ਭੇਦਭਰੇ ਹਾਲਾਤ ‘ਚ ਨੌਜਵਾਨ ਦੀ ਮੌਤ

0
86

ਰਾਮ ਤੀਰਥ, (TLT)- ਬੀਤੀ ਰਾਤ ਰਾਮ ਤੀਰਥ ਰੋਡ ‘ਤੇ ਕਾਲਿਆਂ ਵਾਲੇ ਮੋੜ ਨੇੜੇ ਪੁਲਿਸ ਨਾਕੇ ‘ਤੇ ਪੁਲਿਸ ਨੇ ਇੱਕ ਸ਼ੱਕੀ ਕਾਰ ਨੂੰ ਰੋਕ ਕੇ ਜਦੋਂ ਤਲਾਸ਼ੀ ਲਈ ਤਾਂ ਉਸ ‘ਚੋਂ ਇੱਕ ਨੌਜਵਾਨ ਦੀ ਲਾਸ਼ ਬਰਾਮਦ ਹੋਈ। ਪੁਲਿਸ ਨੇ ਮੌਕੇ ‘ਤੇ ਇਸ ਲਾਸ਼ ਨੂੰ ਟਿਕਾਣੇ ਲਾਉਣ ਜਾ ਰਹੇ ਦੋ ਲੋਕਾਂ ਨੂੰ ਕਾਬੂ ਕੀਤਾ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਜਗਜੀਤ ਸਿੰਘ ਬਾਠ (25) ਪੁੱਤਰ ਬਾਜ ਸਿੰਘ ਵਾਸੀ ਚੈਨਪੁਰ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਨੌਜਵਾਨ ਕੁਝ ਸਮਾਂ ਬਹਿਰੀਨ ‘ਚ ਰਹਿਣ ਤੋਂ ਬਾਅਦ ਪਿੰਡ ਆਇਆ ਹੋਇਆ ਸੀ ਅਤੇ ਕੱਲ੍ਹ ਉਹ ਆਪਣੇ ਕਿਸੇ ਦੋਸਤ ਨੂੰ ਮਿਲਣ ਲਈ ਫ਼ਤਿਹਗੜ੍ਹ ਚੂੜੀਆਂ ਰੋਡ ‘ਤੇ ਸਥਿਤ ਪਿੰਡ ਮੁਰਾਦਪੁਰਾ ਵਿਖੇ ਗਿਆ ਹੋਇਆ ਸੀ। ਇੱਥੇ ਉਸ ਦੀ ਭੇਦਭਰੀ ਹਾਲਾਤ ‘ਚ ਮੌਤ ਹੋ ਗਈ। ਭਰੋਸੇਯੋਗ ਸੂਤਰਾਂ ਦੇ ਅਨੁਸਾਰ ਉਕਤ ਨੌਜਵਾਨ ਅਤੇ ਉਸ ਦਾ ਦੋਸਤ ਨਸ਼ੀਲੇ ਟੀਕੇ ਲਾਉਣ ਦੇ ਆਦੀ ਵੀ ਸਨ, ਜੋ ਕਿ ਉਸ ਦੀ ਮੌਤ ਦਾ ਕਾਰਨ ਸਮਝਿਆ ਜਾ ਰਿਹਾ ਹੈ। ਆਪਣੇ ਆਪ ਨੂੰ ਬਚਾਉਣ ਲਈ ਨੌਜਵਾਨ ਦਾ ਦੋਸਤ ਅਤੇ ਉਸ ਦਾ ਭਰਾ ਰਾਤ ਸਮੇਂ ਲਾਸ਼ ਨੂੰ ਕਾਰ ‘ਚ ਪਾ ਕੇ ਕਿਤੇ ਸੁੱਟਣ ਲਈ ਜਾ ਰਹੇ ਸਨ ਕਿ ਉਹ ਪੁਲਿਸ ਦੇ ਕਾਬੂ ਆ ਗਏ । ਦੱਸਿਆ ਜਾ ਰਿਹਾ ਹੈ ਕਿ ਆਪਣੇ ਦੋਹਾਂ ਪੁੱਤਰਾਂ ਦਾ ਸਾਥ ਦੇਣ ਵਾਲੇ ਬਾਪ ਨੂੰ ਵੀ ਪੁਲਿਸ ਨੇ ਕਾਬੂ ਕਰ ਲਿਆ ਹੈ ਅਤੇ ਉਨ੍ਹਾਂ ਵਿਰੁੱਧ ਪਰਚਾ ਦਰਜ ਕੀਤਾ ਜਾ ਰਿਹਾ ਹੈ।

LEAVE A REPLY