ਤਣਾਅ ਵਿਚਾਲੇ ਟਰੰਪ ਤੇ ਅਬੇ ਨੇ ਖੇਡਿਆ ਗੋਲਫ

0
171

ਟੋਕੀਓ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਜਾਪਾਨ ਦੇ ਚਾਰ ਦਿਨਾਂ ਦੌਰੇ ‘ਤੇ ਪੁੱਜੇ ਹਨ। ਇੱਥੇ ਦੂਜੇ ਦਿਨ ਉਨ੍ਹਾਂ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਬੋ ਅਬੇ ਨਾਲ ਗੋਲਫ ਖੇਡਿਆ ਅਤੇ ਇਕ ਸੂਮੋ ਟੂਰਨਾਮੈਂਟ ਦੇ ਜੇਤੂ ਨੂੰ ਇਨਾਮ ਵੀ ਦਿੱਤਾ। ਜਾਪਾਨ ਨਾਲ ਵੱਖ-ਵੱਖ ਕਾਰੋਬਾਰੀ ਮੁੱਦਿਆਂ ‘ਤੇ ਚਰਚਾ ਕਰਨ ਪੁੱਜੇ ਟਰੰਪ ਦੇ ਇਸ ਹਲਕੇ-ਫੁਲਕੇ ਰਵੱਈਏ ਨੇ ਲੋਕਾਂ ਨੂੰ ਕਾਫੀ ਲੁਭਾਇਆ ਹੈ। ਟਰੰਪ ਜਾਪਾਨ ਨਾਲ ਅਮਰੀਕਾ ਦੇ ਵੱਡੇ ਵਪਾਰ ਘਾਟੇ ਤੋਂ ਨਾਖ਼ੁਸ਼ ਹਨ। ਗੱਲਬਾਤ ਨਾਲ ਹੱਲ ਨਾ ਨਿਕਲਣ ਦੀ ਸਥਿਤੀ ਵਿਚ ਟਰੰਪ ਬਰਾਮਦ ‘ਤੇ ਵੱਡਾ ਟੈਕਸ ਲਗਾਉਣ ਦੀ ਧਮਕੀ ਵੀ ਦੇ ਚੁੱਕੇ ਹਨ। ਕਾਰੋਬਾਰੀ ਮੋਰਚੇ ‘ਤੇ ਇਸ ਤਣਾਅ ਵਿਚਾਲੇ ਐਤਵਾਰ ਨੂੰ ਦੋਵਾਂ ਨੇਤਾਵਾਂ ਦੀ ਸਹਿਜਤਾ ਦੇਖਦੇ ਹੀ ਬਣ ਰਹੀ ਸੀ। ਇਕੱਠੇ ਗੋਲਫ ਖੇਡਣ ਤੋਂ ਬਾਅਦ ਦੋਵਾਂ ਨੇਤਾਵਾਂ ਨੇ ਸੂਮੋ ਪਹਿਲਵਾਨਾਂ ਦੇ ਇਕ ਟੂਰਨਾਮੈਂਟ ਦਾ ਫਾਈਨਲ ਵੀ ਦੇਖਿਆ। ਟਰੰਪ ਦੇ ਪਹੁੰਚਦੇ ਹੀ ਉਥੇ ਹਾਜ਼ਰ ਲੋਕਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਟਰੰਪ ਨੇ ਹੱਥ ਹਿਲਾ ਕੇ ਸਾਰਿਆਂ ਦਾ ਪਿਆਰ ਕਬੂਲ ਕੀਤਾ। ਇਸ ਤੋਂ ਬਾਅਦ ਟਰੰਪ ਨੇ ਆਪਣੇ ਹੱਥੋਂ ਟੂਰਨਾਮੈਂਟ ਦੇ ਜੇਤੂ ਪਹਿਲਵਾਨ ਅਸਾਨੋਯਾਮਾ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ। ਟਰੰਪ ਦੀ ਹਾਜ਼ਰੀ ਨਾਲ ਉਤਸ਼ਾਹਿਤ ਲੋਕ ਆਪਣੇ ਫੋਨਾਂ ਵਿਚ ਉਨ੍ਹਾਂ ਦੀ ਤਸਵੀਰ ਵੀ ਲੈ ਰਹੇ ਸਨ।

LEAVE A REPLY