ਕੈਪਟਨ ਸਰਕਾਰ ਨੇ ਧੋਖੇਬਾਜ਼ ਟਰੈਵਲ ਏਜੰਟਾਂ ਖਿਲਾਫ 2140 ਕੇਸ ਦਰਜ ਕੀਤੇ

0
129

ਜਲੰਧਰ (ਮਲਿਕ)- ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਮਾਰਚ, 2017 ਵਿੱਚ ਸੱਤਾ ‘ਚ ਆਉਣ ਤੋਂ ਬਾਅਦ ਧੋਖਾਧੜੀ ਕਰਨ ਵਾਲੇ ਟਰੈਵਲ ਏਜੰਟਾਂ ਖਿਲਾਫ ਵੱਡੀ ਕਾਰਵਾਈ ਕਰਦਿਆਂ ਵੱਖ-ਵੱਖ ਐਕਟਾਂ ਅਧੀਨ 2140 ਕੇਸ ਦਰਜ ਕੀਤੇ ਹਨ। ਇਹ ਖੁਲਾਸਾ ਅੱਜ ਇੱਥੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਮੁੱਖ ਮੰਤਰੀ ਦੀ ਤਰਫੋਂ ਵਿਧਾਇਕ ਕੰਵਰ ਸੰਧੂ ਵੱਲੋਂ ਲਿਆਂਦੇ ਧਿਆਨ ਦਿਵਾਊ ਮਤੇ ਦੇ ਜਵਾਬ ਵਿੱਚ ਕੀਤਾ। ਇਨ੍ਹਾਂ 2140 ਮਾਮਲਿਆਂ ਵਿੱਚੋਂ ਆਈ.ਪੀ.ਸੀ. ਦੀ ਧਾਰਾ 420 ਤਹਿਤ 1107 ਕੇਸ, ਦਾ ਪੰਜਾਬ ਟਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ ਐਕਟ-2014 ਤਹਿਤ 528 ਅਤੇ ਇਮੀਗ੍ਰੇਸ਼ਨ ਐਕਟ-1983 ਤਹਿਤ 505 ਕੇਸ ਦਰਜ ਕੀਤੇ ਗਏ ਹਨ। ਸ੍ਰੀ ਬ੍ਰਹਮ ਮਹਿੰਦਰਾ ਨੇ ਸਦਨ ਨੂੰ ਦੱਸਿਆ ਕਿ ਹਾਲ ਹੀ ਵਿੱਚ ਕਪੂਰਥਲਾ ਜ਼ਿਲ੍ਹੇ ਦੇ ਚਾਰ ਨੌਜਵਾਨਾਂ ਜਿਨ੍ਹਾਂ ਨੂੰ ਧੋਖਾਧੜੀ ਨਾਲ ਟਰੈਵਲ ਏਜੰਟਾਂ ਦੇ ਇਕ ਗਰੁੱਪ ਨੇ ਆਰਮੀਨੀਆ ਭੇਜ ਦਿੱਤਾ ਸੀ, ਦੇ ਮਾਮਲੇ ਵਿੱਚ ਕਾਰਵਾਈ ਕਰਦਿਆਂ ਪੰਜਾਬ ਮਨੁੱਖੀ ਤਸਕਰੀ ਰੋਕਥਾਮ ਐਕਟ-2012 ਦੇ ਤਹਿਤ ਤਿੰਨ ਟਰੈਵਲ ਏਜੰਟਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਤੇ ਬਾਕੀਆਂ ਨੂੰ ਛੇਤੀ ਹੀ ਫੜ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਏਜੰਟਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਲੁਕ ਆਊਟ ਨੋਟਿਸ ਵੀ ਜਾਰੀ ਕੀਤਾ ਗਿਆ ਹੈ। ਇਹ ਸਾਰੇ ਪੀੜਤ ਨੌਜਵਾਨ ਅਰਮੀਨੀਆ ਤੋਂ 9 ਫਰਵਰੀ ਨੂੰ ਸੁਰੱਖਿਅਤ ਆਪਣੇ ਘਰ ਪਹੁੰਚ ਗਏ ਹਨ। ਪੰਜਾਬ ਮਨੁੱਖੀ ਤਸਕਰੀ ਰੋਕਥਾਮ ਐਕਟ-2012 ਅਤੇ ਦਾ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2014 ਸਰਕਾਰ ਵੱਲੋਂ ਲਿਆਂਦੇ ਗਏ ਹਨ ਜਿਸ ਦੇ ਨਿਯਮ ਸਰਕਾਰ ਵੱਲੋਂ ਤਿਆਰ ਕੀਤੇ ਜਾ ਚੁੱਕੇ ਹਨ। ਮੁੱਖ ਮੰਤਰੀ ਦੇ ਹਦਾਇਤਾਂ ‘ਤੇ ਕਾਰਵਾਈ ਕਰਦਿਆਂ ਸੂਬਾ ਸਰਕਾਰ ਨੇ ਸਾਰੇ ਸੀਨੀਅਰ ਅਤੇ ਸਿਵਲ ਪੁਲਿਸ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਕੇ ਅਜਿਹੇ ਟਰੈਵਲ ਏਜੰਟਾਂ ਖਿਲਾਫ ਸਖਤ ਕਾਰਵਾਈ ਕਰਨ ਲਈ ਆਖਿਆ ਗਿਆ ਹੈ । ਸ੍ਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਗੈਰ-ਕਾਨੂੰਨੀ ਤੱਤਾਂ ਤੋਂ ਗੁਮਰਾਹ ਹੋਏ ਲੋੜਵੰਦ ਨੌਜਵਾਨਾਂ ਦੀ ਸਹਾਇਤਾ ਲਈ ਕਾਇਮ ਕੀਤੀ 181 ਹੈਲਪਲਾਈਨ ਦੀ ਵੀ 24 ਘੰਟੇ ਨਿਗਰਾਨੀ ਰੱਖੀ ਜਾਂਦੀ ਹੈ। ਇਸ ਤੋਂ ਇਲਾਵਾ ਸੁਰੱਖਿਅਤ ਅਤੇ ਕਾਨੂੰਨੀ ਪਰਵਾਸ ਲਈ ਜਨਤਕ ਮੀਟਿੰਗਾਂ ਰਾਹੀਂ ਵੱਡੀ ਪੱਧਰ ਪ੍ਰਚਾਰ ਕਰਨ ਵਾਸਤੇ ਪੰਜਾਬ ਪੁਲਿਸ ਦੇ ‘ਸਾਂਝ’ ਪ੍ਰਾਜੈਕਟ ਤਹਿਤ ਵੱਖ-ਵੱਖ ਵਿਦਿਅਕ ਸੈਮੀਨਾਰ ਕਰਵਾਏ ਜਾ ਰਹੇ ਹਨ।

LEAVE A REPLY