ਸ਼੍ਰੀ ਅਮਰਨਾਥ ਯਾਤਰਾ: ਗੁਫਾ ‘ਤੇ ਕਤਾਰ, ਯਾਤਰਾ 2 ਲੱਖ ਦੇ ਪਾਰ, ਟੁੱਟਿਆ 3 ਸਾਲ ਦਾ ਰਿਕਾਰਡ

0
107

ਜਲੰਧਰ/ਜੰਮੂ-ਕਸ਼ਮੀਰ (ਰਮੇਸ਼ ਗਾਬਾ)— ਸ਼੍ਰੀ ਅਮਰਨਾਥ ਯਾਤਰਾ ਦੌਰਾਨ ਭਗਤਾਂ ਦੇ ਉਤਸ਼ਾਹ ਕਾਰਨ ਯਾਤਰਾ 16ਵੇਂ ਦਿਨ ‘ਚ 2 ਲੱਖ ਦੇ ਪਾਰ ਪਹੁੰਚ ਗਈ ਹੈ। 16ਵੇਂ ਦਿਨ 11,539 ਸ਼ਰਧਾਲੂਆਂ ਨੇ ਬਾਬਾ ਬਰਫਾਨੀ ਦੇ ਦਰਸ਼ਨ ਕੀਤੇ। ਹੁਣ ਤੱਕ ਯਾਤਰਾ ਨੇ ਪਿਛਲੇ 3 ਸਾਲ ਦਾ ਰਿਕਾਰਡ ਤੋੜ ਦਿੱਤਾ ਹੈ। 2016 ‘ਚ ਪਹਿਲੇ 16 ਦਿਨਾਂ ‘ਚ 1,72,851 ਸ਼ਰਧਾਲੂਆਂ ਨੇ ਗੁਫਾ ‘ਚ ਮੱਥਾ ਟੇਕਿਆ ਸੀ, ਜਦਕਿ 2017 ‘ਚ 16ਵੇਂ ਦਿਨ ਤੱਕ 1,86,853 ਸ਼ਰਧਾਲੂਆਂ ਨੇ ਅਤੇ 2018 ਦੇ 16ਵੇਂ ਦਿਨ ਤੱਕ 1,65,006 ਸ਼ਰਧਾਲੂਆਂ ਨੇ ਪਵਿੱਤਰ ਸ਼ਿਵਲਿੰਗ ਦੇ ਦਰਸ਼ਨ ਕੀਤੇ ਸਨ। ਇਸ ਸਾਲ 16ਵੇਂ ਦਿਨ ਤੱਕ 2,05,084 ਸ਼ਰਧਾਲੂਆਂ ਨੇ ਬਾਬਾ ਬਰਫਾਨੀ ਦੇ ਦਰਸ਼ਨ ਕਰ ਲਏ ਹਨ।
ਸੁਰੱਖਿਆ ਕਾਰਨ ਵਧਿਆ ਯਾਤਰੀਆਂ ਦਾ ਉਤਸ਼ਾਹ
ਪਿਛਲੇ ਕੁਝ ਸਾਲਾਂ ‘ਚ ਯਾਤਰਾ ਤੋਂ ਪਹਿਲਾ ਜਾਂ ਯਾਤਰਾ ਦੌਰਾਨ ਕਸ਼ਮੀਰ ‘ਚ ਅੱਤਵਾਦੀ ਘਟਨਾਵਾਂ ਹੋਈਆਂ ਲਿਹਾਜ਼ਾ ਸ਼ਰਧਾਲੂ ਸੁਰੱਖਿਆ ਨੂੰ ਲੈ ਕੇ ਕੁਝ ਹੱਦ ਤੱਕ ਚਿੰਤਤ ਸਨ। ਜਿਸ ਕਾਰਨ ਯਾਤਰਾ ਹੌਲੀ ਚਲ ਰਹੀ ਸੀ ਪਰ ਇਸ ਵਾਰ ਯਾਤਰਾ ਤੋਂ ਪਹਿਲਾਂ ਜਾਂ ਹੁਣ ਤੱਕ ਦੀ ਯਾਤਰਾ ਦੌਰਾਨ ਕੋਈ ਅੱਤਵਾਦੀ ਘਟਨਾ ਨਹੀਂ ਹੋਈ ਹੈ। ਇਸ ਨਾਲ ਸ਼ਰਧਾਲੂਆਂ ਦਾ ਹੌਸਲਾ ਵਧਿਆ ਹੈ ਅਤੇ ਉਹ ਆਪਣੀ ਸੁਰੱਖਿਆ ਨੂੰ ਲੈ ਕੇ ਫਿਕਰਮੰਦ ਹਨ। ਜੰਮੂ-ਕਸ਼ਮੀਰ ‘ਚ ਇਨ੍ਹੀਂ ਦਿਨੀਂ ਰਾਜਪਾਲ ਸ਼ਾਸਨ ਹੈ ਅਤੇ ਸੂਬੇ ਦੀ ਕਮਾਨ ਸਿੱਧੇ ਤੌਰ ‘ਤੇ ਕੇਂਦਰ ਦੇ ਹੱਥ ‘ਚ ਹੈ। ਲਿਹਾਜ਼ਾ ਸਥਾਨਕ ਪੱਧਰ ‘ਤੇ ਕੋਈ ਦਖਲ ਨਾ ਹੋਣ ਕਾਰਨ ਸੁਰੱਖਿਆ ‘ਚ ਕੋਈ ਢਿੱਲ ਨਹੀਂ ਵਰਤੀ ਜਾ ਰਹੀ। ਯਾਤਰਾ ਦੇ ਦੋਵਾਂ ਮਾਰਗਾਂ ਬਾਲਟਾਲ ਅਤੇ ਪਹਿਲਗਾਮ ‘ਚ ਯਾਤਰਾ ਮਾਰਗ ‘ਤੇ ਕੋਨੇ-ਕੋਨੇ ‘ਤੇ ਸੁਰੱਖਿਆ ਫੋਰਸ ਤਾਇਨਾਤ ਹੈ। ਇਹ ਫੋਰਸ ਨਾ ਸਿਰਫ ਸੁਰੱਖਿਆ ਨੂੰ ਲੈ ਕੇ ਆਪਣੀ ਜ਼ਿੰਮੇਵਾਰੀ ਨਿਭਾਅ ਰਹੀ ਹੈ ਸਗੋਂ ਇਨਸਾਨੀਅਤ ਪੱਧਰ ‘ਤੇ ਵੀ ਸ਼ਰਧਾਲੂਆਂ ਦੀ ਹਰ ਸੰਭਵ ਮਦਦ ਕਰ ਰਹੀ ਹੈ।
ਸ਼੍ਰਾਈਨ ਬੋਰਡ ਦਾ ਵਧੀਆ ਪ੍ਰਬੰਧ
ਇਸ ਸਾਲ ਯਾਤਰਾ ਦੌਰਾਨ ਸੁਰੱਖਿਆ ਤੋਂ ਇਲਾਵਾ ਸ਼ਰਧਾਲੂਆਂ ਦੀ ਸਹੂਲਤ ਲਈ ਸ਼੍ਰਾਈਨ ਬੋਰਡ ਨੇ ਤਮਾਮ ਪ੍ਰਬੰਧ ਕੀਤੇ ਹੋਏ ਹਨ। ਯਾਤਰਾ ਮਾਰਗ ‘ਤੇ ਥਾਂ-ਥਾਂ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ। ਇਸ ਤੋਂ ਇਲਾਵਾ ਯਾਤਰਾ ਮਾਰਗ ‘ਤੇ ਹੀ ਯਾਤਰੀਆਂ ਦੇ ਰੁਕਣ ਨੂੰ ਲੈ ਕੇ ਸਫਾਈ ਦਾ ਪੂਰਾ ਪ੍ਰਬੰਧ ਹੈ ਅਤੇ ਯਾਤਰਾ ਸਬੰਧੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਲਈ ਸ਼੍ਰਾਈਨ ਬੋਰਡ ਦੇ ਅਧਿਕਾਰੀਆਂ ਦੇ ਨਾਲ-ਨਾਲ ਟੋਲ ਫ੍ਰੀ ਨੰਬਰ ‘ਤੇ ਵੀ ਯਾਤਰੀਆਂ ਦੀ ਮਦਦ ਕੀਤੀ ਜਾ ਰਹੀ ਹੈ। ਜਿਨ੍ਹਾਂ ਯਾਤਰੀਆਂ ਦੀ ਰਜਿਸ਼ਟ੍ਰੇਸ਼ਨ ਨਹੀਂ ਹੋ ਸਕੀ ਹੈ, ਉਨ੍ਹਾਂ ਦੀ ਮੌਕੇ ‘ਤੇ ਰਜਿਸਟ੍ਰੇਸ਼ਨ ਕਰਵਾਉਣ ‘ਚ ਵੀ ਯਾਤਰੀਆਂ ਦੀ ਮਦਦ ਕੀਤੀ ਜਾ ਰਹੀ ਹੈ। ਲਿਹਾਜ਼ਾ ਯਾਤਰਾ ਦਾ ਅੰਕੜਾ ਵੱਧ ਰਿਹਾ ਹੈ।
ਟੁੱਟ ਸਕਦਾ ਹੈ ਪਿਛਲੇ ਸਾਲ ਦਾ ਰਿਕਾਰਡ
ਪਿਛਲੇ ਸਾਲ ਯਾਤਰਾ 60 ਦਿਨ ਦੀ ਸੀ ਅਤੇ 2 ਮਹੀਨਿਆਂ ਦੀ ਯਾਤਰਾ ਦੌਰਾਨ 2,85,006 ਸ਼ਰਧਾਲੂਆਂ ਨੇ ਪਵਿੱਤਰ ਗੁਫਾ ਦੇ ਦਰਸ਼ਨ ਕੀਤੇ ਸਨ। ਭਾਵੇਂਕਿ ਇਸ ਸਾਲ ਦੀ ਯਾਤਰਾ ਸਿਰਫ 45 ਦਿਨ ਦੀ ਹੈ ਪਰ ਪਹਿਲੇ 16 ਦਿਨ ਦੌਰਾਨ ਹੀ ਜਿਸ ਤਰੀਕੇ ਨਾਲ ਸ਼ਰਧਾਲੂਆਂ ਦੀ ਗਿਣਤੀ 2 ਲੱਖ ਦੇ ਪਾਰ ਪੁੱਜ ਗਈ ਹੈ, ਉਸ ਨੂੰ ਦੇਖ ਕੇ ਲੱਗਦਾ ਹੈ ਕਿ ਇਸ ਸਾਲ ਗੁਫਾ ਤੱਕ ਪਹੁੰਚ ਕੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਦਾ ਅੰਕੜਾ 3 ਲੱਖ ਦੇ ਪਾਰ ਪੁੱਜ ਸਕਦਾ ਹੈ। ਇਸ ਤੋਂ ਪਹਿਲਾਂ 2015 ‘ਚ 59 ਦਿਨ ਦੀ ਯਾਤਰਾ ਦੌਰਾਨ 3,52,771 ਸ਼ਰਧਾਲੂਆਂ ਨੇ ਬਾਬਾ ਬਰਫਾਨੀ ਦੇ ਦਰਸ਼ਨ ਕੀਤੇ ਸਨ ਜਦਕਿ 2016 ‘ਚ 48 ਦਿਨ ਦੀ ਯਾਤਰਾ ਦੌਰਾਨ 2,20,490 ਅਤੇ 2017 ‘ਚ 40 ਦਿਨ ‘ਚ 2,60, 003 ਸ਼ਰਧਾਲੂਆਂ ਨੇ ਦਰਸ਼ਨ ਕੀਤੇ ਸਨ।
ਮੌਸਮ ਨੇ ਵੀ ਦਿੱਤਾ ਸਾਥ
ਪਿਛਲੇ ਸਾਲ ਪਹਿਲੇ 5 ਦਿਨ ਦੀ ਯਾਤਰਾ ਦੌਰਾਨ ਮੌਸਮ ‘ਚ ਗੜਬੜੀ ਦੇ ਕਾਰਨ ਯਾਤਰਾ ‘ਚ ਰੁਕਾਵਟ ਪਈ ਸੀ ਪਰ ਇਸ ਸਾਲ ਹੁਣ ਤੱਕ ਮੌਸਮ ਨੇ ਪੂਰਾ ਸਾਥ ਦਿੱਤਾ ਹੈ। ਭਾਵੇਂਕਿ ਯਾਤਰਾ ਦੀ ਸ਼ੁਰੂਆਤ ਦੌਰਾਨ ਪਹਿਲੀ ਜੁਲਾਈ ਨੂੰ ਹੀ ਹਲਕੀ ਬਾਰਿਸ਼ ਹੋਈ ਸੀ ਅਤੇ ਯਾਤਰਾ ਕੁਝ ਸਮੇਂ ਲਈ ਹੀ ਰੋਕਣੀ ਪਈ ਸੀ ਪਰ ਉਸ ਤੋਂ ਬਾਅਦ ਹੁਣ ਤੱਕ ਮੌਸਮ ਸਾਫ ਹੈ। ਜਿਸ ਨਾਲ ਯਾਤਰੀਆਂ ਨੂੰ ਮੌਸਮ ਸਬੰਧੀ ਮੁਸ਼ਕਿਲਾਂ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਹੈ ਅਤੇ ਯਾਤਰਾ ਸਫਲਤਾਪੂਰਵਕ ਚਲ ਰਹੀ ਹੈ।

LEAVE A REPLY