ਜਾਇਦਾਦ ਲਈ ਪਿਓ ਦਾ ਕਤਲ, ਲਾਸ਼ ਟਿਕਾਣੇ ਲਾਉਣ ਲਈ ਕੀਤੇ 50 ਟੁਕੜੇ

0
165

ਨਵੀਂ ਦਿੱਲੀTLT/ ਦੇਸ਼ ਦੀ ਰਾਜਧਾਨੀ ਦਿੱਲੀ ‘ਚ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਪੂਰਬੀ ਦਿੱਲੀ ਦੇ ਸ਼ਾਹਦਰਾ ਇਲਾਕੇ ‘ਚ ਇਕ ਬੇਟੇ ਨੇ ਜਾਇਦਾਦ ਖ਼ਾਤਰ ਆਪਣੇ ਪਿਤਾ ਦੀ ਹੱਤਿਆ ਕਰ ਦਿੱਤੀ ਤੇ ਉਸ ਤੋਂ ਬਾਅਦ ਲਾਸ਼ ਦੇ 50 ਟੋਟੇ ਕਰ ਦਿੱਤੇ। ਉਹ ਲਾਸ਼ ਦੇ ਟੁਕੜਿਆਂ ਨੂੰ ਚਾਰ ਵੱਖ-ਵੱਖ ਬੈਗਾਂ ‘ਚ ਭਰ ਕੇ ਲਿਜਾ ਰਿਹਾ ਸੀ ਪਰ ਘਰ ਦੇ ਬਾਹਰ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਮਾਮਲੇ ਦਾ ਖ਼ੁਲਾਸਾ ਹੋਣ ‘ਤੇ ਪੁਲਿਸ ਪ੍ਰਸ਼ਾਸਨ ਦੇ ਨਾਲ ਸਥਾਨਕ ਲੋਕਾਂ ‘ਚ ਵੀ ਜ਼ੋਰਦਾਰ ਹੰਗਾਮਾ ਮਚਿਆ ਹੋਇਆ ਹੈ।

ਸ਼ਾਹਦਰਾ ਜ਼ਿਲ੍ਹੇ ਦੇ ਫਰਸ਼ ਬਾਜ਼ਾਰ ਇਲਾਕੇ ‘ਚ ਇਹ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਬੇਟੇ ਅਮਨ ਨੇ ਆਪਣੇ ਇਕ ਸਾਥੀ ਨਾਲ ਮਿਲ ਕੇ ਜਾਇਦਾਦ ਹਾਸਿਲ ਕਰਨ ਲਈ ਪਿਤਾ ਸੰਦੇਸ਼ ਅਗਰਵਾਲ ਦੇ ਸਰੀਰ ਦੇ ਟੋਟੇ-ਟੋਟੇ ਕਰ ਦਿੱਤੇ। ਫਿਰ ਸਰੀਰ ਦੇ ਟੁਕੜੇ ਬੈਗ ‘ਚ ਭਰ ਕੇ ਟਿਕਾਣੇ ਲਗਾਉਣ ਜਾ ਰਿਹਾ ਸੀ ਕਿ ਪੁਲਿਸ ਨੇ ਮੌਕੇ ‘ਤੇ ਹੀ ਦਬੋਚ ਲਿਆ। ਗ੍ਰਿਫ਼ਤਾਰ ਦੋਸ਼ੀ ਦੀ ਪਛਾਣ ਅਮਨ ਅਗਰਵਾਲ ਵਜੋਂ ਹੋਈ ਹੈ। ਪੁਲਿਸ ਨੇ ਮ੍ਰਿਤਕ ਸੰਦੇਸ਼ ਅਗਵਾਲ ਦੀ ਲਾਸ਼ ਦੇ ਟੁਕੜਿਆਂ ਨੂੰ ਜਮ੍ਹਾਂ ਕਰ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਅਮਨ ਦੇ ਪਿਤਾ ਦੀ ਲਾਸ਼ ਦੇ 50 ਟੋਟੇ ਕੀਤੇ ਗਏ ਤਾਂ ਜੋ ਉਨ੍ਹਾਂ ਨੂੰ ਟਿਕਾਣੇ ਲਗਾਇਆ ਜਾ ਸਕੇ।

ਇਸ ਪੂਰੇ ਹੱਤਿਆਕਾਂਡ ਨੂੰ ਅੰਜਾਮ ਬੇਹੱਦ ਸੋਚੀ-ਸਮਝੀ ਸਾਜ਼ਿਸ਼ ਤਹਿਤ ਦਿੱਤਾ ਗਿਆ ਹੈ। ਮ੍ਰਿਤਕ ਦੇ ਬਾਕੀ ਪਰਿਵਾਰਕ ਮੈਂਬਰਾਂ ਦੀ ਮੰਨੀਏ ਤਾਂ ਘਟਨਾ ਤੋਂ ਪਹਿਲਾਂ ਪਤਨੀ, ਛੋਟਾ ਬੇਟਾ ਅਤੇ ਬੇਟੀ ਘੁੰਮਣ ਬਹਾਨੇ ਬਾਹਰ ਚਲੇ ਜਾਂਦੇ ਹਨ, ਤਾਂ ਜੋ ਵੱਡਾ ਬੇਟਾ ਇਸ ਘਟਨਾਕ੍ਰਮ ਨੂੰ ਅੰਜਾਮ ਦੇ ਸਕੇ।

ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਮੰਨਣਾ ਹੈ ਕਿ ਇਸ ਹੱਤਿਆ ਨੂੰ ਸੋਮਵਾਰ ਰਾਤ ਹੀ ਅੰਜਾਮ ਦੇ ਦਿੱਤਾ ਗਿਆ ਹੈ, ਕਿਉਂਕਿ ਮੰਗਲਵਾਰ ਸਵੇਰੇ ਲੱਭਣ ‘ਤੇ ਵੀ ਉਹ ਨਜ਼ਰ ਨਹੀਂ ਆਏ। ਆਸਪਾਸ ਸਭ ਜਗ੍ਹਾ ਪਤਾ ਕਰਨ ‘ਤੇ ਵੀ ਉਨ੍ਹਾਂ ਦਾ ਕੋਈ ਪਤਾ ਨਹੀਂ ਲੱਗਾ ਅਤੇ ਬੇਟੇ ਦੀਆਂ ਸ਼ੱਕੀ ਗਤੀਵਿਧੀਆਂ ਕਾਰਨ ਉਨ੍ਹਾਂ ਨੂੰ ਅਮਨ ‘ਤੇ ਸ਼ੱਕ ਹੋਇਆ।ਮੰਗਲਵਾਰ ਰਾਤ ਜਦੋਂ ਅਮਨ ਨੇ ਆਪਣੇ ਦੋਸਤ ਨੂੰ ਗੱਡੀ ਲੈ ਕੇ ਸੱਦਿਆ ਅਤੇ ਲਾਸ਼ ਦੇ ਟੁਕੜਿਆਂ ਨਾਲ ਭਰਿਆ ਬੈਗ ਰੱਖਣ ਲੱਗੇ ਤਾਂ ਪਰਿਵਾਰਕ ਮੈਂਬਰਾਂ ਨੇ ਰੰਗੇ-ਹੱਥੀਂ ਹੀ ਉਸ ਨੂੰ ਫੜ ਲਿਆ ਅਤੇ ਤੁਰੰਤ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ। ਇਸ ਤੋਂ ਬਾਅਦ ਪੁਲਿਸ ਨੇ ਅਮਨ ਅਤੇ ਉਸ ਦੇ ਦੋਸਤ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਗੱਡੀ ਕਬਜ਼ੇ ‘ਚ ਲੈ ਲਈ।

LEAVE A REPLY