ਮੀਂਹ ਦੇ ਪਾਣੀ ਕਾਰਨ ਲਗਪਗ 250 ਏਕੜ ਝੋਨਾ ਡੁੱਬਿਆ

0
65

ਪੱਖੋਂ ਕਲਾਂ, (TLT)-ਜਿੱਥੇ ਮਾਨਸੂਨ ਆਉਣ ਦੇ ਨਾਲ ਪੰਜਾਬ ‘ਚ ਵੱਖ-ਵੱਖ ਥਾਵਾਂ ‘ਚ ਲੋਕਾਂ ‘ਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ ਉੱਥੇ ਹੀ ਕੁਝ ਖੇਤਰਾਂ ‘ਚ ਜ਼ਿਆਦਾ ਪਾਣੀ ਦੇ ਵਹਾਅ ਕਾਰਨ ਆਪਣੀ ਝੋਨੇ ਦੀ ਫ਼ਸਲ ਨੂੰ ਡੁੱਬੀ ਵੇਖ ਕਿਸਾਨਾਂ ਦੇ ਚਿਹਰੇ ਮੁਰਝਾ ਗਏ ਹਨ। ਇਸ ਤਰ੍ਹਾਂ ਬਰਨਾਲਾ ਜ਼ਿਲ੍ਹੇ ਦੇ ਪਿੰਡ ਰੂੜੇਕੇ ਕਲਾਂ ਤੋਂ ਪੱਖੋਂ ਕਲਾਂ ਗੁਰੂਸਰ ਸੜਕ ਵਾਲੇ ਖੇਤਰ ‘ਚ ਮੀਂਹ ਦੇ ਕਾਰਨ ਲਗਪਗ 250 ਏਕੜ ਫ਼ਸਲ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਪਾਣੀ ਦਾ ਵਹਾਅ ਰੂੜੇਕੇ ਕਲਾਂ ਦੇ ਖੇਤਾਂ ਵਲੋਂ ਪਿੰਡ ਪੱਖੋਂ ਕਲਾਂ ਦੇ ਗੁਰੂਸਰ ਖੇਤਰ ਦੇ ਖੇਤਾਂ ਵੱਲ ਹੋਣ ਕਾਰਨ ਨਹਿਰੀ ਖਾਲ ਨੂੰ ਵੀ ਰੋੜ ਕੇ ਲੈ ਗਿਆ। ਇਸ ਮੌਕੇ ਪੱਖੋਂ ਕਲਾਂ ਦੇ ਕਿਸਾਨ ਸੁੱਖੀ ਸਿੰਘ ਪੁੱਤਰ ਯੁਵਰਾਜ ਸਿੰਘ ਪੱਤੀ ਗੋਨਾ ਨੇ ਦੱਸਿਆ ਕਿ ਕਿ ਕੱਲ੍ਹ ਸਾਰੀ ਰਾਤ ਪਏ ਮੀਂਹ ਪਾਣੀ ਨੇ ਉਨ੍ਹਾਂ ਦੀ ਲਗਪਗ 10 ਏਕੜ ਫ਼ਸਲ ਡੋਬ ਦਿੱਤੀ। ਇਸ ਤਰ੍ਹਾਂ ਬਿੱਕਰ ਸਿੰਘ, ਲਾਭ ਸਿੰਘ, ਗੁਰਮੇਲ ਸਿੰਘ ਦੀ ਲਗਪਗ 20 ਏਕੜ, ਅਮਰੀਕ ਸਿੰਘ ਦੀ 4 ਏਕੜ ਫ਼ਸਲ, ਕਰਮ ਸਿੰਘ ਦੀ 2 ਏਕੜ, ਸਮੇਤ ਹੋਰ ਕਿਸਾਨਾਂ ਦੀ ਫ਼ਸਲ ਕਰੀਬ 150 ਏਕੜ ਫ਼ਸਲ ਪਾਣੀ ‘ਚ ਡੁੱਬ ਚੁੱਕੀ ਹੈ। ਇਸ ਮੌਕੇ ਧੀਰਾ ਸਿੰਘ ਪੁੱਤਰ ਦੇਵ ਸਿੰਘ ਨੇ ਦੱਸਿਆ ਕਿ ਉਸ ਨੇ 3 ਏਕੜ ਜ਼ਮੀਨ ਠੇਕੇ ‘ਤੇ ਲੈ ਕੇ ਝੋਨਾ ਦੀ ਬਿਜਾਈ ਕੀਤੀ ਜੋ ਕਿ ਸਾਰੀ ਦੀ ਸਾਰੀ ਡੁੱਬ ਗਈ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਇਕਾਈ ਪ੍ਰਧਾਨ ਸੁਖਵਿੰਦਰ ਸਿੰਘ ਰੂੜੇਕੇ, ਬਿੱਟੂ ਰੂੜੇਕੇ ਕਲਾਂ, ਰਣਜੀਤ ਸਿੰਘ ਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਇਕਾਈ ਪ੍ਰਧਾਨ ਰੂਲਦੂ ਸਿੰਘ, ਮੀਤ ਪ੍ਰਧਾਨ ਕਰਮ ਸਿੰਘ ਪੱਖੋਂ, ਬਲਾਕ ਪ੍ਰਧਾਨ ਪਰਮਿੰਦਰ ਸਿੰਘ ਹੰਡਿਆਇਆ ਨੇ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਹੈ ਕਿ ਇਸ ਕੁਦਰਤੀ ਆਫ਼ਤ ਨੂੰ ਪਟਵਾਰੀਆਂ ਤੇ ਕਾਨੂਗੋ ਤੋਂ ਗਰਦੌਰੀ ਕਰਵਾ ਕੇ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ।

LEAVE A REPLY