ਪਾਣੀ ਸ਼ੁੱਧ ਕਰਨ ਲਈ ਵਰਤੀ ਜਾਂਦੀ ਕਲੋਰੀਨ ਗੈਸ ਲੀਕ

0
87

ਮਾਛੀਵਾੜਾ ਸਾਹਿਬ (ਟੀ.ਐਲ.ਟੀ. ਨਿਊਜ)- ਮਾਛੀਵਾੜਾ ਸਾਹਿਬ ਵਿਖੇ ਸੀਵਰੇਜ ਦੇ ਗੰਦੇ ਪਾਣੀ ਨੂੰ ਸਾਫ਼ ਕਰਨ ਲਈ ਲੱਗੇ ਟਰੀਟਮੈਂਟ ਪਲਾਂਟ ‘ਚ ਵਰਤੀ ਜਾਂਦੀ ਕਲੋਰੀਨ ਗੈਸ ਦਾ ਸਿਲੰਡਰ ਲੀਕ ਹੋਣ ਨਾਲ ਵੱਡੇ ਹਾਦਸੇ ਤੋਂ ਬਚਾਅ ਹੋ ਗਿਆ ਪਰ ਇਸ ਗੈਸ ਨੇ ਨਾਲ ਲੱਗਦੀਆਂ ਖੇਤਾਂ ਦੀਆਂ ਫ਼ਸਲਾਂ ਅਤੇ ਦਰਖਤਾਂ ਨੂੰ ਜਿੱਥੇ ਪ੍ਰਭਾਵਿਤ ਕੀਤਾ, ਉੱਥੇ ਪਲਾਂਟ ਅੰਦਰ ਕੰਮ ਕਰਦਾ ਕਰਮਚਾਰੀ ਵੀ ਇਸ ਦੀ ਲਪੇਟ ‘ਚ ਆ ਗਿਆ। ਇਸ ਕਾਰਨ ਉਕਤ ਕਰਮਚਾਰੀ ਦੀ ਹਾਲਤ ਵਿਗੜ ਗਈ ਅਤੇ ਉਸ ਨੂੰ ਇੱਕ ਨਿੱਜੀ ਹਸਪਤਾਲ ‘ਚ ਦਾਖ਼ਲ ਕਰਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਸੀਵਰੇਜ ਵਿਭਾਗ ਵਲੋਂ ਸ਼ਹਿਰ ਦੇ ਗੰਦੇ ਪਾਣੀ ਨੂੰ ਸਾਫ਼ ਕਰਨ ਲਈ ਟਰੀਟਮੈਂਟ ਪਲਾਂਟ ਸ਼ਮਸ਼ਾਨ ਘਾਟ ਦੇ ਨੇੜੇ ਲਗਾਇਆ ਹੋਇਆ ਹੈ। ਇਸ ਪਲਾਂਟ ‘ਚ ਕੱਲ੍ਹ ਦੇਰ ਸ਼ਾਮ ਪਾਣੀ ਨੂੰ ਸਾਫ਼ ਕਰਨ ਵਾਲੀ ਕਲੋਰੀਨ ਗੈਸ ਦਾ ਭਰਿਆ ਇੱਕ ਸਿਲੰਡਰ ਲੀਕ ਹੋ ਗਿਆ ਅਤੇ ਗੈਸ ਤੇਜ਼ੀ ਨਾਲ ਆਲੇ-ਦੁਆਲੇ ਫੈਲ ਗਈ ਅਤੇ ਲੋਕਾਂ ਨੂੰ ਸਾਹ ਆਉਣ ‘ਚ ਤਕਲੀਫ਼ ਮਹਿਸੂਸ ਹੋਈ। ਇਸ ਮਗਰੋਂ ਪਲਾਂਟ ‘ਚ ਕੰਮ ਕਰਦੇ ਕਰਮਚਾਰੀ ਨੇ ਇਸ ਨੂੰ ਠੀਕ ਕਰਨ ਦਾ ਯਤਨ ਕੀਤਾ ਪਰ ਉਹ ਵੀ ਇਸ ਦੀ ਲਪੇਟ ਵਿਚ ਆ ਗਿਆ ਅਤੇ ਅੱਧ ਬੇਹੋਸ਼ੀ ਦੀ ਹਾਲਤ ਵਿਚ ਉਸ ਨੂੰ ਹਸਪਤਾਲ ਦਾਖ਼ਲ ਕਰਾਉਣਾ ਪਿਆ। ਹਾਦਸੇ ਬਾਰੇ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਟੀਮ ਵੀ ਮੌਕੇ ‘ਤੇ ਪਹੁੰਚ ਗਈ, ਜਿਸ ਨੇ ਟਰੀਟਮੈਂਟ ਪਲਾਂਟ ਦੇ ਕਰਮਚਾਰੀਆਂ ਦੀ ਸਹਾਇਤਾ ਨਾਲ ਇਸ ਲੀਕ ਹੋ ਰਹੇ ਸਿਲੰਡਰ ਨੂੰ ਪਾਣੀ ‘ਚ ਸੁੱਟਿਆ।

LEAVE A REPLY