ਘਰ ਵਿਚ ਅੱਗ ਲੱਗਣ ਕਾਰਨ ਤਿੰਨ ਭੈਣਾਂ ਦੀ ਮੌਤ

0
104

ਅੰਮ੍ਰਿਤਸਰ (ਟੀ.ਐਲ.ਟੀ. ਨਿਊਜ਼)- ਅੰਮ੍ਰਿਤਸਰ ਦੇ ਗੇਟ ਹਕੀਮਾਂ ਵਾਲਾ ਸਥਿਤ ਗਲੀ ਮੋਚੀਆਂ ਵਾਲੀ ਵਿਖੇ ਇਕ ਘਰ ਵਿਚ ਅੱਗ ਲੱਗਣ ਕਾਰਨ ਤਿੰਨ ਸਕੀਆਂ ਭੈਣਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਵਿਚੋਂ ਅੰਮ੍ਰਿਤਸਰ ਦੀ ਰਹਿਣ ਵਾਲੀ ਮਹਿਲਾ ਦੀ ਸ਼ਨਾਖ਼ਤ ਇੰਦੂ ਵਜੋਂ ਹੋਈ ਹੈ ਅਤੇ ਦਿੱਲੀ ਤੋਂ ਉਸ ਦੀਆਂ ਦੋ ਭੈਣਾਂ ਵੱਡੀ ਭੈਣ ਕੋਲ ਛੁੱਟੀਆਂ ਮਨਾਉਣ ਆਈਆਂ ਹੋਈਆਂ ਸਨ। ਦੋਵਾਂ ਦੀ ਉਮਰ 30 ਤੇ 32 ਸਾਲ ਹੈ ਤੇ ਦੋਵੇਂ ਅਣਵਿਆਹੀਆਂ ਸਨ। ਜਿਸ ਘਰ ਵਿੱਚ ਅੱਗ ਲੱਗੀ ਉਹ ਸ਼ਹਿਰ ਦੇ ਬੇਹੱਦ ਸੰਘਣੀ ਵਸੋਂ ਵਾਲਾ ਇਲਾਕਾ ਹੈ ਅਤੇ ਲੋਕਾਂ ਨੇ ਘਰਾਂ ਦੀਆਂ ਛੱਤਾਂ ਤੋਂ ਪਾਣੀ ਸੁੱਟ ਕੇ ਅੱਗ ‘ਤੇ ਕਾਬੂ ਪਾਇਆ। ਮੌਕੇ ਉਤੇ ਅੱਗ ਬੁਝਾਊ ਅਮਲਾ ਪੁੱਜਾ ਪਰ ਉਦੋਂ ਤੱਕ ਦੇਰ ਹੋ ਚੁੱਕੀ ਸੀ। ਗੁਆਂਢੀਆਂ ਨੇ ਦੱਸਿਆ ਕਿ ਤਿੰਨ ਭੈਣਾਂ ਵਿਚੋਂ ਸਭ ਤੋਂ ਵੱਡੀ ਇੰਦੂ ਵਿਆਹੀ ਸੀ। ਦੋ ਭੈਣਾਂ ਦਿੱਲੀ ਤੋਂ ਮਿਲਣ ਆਈਆਂ ਸਨ। ਜਿਨ੍ਹਾਂ ਦੀ ਪਛਾਣ ਪ੍ਰੀਤੀ ਤੇ ਵੰਦਨਾ ਵਜੋਂ ਹੋਈ ਹੈ। ਇੰਦੂ ਆਪਣੇ ਪਤੀ ਨਾਲ ਪਿਛਲੇ ਕਾਫੀ ਸਾਲਾਂ ਤੋਂ ਇਸ ਘਰ ਵਿਚ ਕਿਰਾਏ ਉਤੇ ਰਹਿ ਰਹੀ ਸੀ। ਜਦੋਂ ਹਾਦਸਾ ਵਾਪਰਿਆ ਇੰਦੂ ਦਾ ਪਤੀ ਤੇ ਬੇਟਾ ਕੰਮ ਉਤੇ ਗਏ ਹੋਏ ਸਨ। ਗੁਆਂਢੀਆਂ ਨੇ ਅੱਗ ਲੱਗੀ ਵੇਖ ਰੌਲਾ ਪਾਇਆ ਤੇ ਪੁਲਿਸ ਨੂੰ ਸੂਚਨਾ ਦਿੱਤੀ। ਬੁਰੀ ਤਰ੍ਹਾਂ ਝੁਲਸੀਆਂ ਤਿੰਨੇ ਭੈਣਾਂ ਨੇ ਮੌਕੇ ਉਤੇ ਹੀ ਦਮ ਤੋੜ ਦਿੱਤਾ। ਨੇੜਲੇ ਲੋਕਾਂ ਨੇ ਦੱਸਿਆ ਕਿ ਤਿੰਨਾਂ ਭੈਣਾਂ ਬਚਣ ਦੀਆਂ ਕਾਫੀ ਕੋਸ਼ਿਸ਼ਾਂ ਕਰਦੀਆਂ ਰਹੀਆਂ ਤੇ ਆਵਾਜ਼ਾਂ ਮਾਰਦੀਆਂ ਰਹੀਆਂ ਪਰ ਅੱਗ ਤੇਜ਼ੀ ਨਾਲ ਫੈਲੀ ਤੇ ਕੋਈ ਮਦਦ ਨਾ ਕਰ ਸਕਿਆ। ਅੰਮ੍ਰਿਤਸਰ ਦੇ ਡੀਸੀਪੀ ਅਮਰੀਕ ਸਿੰਘ ਪਵਾਰ ਨੇ ਕੀਤੀ ਤਿੰਨ ਮੌਤਾਂ ਦੀ ਪੁਸ਼ਟੀ ਕੀਤੀ ਹੈ। ਪੁਲਿਸ ਨੇ ਘਟਨਾ ਸਥਾਨ ਨੂੰ ਸੀਲ ਕਰ ਲਿਆ ਹੈ ਅਤੇ ਅੱਗ ਲੱਗਣ ਦੇ ਕਾਰਨਾਂ ਬਾਰੇ ਪਤਾ ਲਾਇਆ ਜਾ ਰਿਹਾ ਹੈ।

LEAVE A REPLY