ਟਰੱਕ ਅਤੇ ਬੱਸ ਦੀ ਭਿਆਨਕ ਟੱਕਰ ਨਾਲ 26 ਲੋਕਾਂ ਦੀ ਮੌਤ

0
179

ਲਾਹੌਰ (ਟੀ.ਐਲ.ਟੀ. ਨਿਊਜ਼)- ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿਚ ਤੇਲ ਨਾਲ ਭਰੇ ਟਰੱਕ ਅਤੇ ਇਕ ਬੱਸ ਦੀ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ਵਿਚ ਘੱਟੋ-ਘੱਟ 26 ਲੋਕਾਂ ਦੀ ਮੌਤ ਹੋ ਗਈ ਅਤੇ 16 ਹੋਰ ਜ਼ਖਮੀ ਹੋ ਗਏ। ਪੁਲਸ ਨੇ ਮੰਗਲਵਾਰ ਨੂੰ ਦੱਸਿਆ ਕਿ ਹਬ ਨੇੜੇ ਲਸਬੇਲਾ ਜ਼ਿਲੇ ਵਿਚ ਹਾਦਸਾ ਸਾਹਮਣੇ ਦੀ ਆ ਰਹੇ ਟਰੱਕ ਦੇ ਬੱਸ ਨਾਲ ਟਕਰਾਉਣ ਕਾਰਨ ਵਾਪਰਿਆ। ਕਰਾਚੀ ਤੋਂ ਪੰਜਗੁਰ ਜਾ ਰਹੀ ਬੱਸ ਵਿਚ 40 ਲੋਕ ਸਵਾਰ ਸਨ। ਇਕ ਸੀਨੀਅਰ ਅਧਿਕਾਰੀ ਨੇ ਕਿਹਾ,”ਟਰੱਕ ਵਿਚ ਈਰਾਨੀ ਤੇਲ ਹੋਣ ਕਾਰਨ ਹਾਦਸੇ ਦੇ ਬਾਅਦ ਭਿਆਨਕ ਅੱਗ ਲੱਗ ਗਈ।” ਉਨ੍ਹਾਂ ਨੇ ਦੱਸਿਆ,”ਯਾਤਰੀ ਜਾਨ ਬਚਾਉਣ ਲਈ ਬੱਸ ਵਿਚੋਂ ਛਾਲ ਮਾਰਨ ਲੱਗੇ ਪਰ ਕਈ ਲੋਕ ਅੰਦਰ ਹੀ ਫਸ ਗਏ।” ਅਧਿਕਾਰੀ ਨੇ ਦੱਸਿਆ ਕਿ ਹਾਦਸਾ ਸਥਲ ਤੋਂ 26 ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਲਸਬੇਲਾ ਦੇ ਡਿਪਟੀ ਕਮਿਸ਼ਨਰ ਸ਼ਬੀਰ ਮੇਂਗਲ ਨੇ ਕਿਹਾ,”ਸਾਰੇ ਯਾਤਰੀਆਂ ਦੀ ਮੌਤ ਅੱਗ ਦੀ ਚਪੇਟ ਵਿਚ ਆਉਣ ਕਾਰਨ ਹੋਈ।” ਉਨ੍ਹਾਂ ਨੇ ਦੱਸਿਆ ਕਿ ਜ਼ਖਮੀ ਹੋਏ 16 ਲੋਕਾਂ ਵਿਚੋਂ 6 ਦੀ ਹਾਲਤ ਗੰਭੀਰ ਹੈ। ‘ਈਦੀ ਫਾਊਂਡੇਸ਼ਨ’ ਦੇ ਇਕ ਬਚਾਅ ਅਧਿਕਾਰੀ ਨੇ ਦੱਸਿਆ ਕਿ ਸਹੂਲਤਾਂ ਅਤੇ ਐਂਬੂਲੈਂਸਾਂ ਦੀ ਕਮੀ ਕਾਰਨ ਜ਼ਖਮੀਆਂ ਨੂੰ ਕਰਾਚੀ ਲੈ ਜਾਣ ਵਿਚ ਕਾਫੀ ਸਮਾਂ ਲੱਗ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਜ਼ਿਆਦਾਤਰ ਲਾਸ਼ਾਂ ਇੰਨੀ ਬੁਰੀ ਤਰ੍ਹਾਂ ਸੜ ਗਈਆਂ ਹਨ ਕਿ ਉਨ੍ਹਾਂ ਦੀ ਪਛਾਣ ਕਰ ਪਾਉਣਾ ਮੁਸ਼ਕਲ ਹੈ।

LEAVE A REPLY