ਹੁਸੈਨੀਵਾਲਾ 1961 ਦੇ ਫ਼ੈਸਲੇ ਦੀ ਤਰਜ਼ ਤੇ ਕਰਤਾਰਪੁਰ ਸਾਹਿਬ ਦੀ ਜ਼ਮੀਨ ਦਾ ਤਬਾਦਲਾ ਕਰਨ ਸਰਕਾਰਾਂ : ਬਾਬਾ ਸਰਬਜੋਤ ਬੇਦੀ

0
95

ਊਨਾ, (TLT)- ਗੁਰੂ ਕੇ ਸਿੱਖਾਂ ਦੀਆਂ ਲੰਬੇ ਸਮੇਂ ਤੋਂ ਖੁਲੇ ਦਰਸ਼ਨ ਦੀਦਾਰ ਕਰਨ ਦੀਆਂ ਅਰਦਾਸਾਂ ਦੇ ਫਲਸਰੂਪ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਣ ਜਾ ਰਿਹਾ ਹੈ ਜਿੱਥੇ ਸ਼੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਖੁੱਲਣ ਦੀ ਗੁਰੂ ਕੇ ਸਿੱਖਾਂ ਦੇ ਮਨਾਂ ਚ ਖ਼ੁਸ਼ੀ ਹੈ, ਉੱਥੇ ਹੀ ਦਰਸ਼ਨ ਕਰਨ ਲਈ ਲਗਾਈ ਗਈ ਪਾਸਪੋਰਟ ਦੀ ਸ਼ਰਤ ਨਾਲ ਗਰੀਬ ਸਿੱਖਾਂ ਦੇ ਮਨਾਂ ਨੂੰ ਠੇਸ ਪਹੁੰਚੀ ਹੈ। ਜਿਸ ਭਾਈ ਲਾਲੋ ਦੇ ਕੰਧਿਆਂ ਤੇ ਗੁਰੂ ਨਾਨਕ ਸਾਹਿਬ ਨੇ ਸਿੱਖੀ ਦਾ ਮਹਿਲ ਉਸਾਰਿਆ ਸੀ ਜੇ ਉਹ ਭਾਈ ਲਾਲੋ ਹੀ ਦਰਸ਼ਨ ਕਰਨ ਨਾ ਜਾ ਸਕਿਆ ਤਾਂ ਸਾਡਾ ਇਹ 550 ਸਾਲਾ ਪ੍ਰਕਾਸ਼ ਦਿਹਾੜਾ ਮਨਾਇਆ ਸਾਰਥਕ ਨਹੀਂ ਹੋਵੇਗਾ। ਇਸ ਲਈ ਸਰਕਾਰਾਂ ਨੂੰ ਆਪਣੇ ਇਸ ਫ਼ੈਸਲੇ ਉੱਪਰ ਮੁੜ ਨਜ਼ਰਸਾਨੀ ਕਰਨੀ ਚਾਹੀਦੀ ਹੈ । ਇਹ ਗੱਲ ਗੁਰਮੀਤ ਪ੍ਰਚਾਰਕ ਸੰਤ ਸਭਾ ਦੇ ਪ੍ਰਧਾਨ ਅਤੇ ਗੁਰੂ ਨਾਨਕ ਸਾਹਿਬ ਜੀ ਦੀ 17ਵੀਂ ਪੀੜ੍ਹੀ ਦੇ ਵੰਸ਼ਜ ਬਾਬਾ ਸਰਬਜੋਤ ਸਿੰਘ ਜੀ ਬੇਦੀ ਨੇ ਕੇਂਦਰ ਸਰਕਾਰ ਦੇ ਆਏ ਇਸ ਫ਼ੈਸਲੇ ਤੋਂ ਬਾਅਦ ਸੰਗਤਾਂ ਦੇ ਰੋਹ ਨੂੰ ਵੇਖਦਿਆਂ ਕੀਤੀ ਹੰਗਾਮੀ ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਵਿਚਾਰ ਸਾਂਝੇ ਕਰਦੇ ਹੋਏ ਕਹੀ। ਉਨ੍ਹਾਂ ਮੰਗ ਕੀਤੀ ਕਿ ਜਿਸ ਪ੍ਰਕਾਰ 1961 ਵਿਚ ਹੁਸੈਨੀਵਾਲਾ ਬਾਰਡਰ ਤੇ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਜੀ ਦੀ ਸਮਾਧ ਨੂੰ ਸਰਕਾਰ ਦੁਆਰਾ ਜ਼ਮੀਨ ਦੇ ਕੇ ਭਾਰਤ ‘ਚ ਸ਼ਾਮਲ ਕੀਤਾ ਸੀ, ਠੀਕ ਉਸ ਪ੍ਰਕਾਰ ਹੀ ਪਾਕਿਸਤਾਨ ਨੂੰ ਭਾਰਤ ਨਾਲ ਲਗਦੀ ਜ਼ਮੀਨ ਦੇ ਕੇ ਸ਼੍ਰੀ ਕਰਤਾਰਪੁਰ ਸਾਹਿਬ ਨੂੰ ਭਾਰਤ ‘ਚ ਸ਼ਾਮਲ ਕਰਨਾ ਚਾਹੀਦਾ ਹੈ, ਤਾਂਕਿ ਆਉਣ ਵਾਲੇ ਸਮੇਂ ‘ਚ ਸੰਗਤਾਂ ਸ਼੍ਰੀ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰ ਸਕਣ।

LEAVE A REPLY