ਮਗਨਰੇਗਾ ਵੱਲੋਂ 19-20 ਨੂੰ ਜ਼ਿਲ੍ਹਾ ਪੱਧਰ ‘ਤੇ ਵਿਸ਼ਾਲ ਧਰਨੇ ਦਿਆਂਗੇ-ਮਨਿੰਦਰ ਸਿੰਘ

0
25

ਜਲੰਧਰ, (ਰਮੇਸ਼ ਗਾਬਾ)-ਜਲੰਧਰ ਪੱਛਮੀ ਬਲਾਕ ਵਿਖੇ ਮਗਨਰੇਗਾ ਕਰਮਚਾਰੀ ਯੂਨੀਅਨ ਬਲਾਕ ਪ੍ਰਧਾਨ ਮਨਿੰਦਰ ਸਿੰਘ ਦੀ ਅਗਵਾਈ ਵਿਚ ਧਰਨਾ ਸ਼ੁਰੂ ਕੀਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਿਚ ਨਰੇਗਾ ਅਧੀਨ ਪਿਛਲੇ 11-12 ਸਾਲਾਂ ਤੋਂ ਡਿਊਟੀ ਕਰ ਰਹੇ ਨਰੇਗਾ ਮੁਲਾਜ਼ਮਾਂ ਨੇ ਅੱਜ ਤੋਂ ਮੰਗਾਂ ਦੀ ਪੂਰਤੀ ਲਈ ਬਲਾਕ ਪੱਧਰੀ ਧਰਨੇ/ਪ੍ਰਦਰਸ਼ਨ ਪੂਰੇ ਪੰਜਾਬ ਵਿਚ ਸ਼ੁਰੂ ਕਰ ਦਿੱਤੇ ਹਨ। ਜ਼ਿਕਰਯੋਗ ਹੈ ਕਿ ਸਮੇਂ-ਸਮੇਂ ‘ਤੇ ਨਰੇਗਾ ਕਰਮਚਾਰੀ ਯੂਨੀਅਨ ਵੱਲੋਂ ਸੇਵਾਵਾਂ ਪੰਚਾਇਤ ਵਿਭਾਗ ਵਿਚ ਮਰਜ਼ ਕਰਕੇ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਸਰਕਾਰ ਤੋਂ ਜ਼ੋਰਦਾਰ ਢੰਗ ਨਾਲ ਆਪਣੀ ਮੰਗ ਉਠਾਈ ਜਾਂਦੀ ਰਹੀ ਹੈ। ਵਿਭਾਗ ਵੱਲੋਂ ਰੈਗੂਲਰ ਦਾ ਕੇਸ ਦੋ ਵਾਰ ਪ੍ਰੋਸ਼ਨਲ ਵਿਭਾਗ ਨੂੰ ਭੇਜਿਆ ਵੀ ਜਾ ਚੁੱਕਾ ਹੈ, ਜੋ ਕਿ ਸਰਕਾਰ ਵੱਲੋਂ ਪੈਸੇ ਦੀ ਘਾਟ ਦਾ ਬਹਾਨਾ ਬਣਾਕੇ ਵਾਪਸ ਕਰ ਦਿੱਤਾ ਗਿਆ। ਦੂਜੇ ਪਾਸੇ ਨਰੇਗਾ ਮੁਲਾਜ਼ਮਾਂ ਦੇ ਤਜਰਬੇ ਨੂੰ ਦਰਕਿਨਾਰ ਕਰਕੇ ਵਿਭਾਗ ਵਿਚ ਹੀ ਪਹਿਲਾਂ ਵੀ ਪੰਚਾਇਤ ਸਕੱਤਰ, ਸਟੈਨੋਗ੍ਰਾਫਰਾਂ ਦੀ ਭਰਤੀ ਕੀਤੀ ਜਾ ਚੁੱਕੀ ਹੈ। ਭਵਿੱਖ ਵਿਚ ਵੀ ਵਿਭਾਗ ਨਵੀਂ ਭਰਤੀ ਦੀ ਯੋਜਨਾ ਬਣਾ ਰਿਹਾ ਹੈ, ਜਿਸ ਵਿਚ ਨਰੇਗਾ ਮੁਲਾਜ਼ਮਾਂ ਲਈ ਕੋਈ ਛੋਟ ਦਿੱਤੀ ਜਾਵੇ। ਅਜਿਹੀ ਕੋਈ ਆਸ ਨਹੀਂ ਹੈ। ਇਕ ਪਾਸੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਿਚ ਹੀ ”ਇੰਪਲਾਈਜ਼ ਵੈਲਫੇਅਰ ਐਕਟ-2016” ਲਾਗ ਕਰਕੇ ਕੱਚੇ ਮੁਲਾਜ਼ਮ ਪੱਖੇ ਕੀਤਾ ਜਾ ਚੁੱਕੇ ਹਨ, ਇਸ ਤੋਂ ਵੀ ਉਲਟ ਕੇਂਦਰ ਦੀ ਸਰਵ ਸਿੱਖਿਆ ਅਭਿਆਨ ਅਤੇ ਰਸਮਾ ਸਕੀਮ ਦੇ ਅਧਿਆਪਕ ਸਰਕਾਰ ਦੁਆਰਾ ਆਪਣੀ ਪਾਲਸੀ ਬਣਾ ਕੇ ਰੈਗੂਲਰ ਕੀਤੇ ਗਏ ਹਨ ਜੋ ਕਿ ਨਰੇਗਾ ਮੁਲਾਜ਼ਮਾਂ ‘ਤੇ ਵੀ ਇੰਨ-ਬਿੰਨ ਲਾਗੂ ਹੋ ਸਕਦੀ ਹੈ। ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਵਰਿੰਦਰ ਸਿੰਘ ਨੇ ਦੱਸਿਆ ਕਿ ਮਗਨਰੇਗਾ ਮੁਲਾਜ਼ਮ 2007-2008 ਤੋਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਅਧੀਨ ਡਿਊਟੀ ਕਰ ਰਹੇ ਹਨ। ਸਾਰੇ 1539 ਨਰੇਗਾ ਮੁਲਾਜ਼ਮਾਂ ਦੀ ਭਰਤੀ ਪੂਰੇ ਪਾਰਦਰਸ਼ੀ ਢੰਗ ਨਾਲ ਸਮੇਂ-ਸਮੇਂ ‘ਤੇ ਰੈਗੂਲਰ ਮੁਲਾਜ਼ਮਾਂ ਦੀ ਭਰਤੀ ਲਈ ਅਪਣਾਏ ਜਾਂਦੇ ਮਾਪਦੰਡਾਂ ਅਨੁਸਾਰ ਹੋਈ ਹੈ ਪ੍ਰੰਤੂ ਸਰਕਾਰ ਰੈਗੂਲਰ ਦੀ ਮੰਗ ‘ਤੇ ਲਾਰੇ ਲਾ ਕੇ ਵਕਤ ਟਪਾ ਰਹੀ ਹੈ। ਅੱਜ ਤੱਕ ਨਾ ਤਾਂ ਨਰੇਗਾ ਮੁਲਾਜ਼ਮਾਂ ਦਾ ਈ.ਪੀ.ਐੱਫ. ਕੱਟਿਆ ਜਾ ਰਿਹਾ ਹੈ, ਨਾ ਮੋਬਾਈਲ ਭੱਤਾ, ਡਿਊਟੀ ਦੌਰਾਨ ਮੌਤ ਹੋਣ ‘ਤੇ ਵੀ ਨਾ ਕੋਈ ਲਾਭ ਅਤੇ ਨਾ ਹੀ ਮੈਡੀਕਲ ਸਹੂਲਤਾਂ, ਨਿਗੁਣਾ ਆਵਾਜਾਈ ਭੱਤਾ, ਨਾ ਸਰਵਿਸ ਰਿਕਾਰਡ ਰੱਖਿਆ ਜਾਂਦਾ ਹੈ, ਨਾ ਹੀ ਤਨਖਾਹਾਂ ਦਾ ਕੋਈ ਬਜਟ ਰੱਖਿਆ ਜਾਂਦਾ ਹੈ ਜਿਸ ਕਾਰਨ ਮੁਲਾਜ਼ਮਾਂ ਦਾ ਭਵਿੱਖ ਖਤਰੇ ਵਿਚ ਹੈ। ਉਪਰੋਕਤ ਵਿਭਾਗੀ ਮੰਗਾਂ ਤਾਂ ਪਿਛਲੇ ਡੇਢ ਸਾਲ ਤੋਂ ਪ੍ਰਵਾਨ ਵੀ ਕਰ ਲਈਆਂ ਗਈਆਂ ਸਨ ਪਰ ਅੱਜ ਤੱਕ ਸਿਵਾਏ ਝੂਠੇ ਲਾਰਿਆਂ ਤੋਂ ਕੋਈ ਵੀ ਠੋਸ ਹੱਲ ਨਹੀਂ ਹੋ ਸਕਿਆ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ 21 ਅਗਸਤ ਦੀ ਸੂਬਾਈ ਮੀਟਿੰਗ ਵਿਚ ਸੂਬਾ ਕਮੇਟੀ ਦੇ ਫੈਸਲੇ ਮੁਤਾਬਕ ਅੱਜ ਤੋਂ ਨਰੇਗਾ ਦੇ ਹਰ ਤਰ੍ਹਾਂ ਦੇ ਕੰਮਾਂ ਦਾ ਮੁਕੰਮਲ ਬਾਈਕਾਟ ਕਰਕੇ 16, 17, 18 ਸਤੰਬਰ ਨੂੰ ਬਲਾਕ ਪੱਧਰ ‘ਤੇ ਧਰਨੇ ਦੇਣ ਤੋਂ ਬਾਅਦ 19 ਅਤੇ 20 ਸਤੰਬਰ ਨੂੰ ਜ਼ਿਲ੍ਹਾ ਪੱਧਰ ‘ਤੇ ਵਿਸ਼ਾਲ ਧਰਨੇ ਦਿੱਤੇ ਜਾਣਗੇ ਅਤੇ ਨਰੇਗਾ ਮੁਲਾਜ਼ਮ ਪੰਜਾਬ ਵਿਚ ਹੋ ਰਹੀਆਂ ਜ਼ਿਮਨੀ ਚੋਣਾਂ ਵਿਚ ਚਾਰਾਂ ਹਲਕਿਆਂ ਵਿਚ ਕਾਂਗਰਸ ਸਰਕਾਰ ਦੀਆਂ ਪੋਲਾਂ ਖੋਲ੍ਹਣਗੇ, ਜੇਕਰ ਫਿਰ ਵੀ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਸੂਬਾ ਪੱਧਰੀ ਧਰਨੇ ਦੀਆਂ ਤਿਆਰੀਆਂ ਕੀਤੀਆਂ ਜਾਣਗੀਆਂ ਜੋ ਕਿ ਅਣਮਿੱਥੇ ਸਮੇਂ ਲਈ ਪੱਕੇ ਮੋਰਚੇ ਵਿਚ ਵੀ ਤਬਦੀਲ ਹੋ ਸਕਦਾ ਹੈ। ਇਸ ਤੋਂ ਪਹਿਲਾਂ ਹੀ ਕਾਂਗਰਸੀ ਸਾਂਸਦਾਂ, ਕੈਬਨਿਟ ਮੰਤਰੀਆਂ, ਵਿਧਾਇਕਾਂ ਅਤੇ ਸੀਨੀਅਰ ਕਾਂਗਰਸੀ ਨੇਤਾਵਾਂ ਨੂੰ ਮੰਗ-ਪੱਤਰ ਦਿੱਤੇ ਜਾ ਚੁੱਕੇ ਹਨ, ਪਰ ਸਰਕਾਰ ਨੇ ਕੋਈ ਵੀ ਗੱਲਬਾਤ ਦੀ ਪੇਸ਼ਕਸ਼ ਨਹੀਂ ਕੀਤੀ।

LEAVE A REPLY