕ ਹੋਣਗੇ ਉਨਾਂ ਦੀ ਲਿਸਟ ਤਿਆਰ ਕਰਨਗੇ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੇ ਅਫਸਰ ਵੱਖ-ਵੱਖ ਪਿੰਡਾਂ ਵਿਚ ਜਾ ਕੇ ਲੋਕਾਂ ਨਾਲ ਵਿਚਾਰ ਵਟਾਂਦਰੇ ਵੀ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਜਾਗਰੂਕਤਾ ਮਹਿੰਮ ਨੂੰ ਹੋਰ ਤੇਜ਼ ਕਰਨ ਲਈ ਹੋਰਡਿੰਗ/ਫਲੈਕਸ ਬੋਰਡ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ‘ਤੇ ਲਗਾਏ ਜਾਣਗੇ। ਡਾ. ਚਾਵਲਾ ਨੇ ਕਿਹਾ ਕਿ ਸਿਹਤ ਵਿਭਾਗ ਵਲੋਂ ਮੈਡੀਕਲ ਕੈਂਪਾਂ ਅਤੇ ਸਿਹਤ ਸੰਸਥਾਵਾਂ ਵਿਖੇ ਲੋਕਾਂ ਨੂੰ ਇਸ ਬਾਰੇ ਜਾਗਰੂਕ ਕੀਤਾ ਜਾਵੇਗਾ ਅਤੇ ਜੋ ਪੁਰਸ਼ ਪਰਿਵਾਰ ਨਿਯੋਜਨ ਲਈ ਨਸਬੰਦੀ ਨੂੰ ਅਪਣਾਉਣਗੇ ਉਨ੍ਹਾਂ ਨੂੰ 1100 ਰੁਪਏ ਦੀ ਸਹਾਇਤਾ ਵੀ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਦਸਿਆ ਕਿ ਇਸ ਮੰਤਵ ਤਹਿਤ ਜ਼ਿਲ੍ਹਾ ਪੱਧਰ ਦੀਆਂ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ ਅਤੇ ਡਾਕਟਰਾਂ ਦੀਆਂ ਡਿਊਟੀਆਂ ਵੀ ਲਗਾ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਜਲੰਧਰ ਛਾਉਣੀ, ਫਿਲੌਰ, ਬੁੰਡਾਲਾ, ਕਰਤਾਰਪੁਰ, ਬਾੜਾ ਪਿੰਡ, ਨੂਰਮਹਿਲ, ਸ਼ਾਹਕੋਟ, ਕਾਲਾ ਬੱਕਰਾ, ਨਕੋਦਰ, ਆਦਮਪੁਰ  ਸਿਹਤ ਸੇਵਾ ਕੇਂਦਰਾਂ, ਸਿਵਲ ਹਸਪਤਾਲ ਜਲੰਧਰ ਵਿਖੇ ਇਹ ਸਰਜਰੀਆਂ ਕੀਤੀਆਂ ਜਾਣਗੀਆਂ।

LEAVE A REPLY