ਰਾਣਾ ਗੁਰਜੀਤ ‘ਤੇ ਲੱਗੇ ਜ਼ਮੀਨ ਹਥਿਆਉਣ ਦੇ ਦੋਸ਼

0
198

ਜਲੰਧਰ (TLT)— ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਉਨ੍ਹਾਂ ਦਾ ਕੁੜਮ ਕੈਨੇਡਾ ਵਾਸੀ ਅੰਮ੍ਰਿਤਪਾਲ ਲੋਕਾਂ ਨਾਲ ਧੱਕੇਸ਼ਾਹੀ ਕਰਕੇ ਜ਼ਮੀਨ ਹਥਿਆਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਕਤ ਦੋਸ਼ ਸੇਂਟ ਸੋਲਜਰ ਦੇ ਮਾਲਕ ਰਾਜਨ ਚੋਪੜਾ, ਨਿਤੀ ਸੋਨੀ ਅਤੇ ਸੁਰਜੀਤ ਅਰੋੜਾ ਨੇ ਪੱਤਰਕਾਰ ਵਾਰਤਾ ਦੌਰਾਨ ਲਗਾਏ। ਉਨ੍ਹਾਂ ਨੇ ਦੱਸਿਆ ਕਿ 2007 ‘ਚ ਅੰਮ੍ਰਿਤਪਾਲ ਅਤੇ ਉਸ ਦੇ ਸਾਲੇ ਪਰਮਜੀਤ ਸਿੰਘ ਨੇ ਪਿੰਡ ਕਾਦੀਆਂ ਵਾਲੀ ਅਤੇ ਧਨਾਲ ‘ਚ 41 ਏਕੜ ਜ਼ਮੀਨ ਦਾ ਜ਼ਿਮੀਦਾਰ ਨਾਲ ਸੌਦਾ ਕਰਕੇ ਬਿਆਨਾ ਕੀਤਾ ਸੀ। ਇਸ ‘ਚ 66 ਫੁੱਟ ਰੋਡ ‘ਤੇ ਜ਼ਮੀਨ ਦਾ 200 ਫੁੱਟ ਫਰੰਟ ਵੀ ਸੀ। ਦੋਵੇਂ ਜੀਜਾ-ਸਾਲਾ ਨੇ ਜ਼ਮੀਨ ਦਾ ਸੌਦਾ ਅੱਗੇ ਸਟਰਲਿੰਗ ਟਾਊਨ ਵਿਲਾ ਦੇ ਨਾਲ ਕਰ ਲਿਆ ਅਤੇ ਸ਼ਹਿਰ ਦੇ 10 ਵੱਡੇ ਲੋਕਾਂ ਨੂੰ ਜ਼ਮੀਨ ਖੁਦ ਰਜਿਸਟਰੀਆਂ ਕਰਵਾ ਕੇ ਦਿੱਤੀਆਂ। ਇਸ ਦੌਰਾਨ ਜੀਜਾ-ਸਾਲਾ ਨੇ ਮਿਲੀਭੁਗਤ ਕਰਕੇ ਪਲਾਟ ਦੇ ਫਰੰਟ ਦੀ ਰਜਿਸਟਰੀ ਆਪਣੀ ਭੈਣ ਯਾਨੀ ਅੰਮ੍ਰਿਤਪਾਲ ਦੀ ਪਤਨੀ ਜਗਦੀਪ ਕੌਰ ਦੇ ਨਾਂ ‘ਤੇ 2011 ‘ਚ ਕਰਵਾ ਦਿੱਤੀ। ਇਸੇ ਪਲਾਟ ਤੋਂ 60 ਫੁੱਟ ਦਾ ਰਸਤਾ ਬਣਿਆ ਹੋਇਆ ਸੀ, ਜੋ ਅੱਗੇ ਫਾਰਮ ਹਾਊਸਾਂ ਨੂੰ ਜਾਂਦਾ ਸੀ। ਹੁਣ ਜੀਜਾ-ਸਾਲਾ ਅਤੇ ਰਾਣਾ ਗੁਰਜੀਤ ਸਿੰਘ ਦੀ ਨੀਅਤ ਬੇਈਮਾਨ ਹੋ ਗਈ ਹੈ ਅਤੇ ਇਸੇ ਕਾਰਨ ਉਨ੍ਹਾਂ ਨੇ ਫਰੰਟ ਦੀ ਸੜਕ ਵਾਲੇ ਪਲਾਟ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ।
ਇਸ ਬਾਰੇ ਮੰਗਲਵਾਰ ਨੂੰ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੂੰ ਸ਼ਿਕਾਇਤ ਦਿੱਤੀ ਗਈ ਸੀ, ਜਿਸ ਦੀ ਜਾਂਚ ਏ. ਸੀ. ਪੀ. ਰਵਿੰਦਰ ਸਿੰਘ ਨੂੰ ਭੇਜੀ ਗਈ ਸੀ। ਪਬਲਿਕ ਨੇ ਸੀ. ਪੀ. ਨੂੰ ਕਿਹਾ ਸੀ ਕਿ ਕ੍ਰਿਪਾ ਸੜਕ ਨਾ ਤੋੜਨ ਦਿੱਤੀ ਜਾਵੇ ਪਰ ਬੁੱਧਵਾਰ ਨੂੰ ਵੀ ਰਾਣਾ ਗੁਰਜੀਤ ਦੀ ਸ਼ਹਿ ‘ਤੇ ਸੜਕ ਤੋੜਨ ਦਾ ਕੰਮ ਜਾਰੀ ਰਿਹਾ। ਲੋਕਾਂ ਨੇ ਵਿਰੋਧ ਕੀਤਾ ਤਾਂ ਅੰਮ੍ਰਿਤਪਾਲ ਨੇ ਗਾਲ੍ਹਾਂ ਕੱਢਦੇ ਕਿਹਾ ਕਿ ਉਸ ਦਾ ਕੁੜਮ ਰਾਣਾ ਗੁਰਜੀਤ ਹੈ ਜੋ ਸਾਰਿਆਂ ਨੂੰ ਠੋਕ ਕੇ ਰੱਖ ਦੇਵੇਗਾ। ਇਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਗਈ ਹੈ ਪਰ ਉਨ੍ਹਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਹੈ। ਮਾਮਲੇ ‘ਚ ਕੈਪਟਨ ਅਮਰਿੰਦਰ ਸਿੰਘ ਜੋ ਕਿ ਨਿਆਪਸੰਦ ਅਤੇ ਜਨਤਾ ਦੇ ਪਿਆਰੇ ਹਨ, ਉੁਨ੍ਹਾਂ ਨੂੰ ਸ਼ਿਕਾਇਤ ਕੀਤੀ ਜਾਵੇਗੀ ਅਤੇ ਕਿਹਾ ਜਾਵੇਗਾ ਕਿ ਰਾਣਾ ਗੁਰਜੀਤ ਦਾ ਅਸਤੀਫਾ ਲਿਆ ਜਾਵੇਗਾ।

LEAVE A REPLY