ਵਿਆਹ ਸਮਾਗਮ ਤੋਂ ਵਾਪਸ ਪਰਤ ਰਹੇ ਚਾਰ ਨੌਜਵਾਨਾਂ ਦੀ ਹਾਦਸੇ ‘ਚ ਮੌਤ, ਪੰਜ ਜ਼ਖ਼ਮੀ

0
92

ਮੋਗਾ, (TLT)- ਮੋਗਾ ‘ਚ ਇਕ ਵਿਆਹ ਸਮਾਰੋਹ ‘ਚ ਬਰਨਾਲਾ ਦੇ ਪਿੰਡ ਤਾਜੋਕੇ ਜਾ ਰਹੇ ਨੌਂ ਨੌਜਵਾਨਾਂ ਨਾਲ ਭਰੀ ਬੋਲੇਰੋ ਗੱਡੀ ਦੀ ਉਲਟ ਪਾਸਿਓਂ ਆ ਰਹੀ ਮਾਲਵਾ ਕੰਪਨੀ ਦੀ ਪ੍ਰਾਈਵੇਟ ਬੱਸ ਨਾਲ ਆਹਮੋ ਸਾਹਮਣੇ ਟੱਕਰ ਹੋ ਗਈ। ਹਾਦਸੇ ‘ਚ ਚਾਰ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ ਤਿੰਨ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਦੋ ਨੂੰ ਨਿਹਾਲ ਸਿੰਘ ਵਾਲਾ ਦੇ ਦੀਪ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਮੋਗਾ ‘ਚ ਬਰਨਾਲਾ ਜ਼ਿਲ੍ਹੇ ਦੇ ਤਪਾ ਥਾਣਾ ਖੇਤਰ ਦੇ ਅੰਤਰਗਤ ਪਿੰਡ ਤਾਜੋਕੇ ਤੋਂ ਇਕ ਬਰਾਤ ਆਈ ਹੋਈ ਸੀ। ਵਿਆਹ ਤੋਂ ਬਾਅਦ ਬਰਾਤ ‘ਚ ਸ਼ਾਮਲ ਲੋਕ ਵਾਪਸ ਪਰਤ ਰਹੇ ਸਨ। ਇਕ ਬੋਲੇਰੋ ਕਾਰ ‘ਚ 9 ਲੋਕ ਸਵਾਰ ਸਨ। ਬੋਲੇਰੋ ਗੱਡੀ ਜਿਵੇਂ ਹੀ ਮੋਗਾ ਬਰਨਾਲਾ ਹਾਈਵੇ ‘ਤੇ ਪਿੰਡ ਬੋਡੇ ਨੇੜੇ ਪੁੱਜੀ ਤਾਂ ਉਲਟੀ ਦਿਸ਼ਾ ਤੋਂ ਆ ਰਹੀ ਮਾਲਵਾ ਕੰਪਨੀ ਦੀ ਬੱਸ ਨਾਲ ਬੋਲੇਰੋ ਦੀ ਗੱਡੀ ਦੀ ਟੱਕਰ ਹੋ ਗਈ। ਬੱਸ ‘ਚ ਕੋਈ ਯਾਤਰੀ ਸਵਾਰ ਨਹੀਂ ਸੀ। ਸਿਰਫ਼ ਡਰਾਈਵਰ ਹੀ ਸੀ। ਦੋਵੇਂ ਗੱਡੀਆਂ ਦੀ ਟੱਕਰ ‘ਚ ਬੋਲੇਰੋ ਚੱਕਨਾਚੂਰ ਹੋ ਗਈ। ਹਾਦਸੇ ਤੋਂ ਬਾਅਦ ਬੱਸ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਸੂਚਨਾ ਮਿਲਦੇ ਹੀ ਡੀਐੱਸਪੀ ਨਿਹਾਲ ਸਿੰਘ ਵਾਲਾ ਮਨਜੀਤ ਸਿੰਘ, ਥਾਣਾ ਬੱਧਨੀ ਕਲਾਂ ਪੁਲਿਸ ਮੌਕੇ ‘ਤੇ ਪੁੱਜੀ। ਘਟਨਾ ਰਾਤ ਲਗਪਗ 7.45 ਵਜੇ ਦੀ ਹੈ। ਡੀਐੱਸਪੀ ਮਨਜੀਤ ਸਿੰਘ ਮੁਤਾਬਕ ਮਰਨ ਵਾਲਿਆਂ ‘ਚ ਇਕਬਾਲ ਸਿੰਘ, ਸੁਖਦੀਪ ਸਿੰਘ, ਭੂਸ਼ਣ ਤੇ ਲੱਖਾ ਹਨ। ਜਿਨ੍ਹਾਂ ਦੀ ਉਮਰ 22 ਸਾਲ ਤੋਂ ਲੈ ਕੇ 26 ਸਾਲ ਵਿਚਕਾਰ ਹੈ। ਚਾਰੇ ਨੌਜਵਾਨ ਵਿਆਹੁਤਾ ਸਨ। ਚਾਰਾਂ ਦੇ ਦੋ-ਦੋ ਬੱਚੇ ਦੱਸੇ ਜਾ ਰਹੇ ਹਨ। ਡੀਐੱਸਪੀ ਮਨਜੀਤ ਸਿੰਘ ਮੁਤਾਬਕ ਤਿੰਨ ਜ਼ਖ਼ਮੀਆਂ ਨੂੰ ਮੋਗਾ ਰੈਫਰ ਕੀਤਾ ਗਿਆ ਸੀ। ਪਰ ਰਾਤ 10.45 ਵਜੇ ਤਕ ਉਹ ਮਥੁਰਾਦਾਸ ਸਿਵਲ ਹਸਪਤਾਲ ‘ਚ ਨਹੀਂ ਪੁੱਜੇ ਸਨ। ਜਦਕਿ ਦੋ ਜ਼ਖ਼ਮੀਆਂ ਨੂੰ ਨਿਹਾਲ ਸਿੰਘ ਵਾਲਾ ਦੇ ਦੀਪ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

LEAVE A REPLY