ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ

0
79

ਮੋਗਾ (ਟੀ.ਐਲ.ਟੀ ਨਿਊਜ਼)- ਵਿਜੀਲੈਂਸ ਬਿਊਰੋ ਮੋਗਾ ਨੇ ਇਕ ਮਾਲ ਪਟਵਾਰੀ ਨੂੰ 4 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸੰਬੰਧੀ ਕਥਿਤ ਦੋਸ਼ੀ ਖਿਲਾਫ ਥਾਣਾ ਵਿਜੀਲੈਂਸ ਬਿਊਰੋ ਫਿਰੋਜ਼ਪੁਰ ਵਿਚ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਦੇ ਡੀ.ਐੱਸ.ਪੀ ਰਛਪਾਲ ਸਿੰਘ ਨੇ ਦੱਸਿਆ ਕਿ ਪਿੰਡ ਘੱਲ ਕਲਾਂ ਨਿਵਾਸੀ ਜਤਿੰਦਰ ਪਾਲ ਸਿੰਘ ਨੇ ਆਪਣੀ ਸਾਢੇ ਚਾਰ ਏਕੜ ਜ਼ਮੀਨ ਤੇ ਆਪਣੇ ਭਰਾ ਸੁਖਵਿੰਦਰ ਸਿੰਘ ਅਤੇ ਮਾਤਾ ਜਸਵਿੰਦਰ ਕੌਰ ਦੇ ਨਾਮ ‘ਤੇ ਕੇਨਰਾ ਬੈਂਕ ਤੋਂ 4-4 ਲੱਖ ਰੁਪਏ ਦੀਆਂ ਤਿੰਨ ਲਿਮਟਾਂ ਬਣਵਾਈਆਂ ਸਨ। ਜ਼ਮੀਨ ਦੀ ਰਜਿਸਟਰੀ ਬੈਂਕ ਦੇ ਨਾਮ ਹੋਣ ‘ਤੇ ਕਿਸਾਨ ਨੇ ਉਕਤ ਰਜਿਸਟਰੀਆਂ ਆਪਣੇ ਪਿੰਡ ਘੱਲ ਕਲਾਂ ਵਿਚ ਤਾਇਨਾਤ ਪਟਵਾਰੀ ਛਿੰਦਰ ਸਿੰਘ ਨਿਵਾਸੀ ਪਿੰਡ ਲੰਡੇ (ਸਮਾਲਸਰ) ਨੂੰ ਇੰਤਕਾਲ ਦਰਜ ਕਰਨ ਅਤੇ ਮਨਜ਼ੂਰ ਕਰਨ ਲਈ ਕਰੀਬ 4-5 ਦਿਨ ਪਹਿਲਾਂ ਦਿੱਤੀ ਸੀ, ਜਿਸ ‘ਤੇ ਉਸਨੇ ਇਸ ਕੰਮ ਲਈ ਕਥਿਤ ਤੌਰ ‘ਤੇ ਪੰਜ ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ, ਜਿਸ ‘ਤੇ ਕਿਸਾਨ ਜਤਿੰਦਰਪਾਲ ਸਿੰਘ ਪੁੱਤਰ ਸੁਖਪਾਲ ਸਿੰਘ ਨੇ ਵਿਜੀਲੈਂਸ ਬਿਊਰੋ ਮੋਗਾ ਤੋਂ ਸੰਪਰਕ ਕੀਤਾ ਅਤੇ ਕਿਹਾ ਕਿ ਮਾਲ ਪਟਵਾਰੀ ਛਿੰਦਰ ਸਿੰਘ ਪੰਜ ਹਜਾਰ ਰੁਪਏ ਰਿਸ਼ਵਤ ਦੀ ਮੰਗ ਕਰ ਰਿਹਾ ਹੈ, ਪਰ ਸਾਡਾ ਸੌਦਾ ਚਾਰ ਹਜ਼ਾਰ ਰੁਪਏ ਵਿਚ ਤੈਅ ਹੋਇਆ ਹੈ। ਡੀ.ਐੱਸ.ਪੀ ਰਛਪਾਲ ਸਿੰਘ ਨੇ ਦੱਸਿਆ ਕਿ ਅੱਜ ਅਸੀਂ ਸਮੇਤ ਪ੍ਰਦੀਪ ਕੁਮਾਰ ਜ਼ਿਲਾ ਸਿੱਖਿਆ ਅਧਿਕਾਰੀ ਸੈਕੰਡਰੀ ਮੋਗਾ ਅਤੇ ਜਸਵੀਰ ਸਿੰਘ ਉਪ ਮੰਡਲ ਅਧਿਕਾਰੀ ਮੰਡੀ ਬੋਰਡ ਮੋਗਾ ਦੇ ਇਲਾਵਾ ਸੁਖਵਿੰਦਰ ਸਿੰਘ ਗਵਾਹ ਨੂੰ ਨਾਲ ਲੈ ਕੇ ਮਾਲ ਪਟਵਾਰੀ ਵਲੋਂ ਬਣਾਏ ਗਏ ਉਸਦੇ ਪ੍ਰਾਈਵੇਟ ਦਫਤਰ ਵਿਚ ਜਾ ਪੁੱਜੇ ਅਤੇ ਜਦੋਂ ਹੀ ਜਤਿੰਦਰਪਾਲ ਸਿੰਘ ਨੇ ਚਾਰ ਹਜ਼ਾਰ ਰੁਪਏ ਰਿਸ਼ਵਤ ਦੇ ਮਾਲ ਪਟਵਾਰੀ ਛਿੰਦਰ ਸਿੰਘ ਨੂੰ ਦਿੱਤੇ ਤਾਂ ਅਸੀਂ ਉਸ ਨੂੰ ਤੁਰੰਤ ਰੰਗੇ ਹੱਥੀਂ ਦਬੋਚ ਲਿਆ ਅਤੇ ਹਿਰਾਸਤ ਵਿਚ ਲੈ ਲਿਆ। ਡੀ. ਐੱਸ. ਪੀ. ਨੇ ਦੱਸਿਆ ਕਿ ਉਕਤ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੁੱਛਗਿੱਛ ਦੇ ਬਾਅਦ ਕਥਿਤ ਦੋਸ਼ੀ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

LEAVE A REPLY