ਜ਼ਿਲਾ ਖੁਰਾਕ ਤੇ ਸਪਲਾਈ ਵਿਭਾਗ ਦੇ ਸੈਂਟਰ ‘ਚ ਵੱਡਾ ਘਪਲਾ

0
89

ਗੁਰਦਾਸਪੁਰ (TLT) : ਗਰੀਬ ਲੋਕਾਂ ਨੂੰ ਮਿਲਣ ਵਾਲੇ ਆਟਾ-ਦਾਲ ਦੇ ਘਪਲੇ ‘ਚ ਮੁਅੱਤਲ ਹੋ ਚੁੱਕੇ ਜ਼ਿਲਾ ਖੁਰਾਕ ਤੇ ਸਪਲਾਈ ਵਿਭਾਗ ਦੇ ਇੰਸਪੈਕਟਰ ਸੁਮਿਤ ਕੁਮਾਰ ਵਲੋਂ ਵਿਭਾਗ ਦੇ ਹੋਰ ਅਧਿਕਾਰੀਆਂ ਨੂੰ ਸੌਂਪੇ ਆਪਣੇ ਸਟਾਕ ‘ਚ ਲਗਭਗ 35 ਲੱਖ ਰੁਪਏ ਦੀ ਕਣਕ ਅਤੇ ਲਗਭਗ 12 ਲੱਖ ਰੁਪਏ ਦੀਆਂ ਖਾਲੀ ਬੋਰੀਆਂ ਘੱਟ ਪਾਈਆਂ ਗਈਆਂ ਹਨ। ਇਸ ਸਬੰਧੀ ਜ਼ਿਲਾ ਖੁਰਾਕ ਤੇ ਸਪਲਾਈ ਕੰਟਰੋਲਰ ਗੁਰਦਾਸਪੁਰ ਮੁਨੀਸ਼ ਨਰੂਲਾ ਜਿਨ੍ਹਾਂ ਦਾ ਤਬਾਦਲਾ ਗੁਰਦਾਸਪੁਰ ਤੋਂ ਹੋ ਚੁੱਕਾ ਹੈ ਅਤੇ ਉਨ੍ਹਾਂ ਨੇ ਅਜੇ ਚਾਰਜ ਨਹੀਂ ਛੱਡਿਆ ਹੈ, ਦਾ ਕਹਿਣਾ ਹੈ ਕਿ ਮੈਂ ਇਸ ਸਬੰਧੀ ਰਿਪੋਰਟ ਚੰਡੀਗੜ੍ਹ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਹੈ ਅਤੇ ਅੱਗੇ ਕਾਰਵਾਈ ਚੰਡੀਗੜ੍ਹ ਤੋਂ ਹੋਣੀ ਹੈ। ਸੂਤਰਾਂ ਅਨੁਸਾਰ ਪੰਜਾਬ ਭਰ ‘ਚ ਕੇਂਦਰੀ ਪੂਲ ‘ਤੇ ਲਗਭਗ 31 ਹਜ਼ਾਰ ਕਰੋੜ ਰੁਪਏ ਦਾ ਅਨਾਜ ਲਾਪਤਾ ਹੈ ਅਤੇ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਵਿਰੁੱਧ ਇਹ ਰਾਸ਼ੀ ਕਰਜ਼ ਵਜੋਂ ਖੜ੍ਹੀ ਕਰ ਦਿੱਤੀ ਹੈ ਅਤੇ ਲਗਭਗ 1500 ਕਰੋੜ ਰੁਪਏ ਕਿਸ਼ਤਾਂ ਦੇ ਰੂਪ ‘ਚ ਹਰ ਸਾਲ ਪੰਜਾਬ ਸਰਕਾਰ ਅਦਾ ਕਰ ਰਹੀ ਹੈ।
ਮੁੱਖ ਮੁਲਜ਼ਮ ਨੂੰ ਪੰਜਾਬ ਸਰਕਾਰ ਪਹਿਲਾਂ ਹੀ ਕਰ ਚੁੱਕੀ ਹੈ ਮੁਅੱਤਲ
ਆਪਣੀ ਰਾਜਨੀਤਕ ਪਹੁੰਚ ਨਾਲ ਇਹ ਇੰਸਪੈਕਟਰ ਇਕ ਤਾਂ ਨਿਯਮਾਂ ਦੇ ਉਲਟ ਗੁਰਦਾਸਪੁਰ ਸੈਂਟਰ ‘ਚ ਤਾਇਨਾਤ ਕੀਤਾ ਗਿਆ ਸੀ, ਕਿਉਂਕਿ ਇਸ ਨੂੰ ਗੋਦਾਮਾਂ ‘ਚ ਮਾਲ ਘੱਟ ਹੋਣ ਸਬੰਧੀ ਜਾਂਚ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਇੰਸਪੈਕਟਰ ਵਿਰੁੱਧ ਵਿਭਾਗ ਦੇ ਹੋਰ ਅਧਿਕਾਰੀਆਂ ਨੇ ਵੀ ਉੱਚ ਅਧਿਕਾਰੀਆ ਨੂੰ ਲਿਖ ਕੇ ਭੇਜਿਆ ਸੀ ਕਿ ਇਹ ਇੰਸਪੈਕਟਰ ਜੋ ਕੁਝ ਮਹੀਨਿਆਂ ਤੋਂ ਲੋਕਾਂ ਨੂੰ ਕਣਕ ਦੇ ਰਿਹਾ ਹੈ ਉਹ ਇਕ ਤਾਂ ਖਾਣ ਯੋਗ ਨਹੀਂ ਹੈ, ਉੱਥੇ ਕਣਕ ਦੀ ਬੋਰੀ 30 ਕਿਲੋ ਦੀ ਹੋਣੀ ਚਾਹੀਦੀ ਹੈ, ਪਰ ਇਹ 25 ਕਿਲੋ ਕਣਕ ਦੇ ਰਿਹਾ ਹੈ। ਇਨ੍ਹਾਂ ਇੰਸਪੈਕਟਰਾਂ ਨੇ ਦੋਸ਼ ਲਾਇਆ ਸੀ ਕਿ ਜਦ ਇਸ ਗੱਲ ਦੀ ਸ਼ਿਕਾਇਤ ਇੰਸਪੈਕਟਰ ਸੁਮਿਤ ਕੁਮਾਰ ਤੋਂ ਕਰਦੇ ਹਾਂ ਤਾਂ ਉਹ ਰਾਜਨੀਤਕ ਤਾਕਤ ਦਾ ਰੋਹਬ ਦਿਖਾਉਂਦਾ ਹੈ। ਸ਼ਿਕਾਇਤਾਂ ਦੇ ਬਾਅਦ ਵਿਭਾਗ ਦੇ ਮੰਤਰੀ ਭਾਰਤ ਭੂਸ਼ਣ ਨੇ 18 ਜੁਲਾਈ ਨੂੰ ਸੁਮਿਤ ਕੁਮਾਰ ਇੰਸਪੈਕਟਰ ਨੂੰ ਮੁਅੱਤਲ ਕਰ ਦਿੱਤਾ ਸੀ। ਜਦਕਿ ਇਸ ‘ਤੇ ਪਹਿਲਾਂ ਵੀ ਕਈ ਮਾਮਲੇ ਚਲ ਰਹੇ ਹਨ, ਪਰ ਇਸ ਅਧਿਕਾਰੀ ਦੇ ਕੋਲ ਬਹੁਤ ਜ਼ਿਆਦਾ ਸਟਾਕ ਹੋਣ ਦੇ ਕਾਰਣ ਇਸ ਦੇ ਸਟਾਕ ਦੀ ਗਿਣਤੀ ਕਰਨ ‘ਚ ਹੀ ਕਾਫੀ ਸਮਾਂ ਲੱਗ ਗਿਆ।

LEAVE A REPLY