ਗਰਮੀਆਂ ‘ਚ ਪੀਓ ਵੱਧ ਪਾਣੀ

0
289

ਪੰਜਾਬ ‘ਚ ਇਨ੍ਹੀਂ ਦਿਨੀਂ ਗਰਮੀ ਕਾਫ਼ੀ ਵੱਧ ਗਈ ਹੈ ਤੇ ਇਨ੍ਹਾਂ ਮਹੀਨਿਆਂ ਦੌਰਾਨ ਲੂ ਵੀ ਵਗਣ ਲਗਦੀ ਹੈ। ਸਖ਼ਤ ਗਰਮੀਂ ਵਿਚ ਜ਼ਿਆਦਾ ਮਿਹਨਤ ਕਰਨ ਨਾਲ ਜਾਂ ਸਾਡੀ ਥੋੜ੍ਹੀ ਜਿਹੀ ਲਾਪਰਵਾਹੀ ਨਾਲ ਹੀਟ ਰਿਲੇਟਿਡ ਇਲਨੈੱਸ ਭਾਵ ਗਰਮੀ ਦੀ ਥਕਾਵਟ ਜਾਂ ਲੂ ਦਾ ਸ਼ਿਕਾਰ (ਹੀਟ ਸਟਰੋਕ) ਹੋਣ ਦੀਆਂ ਘਟਨਾਵਾਂ ਅਕਸਰ ਵਾਪਰਦੀਆਂ ਹਨ। ਅਜਿਹੇ ਗੰਭੀਰ ਹਾਲਤ ਦੌਰਾਨ ਜੇ ਪੀੜਤ ਨੂੰ ਸਹੀ ਸਮੇਂ ‘ਤੇ ਫਸਟ ਏਡ ਜਾਂ ਡਾਕਟਰੀ ਸਹਾਇਤਾ ਨਾ ਮਿਲੇ ਤਾਂ ਗਰਮੀ ਜਾਂ ਲੂ ਦਾ ਪ੍ਰਭਾਵ ਜਾਨਲੇਵਾ ਹੋ ਸਕਦਾ ਹੈ।

ਇਨਸਾਨੀ ਸਰੀਰ ਉਪਰ ਜਦ ਗਰਮੀ ਦਾ ਪ੍ਰਭਾਵ ਪੈਂਦਾ ਹੈ ਤਾਂ ਵੱਖ-ਵੱਖ ਪ੍ਰਤੀਕਿਰਿਆਵਾਂ ਹੁੰਦੀਆਂ ਹਨ। ਸਰੀਰਕ ਤਾਪਮਾਨ ਵਧਣ ਕਰਕੇ ਵਿਅਕਤੀ ਵਿਚ ਤਿੰਨ ਕਿਸਮਾਂ ਦੇ ਮੁੱਖ ਰੋਗ ਪੈਦਾ ਹੋ ਸਕਦੇ ਹਨ-ਗਰਮੀ ਦੀ ਥਕਾਵਟ (ਨਿਢਾਲ ਤੇ ਬੇਹੋਸ਼ ਹੋਣਾ), ਹੀਟ ਕਰੈਂਪਸ (ਪੱਠਿਆਂ ‘ਚ ਕੁੜੱਲ ਪੈਣਾ) ਤੇ ਸਰੀਰ ਦਾ ਤਾਪਮਾਨ ਬਹੁਤ ਜ਼ਿਆਦਾ ਵਧ ਜਾਣਾ, ਜਿਸ ਨੂੰ ‘ਹੀਟ ਸਟਰੋਕ’ ਵੀ ਕਿਹਾ ਜਾਂਦਾ ਹੈ ਅਤੇ ਇਹ ਸਭ ਤੋਂ ਘਾਤਕ ਅਤੇ ਪੀੜਤ ਅੰਦਰ ਸੰਕਟਕਾਲੀਨ ਚਿੰਤਾਜਨਕ ਅਵਸਥਾ ਬਣਾ ਦਿੰਦਾ ਹੈ।

ਅਲਾਮਤਾਂ

ਗਰਮੀ ਤੋਂ ਬਚਣ ਲÂਂੀ ਜੇ ਅਸੀਂ ਥੋੜ੍ਹੀ ਜਿਹੀ ਸਾਵਧਾਨੀ ਵਰਤੀਏ ਤਾਂ ਕਾਫ਼ੀ ਹੱਦ ਤਕ ਲੂ ਦੇ ਪ੍ਰਕੋਪ ਤੋਂ ਬਚਿਆ ਜਾ ਸਕਦਾ ਹੈ। ਗਰਮੀ ਵਿਚ ਦਬੇ ਘੁੱਟੇ ਵਾਤਾਵਰਨ ‘ਚ ਲਗਾਤਾਰ ਸਰੀਰਕ ਕੰਮ ਕਰਦੇ ਰਹਿਣ ਨਾਲ ਗਰਮੀ ਨਾਲ ਹੰਭ ਕੇ ਜ਼ਿਆਦਾ ਥਕੇਵਾਂ ਹੋ ਸਕਦਾ ਹੈ। ਜ਼ਿਆਦਾ ਪਸੀਨਾ ਆਉਣ ਕਾਰਨ ਸਰੀਰ ‘ਚ ਨਮਕ, ਪਾਣੀ ਅਤੇ ਤੇਜ਼ਾਬ ਦੀ ਘਾਟ ਹੋ ਜਾਂਦੀ ਹੈ। ਵਿਅਕਤੀ ਬਹੁਤ ਥੱਕਿਆ-ਥੱਕਿਆ ਮਹਿਸੂਸ ਕਰਦਾ ਹੈ। ਪਿਆਸ ਲੱਗਣਾ, ਸਿਰਦਰਦ, ਬੇਚੈਨੀ, ਚਿੜਚਿੜਾਪਣ ਆਮ ਅਲਾਮਤਾਂ ਹਨ। ਰੋਗੀ ਦਾ ਸਰੀਰ ਠੰਢਾ, ਪੀਲਾ ਅਤੇ ਚਿਪਚਿਪਾ ਹੋ ਜਾਂਦਾ ਹੈ। ਕੁਝ ਲੋਕਾਂ ਥਕਾਵਟ ਨਾਲ ਬੇਹੋਸ਼ ਵੀ ਹੋ ਜਾਂਦੇ ਹਨ। ਇਸ ਹਾਲਤ ਨੂੰ ਹੀਟ ਐਗਜ਼ਰਸ਼ਨ ਭਾਵ ਗਰਮੀ ਦੀ ਥਕਾਵਟ ਕਿਹਾ ਜਾਂਦਾ ਹੈ।

ਕੁਦਰਤੀ ਤੌਰ ‘ਤੇ ਮਨੁੱਖੀ ਸਰੀਰ ਦਾ ਸਾਧਾਰਨ ਤਾਪਮਾਨ 37 ਡਿਗਰੀ ਸੈਂਟੀਗ੍ਰੇਡ ਜਾਂ 98.4 ਡਿਗਰੀ ਫਰਨਹੀਟ ‘ਰਹਿੰਦਾ ਹੈ। ਹੀਟ ਸਟਰੋਕ ਦੀ ਹਾਲਤ ਵਿਚ ਵਿਅਕਤੀ ਦਾ ਸਰੀਰਕ ਤਾਪਮਾਨ ਵਧ ਕੇ 41 ਡਿਗਰੀ ਸੈਂਟੀਗ੍ਰੇਡ ਜਾਂ ਇਕਦਮ 106 ਡਿਗਰੀ ਫਾਰਨਹੀਟ ਤੱਕ ਹੋ ਸਕਦਾ ਹੈ। ਪਸੀਨਾ ਆਉਣਾ ਬੰਦ ਹੋ ਜਾਂਦਾ ਹੈ। ਸਿਰਦਰਦ, ਚੱਕਰ ਆਉਣੇ, ਗਸ਼ੀ ਪੈਣੀ, ਸਾਹ ਕਿਰਿਆ ਡੂੰਘੀ, ਪੀੜਤ ਦੀ ਚਮੜੀ ਖ਼ੁਸ਼ਕ ਅਤੇ ਗਰਮ ਹੁੰਦੀ ਹੈ, ਬੋਲਣ ਅਤੇ ਤੁਰਨ ਤੋਂ ਅਸਮਰਥ ਹੋ ਸਕਦਾ ਹੈ, ਚਿਹਰੇ ਦਾ ਰੰਗ ਲਾਲ ਹੋ ਜਾਂਦਾ ਹੈ, ਨਬਜ਼ ਅਤੇ ਸਾਹ ਬਹੁਤ ਤੇਜ਼ ਚੱਲਣ ਲੱਗਦੇ ਹਨ। ਜੇ ਵੇਲੇ ਸਿਰ ਇਲਾਜ ਨਾ ਹੋ ਸਕੇ ਤਾਂ ਵਿਅਕਤੀ ਬੇਹੋਸ਼ੀ ‘ਚ ਜਾ ਸਕਦਾ ਹੈ ਜਾਂ ਬਰੇਨ ਹੈਮਰੇਜ਼ ਵਰਗੀ ਸਥਿਤੀ ਉਪਰੰਤ ਮੌਤ ਵੀ ਹੋ ਸਕਦੀ ਹੈ। ਹੀਟ ਸਟਰੋਕ ਬਹੁਤੀ ਗਰਮੀ ‘ਚ ਧੁੱਪੇ ਫਿਰਨ ਜਾਂ ਜ਼ਿਆਦਾ ਸਰੀਰਕ ਕੰਮ ਕਰਨ, ਬੁਢਾਪਾ, ਸ਼ਰਾਬੀ ਹਾਲਤ, ਦਿਲ ਤੇ ਫੇਫੜਿਆਂ ਦੇ ਰੋਗੀਆਂ ‘ਚ ਜ਼ਿਆਦਾ ਹੁੰਦਾ ਹੈ।

ਗਰਮ ਵਾਤਾਵਰਨ ‘ਚ ਭਾਰੀ ਕਸਰਤ ਜਾਂ ਸਰੀਰਕ ਕੰਮ ਕਰਨ ਨਾਲ ਪਸੀਨੇ ਰਾਹੀਂ ਬਹੁਤੀ ਮਾਤਰਾ ਵਿਚ ਲੂਣ ਖਾਰਜ ਹੋਣ ਕਰਕੇ ਪੱਠਿਆਂ ਅਤੇ ਖ਼ਾਸਕਰ ਲੱਤਾਂ ਤੇ ਪੇਟ ਦੇ ਪੱਠਿਆਂ ‘ਚ ਦੁੱਖਦਾਈ ਕੁੜੱਲ ਪੈਣ ਲਗਦੇ ਹਨ। ਗਰਮੀ ਤੋਂ ਪੈਦਾ ਹੋਏ ਇਨ੍ਹਾਂ ਕੁੜੱਲਾਂ ਨੂੰ ਉਦੋਂ ਆਰਾਮ ਆਉਂਦਾ ਹੈ, ਜਦੋਂ ਸਰੀਰ ਵਿਚੋਂ ਨਿਕਲ ਚੁੱਕੇ ਲੂਣ ਦੀ ਘਾਟ ਪੂਰਾ ਹੋ ਜਾਵੇ।

ਲੂ ਲੱਗਣ ‘ਤੇ ਫਸਟ ਏਡ

ਲੂ ਲੱਗਣ ਦੀ ਹਾਲਤ ‘ਚ ਮਰੀਜ਼ ਨੂੰ ਤੁਰੰਤ ਫਸਟ ਏਡ ਤੇ ਡਾਕਟਰੀ ਸਹਾਇਤਾ ਮਿਲਣੀ ਜ਼ਰੂਰੀ ਹੈ, ਨਹੀਂ ਤਾਂ ਹਾਲਤ ਗੰਭੀਰ ਹੋ ਸਕਦੀ ਹੈ। ਤੁਰੰਤ ਜੋਸ਼ ਭਰਪੂਰ ਅਸਰਦਾਰ ਉਪਰਾਲੇ ਕਰ ਕੇ ਰੋਗੀ ਦੀ ਜਾਨ ਬਚਾਈ ਜਾ ਸਕਦੀ ਹੈ। ਇਸ ਦੌਰਾਨ ਪੀੜਤ ਨੂੰ ਠੰਢੇ ਵਾਤਾਵਰਨ ‘ਚ ਲੈ ਜਾਓ ਅਤੇ ਲਿਟਾਓ। ਧਿਆਨ ਰੱਖੋ ਕਿ ਸਿਰ ਵਾਲਾ ਪਾਸਾ ਸਰੀਰ ਨਾਲੋਂ ਉੱਚਾ ਰਹੇ। ਜੇ ਪੀੜਤ ਉਲਟੀਆਂ ਨਹੀਂ ਕਰ ਰਿਹਾ ਤਾਂ ਉਸ ਨੂੰ ਪਿੱਠ-ਪਰਨੇ ਲਿਟਾ ਦਿਓ। ਜੇ ਉਲਟੀਆਂ ਜਾਂ ਦੌਰੇ ਦੀ ਸਥਿਤੀ ਹੈ ਤਾਂ ਉਸ ਨੂੰ ਵੱਖੀ-ਪਰਨੇ ਭਾਵ ਰਿਕਵਰੀ ਪੁਜ਼ੀਸ਼ਨ ‘ਚ ਲਿਟਾਓ। ਰੋਗੀ ਦੇ ਤੰਗ ਕੱਪੜੇ ਢਿੱਲੇ ਕਰ ਦਿਓ ਜਾਂ ਉਤਾਰ ਦਿਓ। ਸਿਰ ਅਤੇ ਮੱਥੇ ‘ਤੇ ਠੰਢੇ ਪਾਣੀ ਦੀਆਂ ਪੱਟੀਆਂ ਰੱਖੋ। ਕਮਰੇ ‘ਚ ਪੱਖਾ ਅਤੇ ਕੂਲਰ ਚਲਾ ਦਿਓ ਤਾਂ ਕਿ ਵਧਦੇ ਤਾਪਮਾਨ ਨੂੰ ਕੰਟਰੋਲ ਕੀਤਾ ਜਾ ਸਕੇ। ਸਰੀਰ Àੁੱਪਰ ਗਿੱਲਾ ਪਤਲਾ ਕੱਪੜਾ ਵੀ ਦਿੱਤਾ ਜਾ ਸਕਦਾ ਹੈ। ਧਿਆਨ ਰੱਖੋ ਕਿ ਪੀੜਤ ਨੂੰ ਬਹੁਤੀ ਠੰਢ ਨਾ ਲੱਗੇ। ਸਰੀਰ ਦੇ ਤਾਪਮਾਨ ਦੀ ਹਰ ਦਸ ਮਿੰਟ ਬਾਅਦ ਜਾਂਚ ਕਰੋ ਅਤੇ ਜਦੋਂ ਤਾਪਮਾਨ 38 ਡਿਗਰੀ ਸੈਂਟੀਗ੍ਰੇਡ ਜਾਂ 101 ਡਿਗਰੀ ਫਾਰਨਹੀਟ ਤਕ ਪੁੱਜ ਜਾਵੇ ਤਾਂ ਇਹ ਤਰੀਕਾ ਬੰਦ ਕਰ ਦਿਓ। ਪੀੜਤ ਨੂੰ ਠੰਢੇ ਪਾਣੀ ‘ਚ ਨਮਕ, ਚੀਨੀ ਅਤੇ ਨਿੰਬੂ ਪਾ ਕੇ ਸ਼ਿਕੰਜਵੀ ਦਿਓ। ਜੂਸ, ਲੱਸੀ ਵਗ਼ੈਰਾ ਵੀ ਦਿੱਤੀ ਜਾ ਸਕਦੀ ਹੈ। ਬੇਹੋਸ਼ੀ ਦੀ ਹਾਲਤ ਵਿਚ ਮੂੰਹ ਜ਼ਰੀਏ ਕੋਈ ਵੀ ਤਰਲ ਪਦਾਰਥ ਪੀਣ ਲਈ ਨਾ ਦਿਓ। ਇਸ ਤਰ੍ਹਾਂ ਕਰਨ ਨਾਲ ਪਾਣੀ ਸਾਹ ਵਾਲੀ ਨਾਲੀ ‘ਚ ਜਾ ਕੇ ਸਾਹ ਦੀ ਰੁਕਾਵਟ ਪੈਦਾ ਕਰ ਸਕਦਾ ਹੈ। ਤੁਰੰਤ ਡਾਕਟਰੀ ਸਹਾਇਤਾ ਪ੍ਰਾਪਤ ਕਰੋ, ਕਿਉਂਕਿ ਇਹ ਇਕ ਗੰਭੀਰ ਮੈਡੀਕਲ ਸੰਕਟਕਾਲੀਨ ਸਥਿਤੀ ਹੈ।

ਗਰਮੀ ਦੀ ਥਕਾਵਟ ਲਈ ਫਸਟ ਏਡ

ਗਰਮੀ ਦੀ ਥਕਾਵਟ ਨਾਲ ਹੋਈ ਬੇਹੋਸ਼ੀ ਵਾਲੇ ਪੀੜਤਾਂ ਨੂੰ ਕਿਸੇ ਠੰਢੀ, ਹਵਾਦਾਰ ਤੇ ਛਾਂਦਾਰ ਜਗ੍ਹਾ ‘ਤੇ ਇਸ ਤਰ੍ਹਾਂ ਲਿਟਾਉਣਾ ਚਾਹੀਦਾ ਹੈ ਕਿ ਉਸ ਦੇ ਪੈਰ ਬਾਕੀ ਸਰੀਰ ਨਾਲੋਂ ਉੱਚੇ ਹੋਣ। ਤੰਗ ਕੱਪੜੇ ਢਿੱਲੇ ਕਰੋ ਤੇ ਪਸੀਨਾ ਪੂੰਝ ਦਿਓ। ਬੇਹੋਸ਼ੀ ਦੀ ਹਾਲਤ ‘ਚ ਮੂੰਹ ਰਾਹੀਂ ਕੋਈ ਵੀ ਤਰਲ ਪਦਾਰਥ ਨਾ ਦਿਓ। ਹੋਸ਼ ‘ਚ ਆਉਣ ਤੇ ਸ਼ਿਕੰਜਵੀ, ਜੂਸ ਜਾਂ ਲੱਸੀ ਆਦਿ ਦਿੱਤੀ ਜਾ ਸਕਦੀ ਹੈ।

ਸਾਵਧਾਨੀਆਂ

ਕੜਾਕੇ ਦੀ ਧੁੱਪ ‘ਚ ਜਿੱਥੋਂ ਤਕ ਸੰਭਵ ਹੋਵੇ ਘਰੋਂ ਬਾਹਰ ਨਾ ਜਾਵੋ। ਨਿਰਜਲੀਕਰਨ (ਡੀਹਾਈਡ੍ਰੇਸ਼ਨ) ਤੋਂ ਬਚਣ ਲਈ ਤੇਜ਼ ਧੁੱਪ ‘ਚ ਬਾਹਰ ਨਾ ਨਿਕਲੋ। ਲੂ ਤੋਂ ਬਚਣ ਲਈ ਸਰੀਰ ‘ਚ ਪਾਣੀ ਨਾ ਘਟਣ ਦਿਓ, ਕਿਉਂਕਿ ਪਸੀਨੇ ਰਾਹੀਂ ਕਾਫ਼ੀ ਮਾਤਰਾ ‘ਚ ਪਾਣੀ ਤੇ ਨਮਕ ਬਾਹਰ ਨਿਕਲ ਜਾਂਦੇ ਹਨ। ਹਰ 20 ਮਿੰਟ ਪਿੱਛੋਂ ਇਕ ਗਲਾਸ ਪਾਣੀ ਪੀਓ। ਗਰਮੀਆਂ ਵਿਚ ਚਾਹ, ਕੌਫ਼ੀ ਦੀ ਵਰਤੋਂ ਘੱਟ ਜਾਂ ਬੰਦ ਕਰ ਦੇਵੋ। ਇਨ੍ਹੀਂ ਦਿਨੀਂ ਸਾਫ਼ ਪਾਣੀ ਤੇ ਹੋਰ ਤਰਲ ਪਦਾਰਥਾਂ ਦੀ ਵਰਤੋ ਵਧੇਰੇ ਕਰੋ।

ਧੁੱਪ ‘ਚ ਬਾਹਰ ਜਾਣ ਵੇਲੇ ਚੰਗੀ ਕਿਸਮ ਦੀਆਂ ਐਨਕਾਂ ਦੀ ਵਰਤੋਂ ਕਰੋ। ਸਿਰ ਉੱਪਰ ਗਿੱਲਾ ਤੌਲੀਆ ਰੱਖੋ। ਚਮੜੀ ‘ਤੇ ਸਨਸਕਰੀਨ ਕਰੀਮ ਦੀ ਵਰਤੋਂ ਚਮੜੀ ਨੂੰ ਝੁਲਸਣ ਤੋਂ ਬਚਾਉਂਦੀ ਹੈ। ਸਨ ਬਰਨਜ਼ ਤੋਂ ਬਚਣ ਲਈ ਸਰੀਰ ਦੇ ਜ਼ਿਆਦਾਤਰ ਹਿੱਸੇ ਨੂੰ ਢਕ ਕੇ ਰੱਖੋ। ਲੂ ਤੋਂ ਬਚਾਅ ਲਈ ਹਮੇਸ਼ਾ ਮੌਸਮ ਦੀ ਤਬਦੀਲੀ ਅਨੁਸਾਰ ਆਪਣੇ ਖਾਣ-ਪੀਣ ‘ਚ ਤਬਦੀਲੀ ਕਰੋ। ਭੋਜਨ ਵਿਚ ਜਲਦੀ ਪਚਣ ਵਾਲੇ ਠੰਢੇ ਤਰਲ, ਦਹੀਂ, ਲੱਸੀ, ਸਲਾਦ ਆਦਿ ਦੀ ਵਰਤੋ ਕਰੋ। ਤੇਜ਼ ਮਸਾਲੇਦਾਰ, ਗਰਮ ਤਾਸੀਰ ਵਾਲੇ ਭੋਜਨ ਨਾ ਖਾਓ, ਬਾਜ਼ਾਰ ਤੋਂ ਜੂਸ, ਕੁਲਫੀਆਂ, ਫਲਾਂ ਦੀ ਚਾਟ, ਕੱਟ ਕੇ ਰੱਖੇ ਨੰਗੇ ਫਲ, ਗਲੀਆਂ-ਸੜੀਆਂ ਸਬਜ਼ੀਆਂ ਆਦਿ ਨਾ ਵਰਤੋ, ਬਾਸੀ ਬਰੈੱਡ, ਬਿਸਕੁਟ ਕੇਕ ਆਦਿ ਨਾ ਵਰਤੋ, ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖੋ। ਗਰਮੀਆਂ ਵਿਚ ਸਾਫ਼-ਸੁਥਰੇ, ਹਲਕੇ ਰੰਗ ਦੇ, ਖੁੱਲ੍ਹੇ ਤੇ ਸੂਤੀ ਕੱਪੜੇ ਪਹਿਨਣੇ ਚਾਹੀਦੇ ਹਨ। ਜਿੱਥੋਂ ਤਕ ਸੰਭਵ ਹੋਵੇ, ਸਿਰ ਉੱਪਰ ਸਿੱਧੀ ਧੁੱਪ ਨਹੀਂ ਪੈਣ ਦੇਣੀ ਚਾਹੀਦੀ। ਇਸ ਲਈ ਛਤਰੀ ਆਦਿ ਦਾ ਉਪਯੋਗ ਲਾਹੇਵੰਦ ਹੋਵੇਗਾ। ਸਖ਼ਤ ਸਰੀਰਕ ਮੁਸ਼ੱਕਤ ਵਾਲਾ ਕੰਮ ਦਿਨ ਦੇ ਠੰਢੇ ਹਿੱਸੇ ‘ਚ ਕਰੋ।

LEAVE A REPLY